25 ਦਸੰਬਰ 2025 ਨੂੰ ਈਸਾਈ ਭਾਈਚਾਰੇ ਦੇ ਲੋਕ ਦੁਨੀਆ ਭਰ ‘ਚ ਕ੍ਰਿਸਮਸ ਦੇ ਜਸ਼ਨਾਂ ‘ਚ ਡੁੱਬੇ ਹੋਏ ਸਨ | ਪੂਰੇ ਪੱਛਮ ਸਮੇਤ ਸਾਰੀ ਦੁਨੀਆ ‘ਚ ਵੱਸਦੇ ਈਸਾਈਆਂ ਨੇ ਪੂਰੇ ਉਤਸ਼ਾਹ ਦੇ ਨਾਲ ਕ੍ਰਿਸਮਸ ਨੂੰ ਮਨਾਇਆ , ਆਪਣਿਆਂ ਦੇ ਨਾਲ ਖੁਸ਼ੀਆਂ ਸਾਂਝੀਆਂ ਕੀਤੀਆਂ, ਇੱਕ ਦੂਜੇ ਨੂੰ ਤੋਹਫੇ ਦਿੱਤੇ, ਘਰਾਂ ‘ਚ ਜੀ ਆਇਆਂ ਆਖਿਆ, ਪਰ ਭਾਰਤ ਜੋ ਕਿ ਆਪਣੇ ਆਪ ਧਰਮ ਨਿਰਪੱਖ ਰਾਜ ਕਹਿੰਦਾ ਹੈ ਓਹਦੇ ‘ਚ ਹਾਲਾਤ ਇਸਤੋਂ ਬਿਲਕੁਲ ਵੱਖਰੇ ਸਨ | ਇੱਕ ਪਾਸੇ ਆਪਣੇ ਆਪ ਨੂੰ ਵਿਸ਼ਵ ਗੁਰੂ ਅਖਵਾਉਣ ਵਾਲਾ ਨਰਿੰਦਰ ਮੋਦੀ ਕੇਰਲਾ ਅਤੇ ਗੋਆ ਦੇ ਚਰਚਾ ‘ਚ ਈਸਾਈਆਂ ਦੇ ਨਾਲ ਪ੍ਰਾਰਥਨਾ ਕਰ ਰਿਹਾ ਸੀ, ਅਤੇ ਉਸਦੇ ਹਾਵਭਾਵ ਤੋਂ ਇਹ ਸਪੱਸ਼ਟ ਨਜ਼ਰ ਆ ਰਿਹਾ ਸੀ ਕਿ ਉਹ ਇਥੇ ਸਿਰਫ ਸਿਆਸੀ ਮਜ਼ਬੂਰੀ ਵੱਸ ਇਥੇ ਖੜ੍ਹਾ ਹੈ ਪਰ ਅੰਦਰੋਂ ਉਹਨੂੰ ਈਸਾਈਆਂ ਦੀਆਂ ਖੁਸ਼ੀਆਂ ਦੇ ਨਾਲ ਕੋਈ ਲਗਾ ਦੇਗਾ ਨਹੀਂ ਹੈ | ਠੀਕ ਓਸੇ ਸਮੇਂ ਅਖੌਤੀ ਧਰਮ ਦੇ ਠੇਕੇਦਾਰ ਬਣੇ ਕੱਟੜਵਾਦੀ ਹਿੰਦੂਤਵੀ ਆਰਐੱਸਐੱਸ ਦੇ ਵਰਕਰ ਭਾਰਤ ਦੇ ਵੱਖ ਵੱਖ ਹਿੱਸਿਆਂ ‘ਚ ਈਸਾਈ ਭਾਈਚਾਰੇ ਦੇ ਜਸ਼ਨਾਂ ‘ਚ ਨਾ ਸਿਰਫ ਰੰਗ ‘ਚ ਭੰਗ ਪਾ ਰਹੇ ਸਨ, ਬਲਕਿ ਭੰਨਤੋੜਕਰ ਰਹੇ ਸਨ, ਸੈਂਟਾ ਦੇ ਬੁੱਤਾਂ ਨੂੰ ਤੋੜ ਰਹੇ ਸਨ, ਸੜਕ ਕਿਨਾਰੇ ਸੈਂਟਾਂ ਵੇਚ ਰਹੇ ਲੋਕਾਂ ਨੂੰ ਧਮਕਾ ਰਹੇ ਸਨ, ਸ਼ਾਪਿੰਗ ਮਾਲ ‘ਚ ਵੜ੍ਹ ਕੇ ਕ੍ਰਿਸਮਸ ਨਾਲ ਸਬੰਧਿਤ ਚੀਜ਼ਾਂ ਨੂੰ ਤੋੜ ਰਹੇ ਸਨ, ਈਸਾਈ ਭਾਈਚਾਰੇ ਦੀਆਂ ਔਰਤਾਂ ਨੂੰ ਵੀ ਜ਼ਲੀਲ ਕਰ ਰਹੇ ਸਨ | ਇਹਨਾਂ ਘਟਨਾਵਾਂ ‘ਚ ਛੱਤੀਸਗੜ੍ਹ ‘ਚ ਬਜਰੰਗ ਦਲ ਦੇ ਵਰਕਰਾਂ ਵੱਲੋਂ ਇੱਕ ਸ਼ਾਪਿੰਗ ਸੈਂਟਰ ‘ਚ ਸੈਂਟਾ ਦੇ ਬੁੱਤਾਂ ਦੀ ਭੰਨਤੋੜ, ਮੱਧ ਪ੍ਰਦੇਸ਼ ‘ਚ ਗੁੰਡਿਆਂ ਵੱਲੋਂ ਚਰਚ ‘ਚ ਭੰਨਤੋੜ , ਉੱਤਰ ਪ੍ਰਦੇਸ਼ ਦੇ ਬਰੇਲੀ ‘ਚ ਕੁਝ ਅਨਸਰਾਂ ਵੱਲੋਂ ਚਰਚ ਦੇ ਸਾਹਮਣੇ ਹਨੂੰਮਾਨ ਚਾਲੀਸਾ ਗਾਉਣਾ, ਅਸਾਮ ‘ਚ ਸਕੂਲਾਂ ‘ਚ ਬੱਚਿਆਂ ਤੋਂ ਅਤੇ ਦੁਕਾਨਾਂ ਚੋ ਸਮਾਨ ਖੋਹ ਕੇ ਸਾੜਿਆ ਗਿਆ, ਮੱਧ ਪ੍ਰਦੇਸ਼ ‘ਚ ਤਾਂ ਭਾਜਪਾ ਲੀਡਰ ਬੀਬੀ ਵੱਲੋਂ ਇੱਕ ਈਸਾਈ ਔਰਤ ਦੇ ਥੱਪੜ ਮਾਰਨਾ, ਮਿਸਾਲ ਦੇ ਤੌਰ ‘ਤੇ ਦੱਸੀਆਂ ਜਾ ਸਕਦੀਆਂ ਨੇ , ਇਹ ਤਾਂ ਉਹ ਘਟਨਾਵਾਂ ਨੇ ਜਿਹੜੀਆਂ ਰਿਪੋਰਟ ਹੋਈਆਂ ਨੇ ਤੇ ਇਸਤੋਂ ਇਲਾਵਾ ਹੋਰ ਬਥੇਰੀਆਂ ਵਾਪਰੀਆਂ ਹੋਣੀਆਂ ਜਿਹੜੀਆਂ ਰਿਪੋਰਟ ਤੱਕ ਨਹੀਂ ਹੋ ਸਕੀਆਂ | ਭਾਰਤ ‘ਚ ਕੱਟੜਵਾਦੀ ਹਿੰਦੂਤਵੀਆਂ ਦੀਆਂ ਇਹਨਾਂ ਹਰਕਤਾਂ ਕਰਕੇ ਭਾਰਤ ਨੂੰ ਦੁਨੀਆ ਪੱਧਰ ‘ਤੇ ਸ਼ਰਮਸਾਰ ਹੋਣਾ ਪਿਆ ਹੈ | ਪਰ ਤੁਸੀਂ ਦੇਖੋ ਦੂਜੇ ਪਾਸੇ ਇਹਨਾਂ ਗਰੁੱਪਾਂ ਨਾਲ ਸਬੰਧਿਤ ਕਈ ਲੋਕ ਪੱਛਮੀ ਮੁਲਕਾਂ ਦੀਆਂ ਸਰਕਾਰਾਂ ਤੋਂ ਹਿੰਦੂ ਦੇਵੀ ਦੇਵਤਿਆਂ ਦੀਆਂ ਉੱਚੀਆਂ ਉੱਚੀਆਂ ਮੂਰਤੀਆਂ ਲਗਾਉਣ ਦੀ ਮੰਗ ਵੀ ਕਰਦੇ ਨੇ, ਈਸਾਈਆਂ ਨਾਲ ਭਾਰਤ ‘ਚ ਕੀਤਾ ਜਾਂਦਾ ਵਰਤਾਰਾ ਵੇਖ ਕੇ ਇਹਨਾਂ ਨੂੰ ਜਰੂਰ ਸੋਚਣਾ ਚਾਹੀਦਾ ਕਿ ਜੇਕਰ ਆਪਣੀ ਧਾਰਮਿਕ ਆਸਥਾ ਕਾਰਨ ਓਹਨਾ ਨੂੰ ਇਹ ਸਭ ਕੁਝ ਸਹਿਣਾ ਪਵੇ ਫੇਰ ਓਹਨਾ ਦੇ ਮਨਾਂ ਤੇ ਕੀ ਗੁਜਰੇਗੀ ? ਭਾਰਤ ਪਾਕਿਸਤਾਨ ਅਤੇ ਬੰਗਲਾਦੇਸ਼ ਸਮੇਤ ਏਸ਼ੀਆ ਦੇ ਕਈ ਹੋਰ ਇਲਾਕੇ ਅਜਿਹੇ ਨੇ ਜਿਥੇ ਘੱਟ ਗਿਣਤੀ ਲੋਕਾਂ ਦਾ ਰਹਿਣਾ ਅਤੇ ਆਪਣੀਆਂ ਧਾਰਮਿਕ ਮਾਨਤਾਵਾਂ ਨੂੰ ਜਾਰੀ ਰੱਖਣਾ ਔਖਾ ਹੋਇਆ ਪਿਆ ਹੈ | ਇਹਨਾਂ ਮੁਲਕਾਂ ‘ਚ ਸਰਕਾਰ ਦੀ ਸ਼ਹਿ ਪ੍ਰਾਪਤ ਗੁੰਡੇ ਅਨਸਰ ਨਾ ਸਿਰਫ ਘੱਟ ਗਿਣਤੀਆਂ ਨੂੰ ਡਰਾਉਂਦੇ ਧਮਕਾਉਂਦੇ ਨੇ ਬਲਕਿ ਉਹਨਾਂ ਦੀਆਂ ਔਰਤਾਂ ਅਤੇ ਬੱਚਿਆਂ ਨੂੰ ਖੌਫਜ਼ਦਾ ਵੀ ਕਰਦੇ ਨੇ | ਇਹਨਾਂ ਮੁਲਕਾਂ ‘ਚ ਵੱਸਦੇ ਲਿਬਰਲ ਅਤੇ ਮਨੁੱਖਤਾਵਾਦੀ ਲੋਕਾਂ ਨੂੰ ਅੱਗੇ ਆਉਣਾ ਚਾਹੀਦਾ |
ਪ੍ਰਵੀਨ ਸ਼ਰਮਾ