ਕ੍ਰਿਸਮਸ ਦੇ ਮੌਕੇ ‘ਤੇ ਈਸਾਈਆਂ ਵਿਰੁੱਧ ਕੱਟੜਵਾਦੀ ਹਿੰਦੂ ਜਥੇਬੰਦੀਆਂ ਆਰਐੱਸਐੱਸ, ਬਜਰੰਗ ਦਲ, ਵਿਸ਼ਵ ਹਿੰਦੂ ਪ੍ਰੀਸ਼ਦ ਦੇ ਵਰਕਰਾਂ ਵੱਲੋਂ ਕੀਤੀ ਹਿੰਸਾ, ਹੁੱਲੜਬਾਜ਼ੀ ਦਾ ਚਰਚਾ ਹੁਣ ਕੌਮਾਂਤਰੀ ਪੱਧਰ ‘ਤੇ ਹੋਣਾ ਸ਼ੁਰੂ ਹੋ ਗਿਆ ਹੈ | ਵਿਸ਼ਵ ਦੀਆਂ ਸਭ ਤੋਂ ਵੱਧ ਪੜ੍ਹੀਆਂ ਜਾਣ ਵਾਲਿਆਂ ਅਖਬਾਰਾਂ ਨੇ ਇਸਦਾ ਨੋਟਿਸ ਲੈਂਦਿਆਂ ਇਸਦੀ ਸਖ਼ਤ ਆਲੋਚਨਾ ਕਰਨ ਦੇ ਨਾਲ ਨਾਲ RSS ਅਤੇ ਮੋਦੀ ‘ਤੇ ਤਿੱਖੇ ਸੁਆਲ ਖੜ੍ਹੇ ਕੀਤੇ ਹਨ, ਨਿਊਯਾਰਕ ਟਾਈਮਜ਼ ਦੀ ਫਰੰਟ ਪੇਜ ‘ਤੇ ਵੱਡੀ ਸੁਰਖੀ ਸਮੇਤ ਲੱਗੀ ਖ਼ਬਰ ਇਸਦੀ ਮਿਸਾਲ ਕਹੀ ਜਾ ਸਕਦੀ ਹੈ | ਭਾਰਤੀ ਤੰਤਰ ਦੀ ਸ਼ਹਿ ‘ਤੇ ਘੱਟ ਗਿਣਤੀਆਂ ਵਿਰੁੱਧ ਕੀਤੀ ਜਾ ਰਹੀ ਗੁੰਡਾਗਰਦੀ ਭਾਵੇਂ ਕੋਈ ਨਵੀਂ ਤਾਂ ਨਹੀਂ ਪਰ ਹੁਣ ਇਹ ਹੋਰ ਵੱਡਾ ਰੂਪ ਧਾਰਨ ਕਰ ਗਈ ਹੈ | ਘੱਟ ਗਿਣਤੀਆਂ ਦੇ ਹੱਕਾਂ ਨੂੰ ਕੁਚਲਣ, ਜ਼ਲਾਲਤ ਦੇਣ ਅਤੇ ਦਮਨ ਦੀ ਸ਼ੁਰੂਆਤ ਤਾਂ ਨਹਿਰੂ ਵਰਗਿਆਂ ਨੇ ਬੇਸ਼ੱਕ ਸਿੱਖਾਂ ਦੇ ਖਿਲਾਫ ’60 ਦੇ ਦਹਾਕੇ ਤੋਂ ਹੀ ਸ਼ੁਰੂ ਕਰ ਦਿੱਤੀ ਸੀ ਪਰ ਹੌਲੀ ਹੌਲੀ ਇਹ ਬੋਧੀਆਂ, ਜੈਨੀਆਂ, ਮੁਸਲਮਾਨਾਂ ਤੋਂ ਹੁੰਦੀ ਹੋਈ ਹੁਣ ਈਸਾਈਆਂ ਨੂੰ ਵੀ ਆਪਣੀ ਜੱਦ ‘ਚ ਲੈ ਚੁੱਕੀ ਹੈ | 2014 ‘ਚ ਮੋਦੀ ਵੱਲੋਂ ਭਾਰਤ ਦੀ ਸੱਤਾ ਨੂੰ ਸੰਭਾਲਦਿਆਂ ਹੀ ਕੱਟੜਵਾਦੀ ਹਿੰਦੂਤਵੀਆਂ ਨੂੰ ਜਿਵੇਂ ਲਾਇਸੈਂਸ ਮਿਲ ਗਿਆ ਹੋਵੇ ਗੁੰਡਾਗਰਦੀ ਕਰਨ ਦਾ, ਇਸੇ ਸਿਲਸਿਲੇ ‘ਚ ਕਦੇ ਕਿਸੇ ਪਸ਼ੂ ਵਪਾਰੀ ਨੂੰ ਕੁੱਟ ਕੇ ਮਾਰ ਦਿੱਤਾ ਜਾਂਦਾ, ਕਦੇ ਘੱਟ ਗਿਣਤੀਆਂ ਦੀਆਂ ਫਰਿੱਜਾਂ ਖੋਲ੍ਹ ਕੇ ਦੇਖੀਆਂ ਜਾਂਦੀਆਂ ਨੇ, ਕਦੇ ਕਿਸੇ ਤੋਂ ਧਾਰਮਿਕ ਨਾਅਰਾ ਲਗਵਾਉਣ ਦੀ ਜ਼ਿੱਦ ਕਰਕੇ ਉਸਨੂੰ ਕੁੱਟ ਕੁੱਟ ਕੇ ਮਾਰ ਦਿੱਤਾ ਜਾਂਦਾ ਹੈ, ਕਦੇ ਘੱਟ ਗਿਣਤੀ ਨਾਲ ਸਬੰਧਿਤ ਕਿਸੇ ਫਲ ਵੇਚਣ ਵਾਲੇ ਨੂੰ ਕੁੱਟ ਦਿੱਤਾ ਜਾਂਦਾ ਹੈ, ਮੋਦੀ ਅਮਿਤ ਸ਼ਾਹ ਅਤੇ ਯੋਗੀ ਅਜਿਹੇ ਲੋਕਾਂ ਦੇ ਬ੍ਰਾਂਡ ਅੰਬੈਸਡਰ ਨੇ ਜਿੰਨਾ ਤੋਂ ਪ੍ਰੇਰਿਤ ਭੀੜਾਂ ਬੇਖੌਫ ਬਿਨ੍ਹਾ ਕਿਸੇ ਕਾਨੂੰਨੀ ਕਾਰਵਾਈ ਦੇ ਡਰ ਭੈਅ ਤੋਂ ਕੁੱਟ ਕੁਟਾਪੇ ਤੋਂ ਕਤਲ ਵਰਗੀਆਂ ਘਟਨਾਵਾਂ ਨੂੰ ਅੰਜਾਮ ਤੱਕ ਦੇ ਜਾਂਦੀਆਂ ਨੇ | ਮੋਨੂੰ ਮਾਨੇਸਰ ਵਰਗੇ ਕ੍ਰਿਮੀਨਲ ਲੋਕ ਸ਼ਰੇਆਮ ਇਹਨਾਂ ਭੀੜਾਂ ਦੀ ਅਗਵਾਈ ਕਰਦੇ ਨੇ ਜਿੰਨਾ ਨੂੰ ਪੁਲਿਸ ਨਾਂਅ ਦੀ ਕਿਸੇ ਸ਼ੈਅ ਦਾ ਕੋਈ ਡਰ ਹੀ ਨਹੀਂ | ਜਿੱਥੇ ਦੇਸ਼ ਦੇ ਚੁਣੇ ਹੋਏ ਨੁਮਾਇੰਦੇ MPs, MLAs ਹੀ ਖੁਦ ਹਰ ਰੋਜ਼ ਭੜਕਾਊ ਬਿਆਨ ਦਿੰਦੇ ਹੋਣ ਘੱਟ ਗਿਣਤੀਆਂ ਦੇ ਖਿਲਾਫ ਅਤੇ ਜਿਸ ਵਿਰੁੱਧ ਜਿੱਡਾ ਵੱਡਾ ਕੇਸ ਹੋਵੇ ਤੇ ਜੇ ਪਾਰਟੀਆਂ ਓਹਨੂੰ ਓਨੇ ਵੱਡੇ ਅਹੁਦੇ ਦੇ ਨਾਲ ਨਿਵਾਜਣ ਤਾਂ ਇਸਦਾ ਕੀ ਮਤਲਬ ਕੱਢਿਆ ਜਾਵੇ ? ਇਸਨੂੰ ਲਾਇਸੈਂਸੀ ਗੁੰਡਾਗਰਦੀ ਅਤੇ ਬੁਰਛਾਗਰਦੀ ਨਾ ਆਖੀਏ ਤਾਂ ਹੋਰ ਕੀ ਆਖਾਂਗੇ ? ਤੇ ਹਾਲੇ ਵੀ ਬੰਗਲਾਦੇਸ਼ ‘ਚ ਵਾਪਰ ਰਹੀਆਂ ਘਟਨਾਵਾਂ ਦੇ ਵਿਰੋਧ ‘ਚ ਭਾਰਤ ‘ਚ ਸ਼ਰੇਆਮ ਹਥਿਆਰ ਵੰਡੇ ਜਾ ਰਹੇ ਨੇ ਤਾਂ ਜੋ ਕੱਲ੍ਹ ਨੂੰ ਕਿਸੇ ਥਾਂ ‘ਤੇ ਕਿਸੇ ਭੀੜ ਤੋਂ ਕਿਸੇ ਵੀ ਤਰ੍ਹਾਂ ਦੀ ਹਿੰਸਾ ਕਰਵਾਉਣ ‘ਚ ਕੋਈ ਔਖ ਨਾ ਹੋਵੇ, ਪ੍ਰਸਾਸ਼ਨ ਵੱਲੋਂ ਇਹਨਾਂ ਘਟਨਾਵਾਂ ‘ਚ ਕੋਈ ਕਾਰਵਾਈ ਨਾ ਕਰਨੀ ਕਿ ਸਹਿਮਤੀ ਸਮਝੀ ਜਾਵੇ ? ਇਸਤੋਂ ਇਹ ਵੀ ਸਿੱਧ ਹੁੰਦਾ ਹੈ ਕਿ ਨਾਟਕ ਕਰਨ ‘ਚ ਮਾਹਿਰ ਮੋਦੀ ਧਰਮ ਨਿਰਪੱਖਤਾ ਦਾ ਮਖੌਟਾ ਪਾ ਕੇ ਬੇਸ਼ੱਕ ਪ੍ਰਭਾਵ ਸਿਰਜਣ ਖਾਤਰ ਜਿਨ੍ਹਾਂ ਮਰਜ਼ੀ ਚਰਚਾਂ ‘ਚ ਘੁੰਮਦਾ ਰਹੇ ਪਰ ਉਸਦੀ ਅਗਵਾਈ ‘ਚ ਭਾਰਤ ‘ਚ ਜੋ ਵਾਪਰ ਰਿਹਾ ਓਹਨੂੰ ਇਨ੍ਹਾਂ ਨਾਟਕਾਂ ਨਾਲ ਕੱਜਣਾ ਔਖਾ ਹੀ ਨਹੀਂ ਬਲਕਿ ਅਸੰਭਵ ਹੈ | ਪ੍ਰਵੀਨ ਸ਼ਰਮਾ