ਪਿਛਲੇ ਹਫਤੇ ਕੈਲੀਫੋਰਨੀਆ ਸੂਬੇ ਨਾਲ ਸਬੰਧਿਤ ਦੋ ਪੰਜਾਬੀ ਟਰੱਕ ਡਰਾਈਵਰ 300 ਪੌਂਡ ਕੋਕੀਨ ਨਾਲ ਇੰਡੀਆਨਾ ਸੂਬੇ ‘ਚ ਗ੍ਰਿਫਤਾਰ ਕੀਤੇ ਗਏ ਜਿੰਨ੍ਹਾਂ ‘ਚ ਫਰਿਜ਼ਨੋ ਦਾ ਰਹਿਣ ਵਾਲਾ 25 ਸਾਲਾ ਗੁਰਪ੍ਰੀਤ ਸਿੰਘ ਅਤੇ ਸੈਂਟਾ ਕਲਾਰਾ ਦਾ ਰਹਿਣ ਵਾਲਾ 30 ਸਾਲਾ ਜਸਵੀਰ ਸਿੰਘ ਸ਼ਾਮਿਲ ਹਨ | ਨਸ਼ੇ ਦੀ ਤਸਕਰੀ ਨਾਲ ਸਬੰਧਿਤ ਇਸ ਮਾਮਲੇ ਦੇ ਸਾਹਮਣੇ ਆਉਣ ਦੇ ਨਾਲ ਅਮਰੀਕਾ ‘ਚ ਇੱਕ ਵਾਰ ਫਿਰ ਪੰਜਾਬੀਆਂ ਵੱਲੋਂ ਇਸ ਧੰਦੇ ‘ਚ ਵੱਧ ਰਹੀ ਸਮੂਲੀਅਤ ਦੇ ਰੁਝਾਨ ਦੀ ਚਰਚਾ ਹੋਣ ਲੱਗੀ ਹੈ, ਜਿਸ ਨਾਲ ਪੰਜਾਬੀ ਭਾਈਚਾਰੇ ਦੇ ਇਧਰਲੇ ਮੁਲਕਾਂ ‘ਚ ਬਣੇ ਵਧੀਆ ਅਤੇ ਮਿਹਨਤੀ ਅਕਸ ਨੂੰ ਢਾਹ ਲੱਗੀ ਹੈ | ਇਸਤੋਂ ਪਹਿਲਾਂ ਪੰਜਾਬੀਆਂ ਅਤੇ ਸਿੱਖਾਂ ਦੇ ਇਹਨਾਂ ਮਾਮਲਿਆਂ ‘ਚ ਗ਼ਲਤਾਨ ਹੋਣ ਦੀਆਂ ਖ਼ਬਰਾਂ ਘੱਟ ਹੀ ਮਿਲਦੀਆਂ ਸਨ ਅਤੇ ਚੰਗੇ ਨਾਗਰਿਕ, ਕੰਮਕਾਜੀ, ਅਮਨ ਕਨੂੰਨ ‘ਚ ਰਹਿਣ ਵਾਲੇ ਅਤੇ ਟੈਕਸਦਾਤੇ ਹੋਣ ਕਰਕੇ ਦੂਜੇ ਭਾਈਚਾਰੇ ਉਹਨਾਂ ਪ੍ਰਤੀ ਸਤਿਕਾਰ ਦੀ ਭਾਵਨਾ ਰੱਖਦੇ ਸਨ ,ਪਰ ਹੁਣ ਤਾਂ ਸ਼ਾਇਦ ਹੀ ਕੋਈ ਹਫਤਾ ਖਾਲੀ ਲੰਘਦਾ ਹੋਣਾ ਜਦੋਂ ਅਮਰੀਕਾ ‘ਚ ਅਤੇ ਅਮਰੀਕਾ ਕੈਨੇਡਾ ਸਰਹੱਦ ‘ਤੇ ਕੋਈ ਪੰਜਾਬੀ ਨਸ਼ੇ ਦੀ ਖੇਪ ਸਮੇਤ ਗਿਰਫ਼ਤਾਰ ਨਾ ਕੀਤਾ ਗਿਆ ਹੋਵੇ | ਤਸਕਰੀ ਦੀਆਂ ਇਹਨਾਂ ਘਟਨਾਵਾਂ ‘ਚ ਪੰਜਾਬੀਆਂ ਦਾ ਨਾਂਅ ਬੋਲਣਾ ਕੋਈ ਚੰਗਾ ਸੰਕੇਤ ਨਹੀਂ, ਇਸਦੇ ਬੁਰੇ ਪ੍ਰਭਾਵਾਂ ਅਤੇ ਸਿੱਟਿਆਂ ਤੋਂ ਪੰਜਾਬੀ ਭਾਈਚਾਰਾ ਬਚ ਨਹੀਂ ਸਕੇਗਾ, ਕਿਉਂਕਿ ਆਉਣ ਵਾਲੇ ਸਮੇਂ ‘ਚ ਜੇਕਰ ਇਹ ਰੁਝਾਨ ਇਸੇ ਤੇਜ਼ੀ ਨਾਲ ਅੱਗੇ ਵੱਧਦਾ ਗਿਆ ਤਾਂ ਦੂਜੇ ਭਾਈਚਾਰਿਆਂ ਦੇ ਲੋਕ ਪੰਜਾਬੀਆਂ ਦੇ ਇਲਾਕਿਆਂ ‘ਚ ਆਪਣੀ ਰਿਹਾਇਸ਼ ਰੱਖਣੀ ਬੰਦ ਕਰ ਦੇਣਗੇ ਅਤੇ ਸਮਾਜਿਕ ਤੌਰ ‘ਤੇ ਦੂਰੀ ਬਣਾ ਲੈਣਗੇ, ਇਸੇ ਤਰ੍ਹਾਂ ਅਮਨ ਕਾਨੂੰਨ ਨਾਲ ਜੁੜੀਆਂ ਏਜੰਸੀਆਂ ਵੀ ਸਾਰੇ ਪੰਜਾਬੀਆਂ ਨੂੰ ਇੱਕੋ ਸ਼ੱਕੀ ਜਿਹੇ ਨਜ਼ਰੀਏ ਨਾਲ ਦੇਖਣ ਲੱਗ ਪੈਣਗੀਆਂ | ਅਮਰੀਕਾ ਜੇਕਰ ਵੈਨੇਜ਼ੁਏਲਾ ਦੇ ਮਾਮਲੇ ‘ਚ ਦੁਨੀਆ ਸਾਹਮਣੇ ਐਨੀ ਵੱਡੀ ਮਿਸਾਲ ਕਾਇਮ ਕਰ ਸਕਦਾ ਹੈ ਤਾਂ ਮੁਲਕ ‘ਚ ਅੰਦਰੂਨੀ ਤੌਰ ‘ਤੇ ਇਹੋ ਜਿਹੇ ਅਨਸਰਾਂ ਦਾ ਸਫਾਇਆ ਕਰਨਾ ਉਹਨਾਂ ਲਈ ਕਿੰਨਾ ਕੁ ਔਖਾ ਕੰਮ ਹੈ ? ਦੂਜੀ ਮਿਸਾਲ ਸੋਮਾਲੀਆ ਮੂਲ ਦੇ ਕੁਝ ਲੋਕਾਂ ਦੇ ਗ਼ਲਤ ਕੰਮਾਂ ਦੀ ਦਿੱਤੀ ਜਾ ਸਕਦੀ ਹੈ ਜਿੰਨ੍ਹਾਂ ਕਰਕੇ ਅੱਜ ਪੂਰੀ ਕੌਮ ਅਤੇ ਸਾਰੇ ਨਾਗਰਿਕਾਂ ਨੂੰ ਉਸੇ ਨਜ਼ਰੀਏ ਦੇ ਨਾਲ ਦੇਖਿਆ ਜਾ ਰਿਹੈ, ਕੀ ਤੁਸੀਂ ਚਾਹੁੰਦੇ ਓ ਸਾਰੇ ਪੰਜਾਬੀਆਂ ਨਾਲ ਵੀ ਇਸੇ ਤਰਾਂ ਦਾ ਸਲੂਕ ਹੋਵੇ ਤੇ ਇਸੇ ਤਰ੍ਹਾਂ ਦੀਆਂ ਪਾਬੰਦੀਆਂ ਉਹਨਾਂ ‘ਤੇ ਵੀ ਲਗਾਈਆਂ ਜਾਣ ? ਜੇਕਰ ਅਸੀਂ ਪੰਜਾਬ ਦੇ ਸੰਦਰਭ ‘ਚ ਨਸ਼ੇ ਦੇ ਮਾਮਲੇ ‘ਚ ‘ਉੜਤਾ ਪੰਜਾਬ’ ਨਾਂਅ ਪਸੰਦ ਨਹੀਂ ਕਰਦੇ ਤਾਂ ਜਿਹੜੀ ਇਥੇ ਸਾਡੇ ਅਕਸ ਨੂੰ ਢਾਹ ਲੱਗ ਰਹੀ ਹੈ ਤੇ ਇਧਰਲੇ ਮੁਲਕਾਂ ‘ਚ ਜੇਕਰ ਸਾਨੂੰ ਕੋਈ ਤਸਕਰ ਕਹੇਗਾ ਤਾਂ ਉਸਨੂੰ ਅਸੀਂ ਚੁੱਪਚਾਪ ਬਰਦਾਸ਼ਤ ਕਿਵੇਂ ਕਰ ਸਕਦੇ ਆਂ ? ਕਿਸੇ ਮੁਲਕ ‘ਚ ਪਹਿਲਾਂ ਪਰਵਾਸ ਕਰਕੇ ਅਤੇ ਫੇਰ ਗੈਰ ਕਨੂੰਨੀ ਕੰਮ ਕਰਕੇ ਉਸਦੇ ਜੜ੍ਹੀਂ ਤੇਲ ਦੇਣਾ ਇਹ ਪੰਜਾਬੀਆਂ ਦੇ ਕਿਰਦਾਰ ਦਾ ਹਿੱਸਾ ਨਾ ਕਦੇ ਸੀ ਤੇ ਨਾ ਕਦੇ ਰਹੇਗਾ | ਇਸਤੋਂ ਪਹਿਲਾਂ ਕਿ ਪਾਣੀ ਸਿਰੋਂ ਲੰਘ ਜਾਵੇ, ਭਾਈਚਾਰੇ ਨੂੰ ਇਸ ਮਾਮਲੇ ‘ਤੇ ਵਿਚਾਰ ਕਰਕੇ ਸੁਹਿਰਦ ਕਦਮ ਚੁੱਕਣੇ ਚਾਹੀਦੇ ਨੇ|