
ਆਰਐੱਸਐੱਸ ਦੇ ਵਰਕਰਾਂ ਵੱਲੋਂ ਕ੍ਰਿਸਮਸ ਦੇ ਮੌਕੇ ‘ਤੇ ਕੀਤੀ ਗਈ ਗੁੰਡਾਗਰਦੀ ਬਾਰੇ ਦੁਨੀਆ ਦੇ ਵੱਡੇ ਵੱਡੇ ਅਖਬਾਰਾਂ, ਨਿਊਜ਼ ਪੋਰਟਲਾਂ ਨੇ ਖ਼ਬਰਾਂ ਪ੍ਰਕਾਸ਼ਿਤ ਕੀਤੀਆਂ ਪਰ ਜੇਕਰ ਦੁਨੀਆ ਭਰ ‘ਚ ਕਿਸੇ ਖਬਰ ‘ਤੇ ਚਰਚਾ ਹੋਈ ਉਹ ਹੈ ਨਿਊਯਾਰਕ ਟਾਈਮਜ਼ ਦੀ ਇਸ ਮਾਮਲੇ ‘ਚ ਆਹਲਾ ਦਰਜੇ ਦੀ ਪੱਤਰਕਾਰੀ | ਨਿਊਯਾਰਕ ਟਾਈਮਜ਼ ਨੇ ਨਾ ਸਿਰਫ ਆਰਐੱਸਐੱਸ ਦੀ ਗੁੰਡਾਗਰਦੀ ਬਾਰੇ ਲਿਖਿਆ ਬਲਕਿ ਇਹ ਵੀ ਦੱਸਿਆ ਕਿ ਆਰਐੱਸਐੱਸ ਕਿਵੇਂ ਨਫਰਤ ਦਾ ਬਾਜ਼ਾਰ ਸਿਰਜ ਰਹੀ ਹੈ ਅਤੇ ਇਸਦੇ ਪਿੱਛੇ ਉਸਦਾ ਕਿੰਨਾਂ ਵੱਡਾ ਨੈੱਟਵਰਕ ਹੈ ? ਇਸ ਖ਼ਬਰ ਦੇ ਮੁਤਾਬਿਕ 40 ਮੁਲਕਾਂ ‘ਚ ਇਸ ਵੇਲੇ ਆਰਐੱਸਐੱਸ ਦੀਆਂ 2500 ਤੋਂ ਵੱਧ ਜਥੇਬੰਦੀਆਂ ਨੇ ਜੋ ਵੱਖ ਵੱਖ ਨਾਵਾਂ ਤਹਿਤ ਵਿਚਰ ਰਹੀਆਂ ਨੇ ਅਤੇ RSS ਦਾ ਕੰਮ ਕਰ ਰਹੀਆਂ ਨੇ | ਆਰਐੱਸਐੱਸ ਦੇ 400 ਤੋਂ ਵੱਧ ਡੇਰੇ ਚੱਲ ਰਹੇ ਨੇ ਜਿਥੇ ਸਮਾਜ ਦੇ ਆਰਥਿਕ ਤੌਰ ‘ਤੇ ਤੰਗ ਪਰਿਵਾਰਾਂ ਦੇ ਬੱਚਿਆਂ ਦਾ ਭਗਵਾਂਕਰਨ ਕੀਤਾ ਜਾ ਰਿਹਾ ਹੈ | ਆਰਐੱਸਐੱਸ ਹੋਰਨਾਂ ਧਰਮਾਂ ‘ਚ ਘੁਸਪੈਠ ਕਰ ਰਹੀ ਹੈ ਜਿਸਦੇ ਇਲਜ਼ਾਮ ਸਿੱਖ ਬੜੇ ਚਿਰਾਂ ਤੋਂ ਲਗਾ ਰਹੇ ਨੇ | ਇਹ ਕੱਟੜਪੰਥੀ ਭਾਰਤ ਦਾ ਮੁਹਾਂਦਰਾ ਬਦਲ ਕੇ ਹਿੰਦੂ ਰਾਸ਼ਟਰ ਬਣਾਉਣ ਦੇ ਲਈ ਪੂਰਾ ਜ਼ੋਰ ਲਗਾ ਰਹੇ ਨੇ ਤੇ ਮੋਦੀ ਅਤੇ ਸ਼ਾਹ ਦੀ ਸਰਪ੍ਰਸਤੀ ਹਾਸਲ ਹੋਣ ਕਰਕੇ ਇਹ ਆਪਣੇ ਟੀਚੇ ਵੱਲ ਬੜੀ ਤੇਜ਼ੀ ਦੇ ਨਾਲ ਵੱਧ ਰਹੇ ਨੇ | ਅੱਜ ਬੇਸ਼ੱਕ ਚਰਚਾ ਨਿਊਯਾਰਕ ਟਾਈਮਜ਼ ਤੋਂ ਚੱਲੀ ਹੈ ਪਰ ਸਿੱਖ ਕਈ ਦਹਾਕਿਆਂ ਤੋਂ ਇਸ ਬਾਰੇ ਲੋਕਾਂ ਨੂੰ ਚੇਤੰਨ ਕਰ ਰਹੇ ਨੇ ਅਤੇ ਆਪਣੀ ਵੱਖਰੀ ਕੌਮ ਹੋਣ ਦੀ ਲੜਾਈ ਲੜ ਰਹੇ ਨੇ | ਇਸੇ ਕਰਕੇ ਅੱਜ ਭਾਰਤ ‘ਚ ਹੋਰਾਂ ਘੱਟ ਗਿਣਤੀਆਂ ਦੇ ਮੁਕਾਬਲੇ ਆਰਐੱਸਐੱਸ ਸਿੱਖਾਂ ਨੂੰ ਇੱਕ ਵੱਡਾ ਟੀਚਾ ਮੰਨਦੀ ਹੈ ਅਤੇ ਜਜ਼ਬ ਕਰਕੇ ਆਪਣੇ ਨਾਲ ਵੀ ਰੱਖਣਾ ਚਾਹੁੰਦੀ ਹੈ ਅਤੇ ਸਿੱਖਾਂ ਵਿਰੁੱਧ ਸਾਜਿਸ਼ਾਂ ਨੂੰ ਅੰਜਾਮ ਦੇਣ ਤੋਂ ਵੀ ਬਾਜ਼ ਨਹੀਂ ਆਉਂਦੀ | ਦੂਜੇ ਪਾਸੇ ਸਿੱਖ ਇਸ ਜਥੇਬੰਦੀ ਦੇ ਲਈ ਅਜਿਹੇ ਕਿਲ੍ਹੇ ਵਰਗੇ ਨੇ ਜਿਸਨੂੰ ਸਰ ਕਰਨਾ ਔਖਾ ਹੀ ਨਹੀਂ ਬਲਕਿ ਅਸੰਭਵ ਹੈ |