
ਨਿਊ ਜਰਸੀ ਦੇ ਸੇਕਾਉਕਸ ਸਿਟੀ ‘ਚ ਰਹਿਣ ਵਾਲੇ ਭਾਰਤੀ ਮੂਲ ਦੇ ਇੱਕ ਡਾਕਟਰ ‘ਤੇ ਜਿਨਸੀ ਵਧੀਕੀ ਕਰਨ ਦੇ ਨਾਲ ਨਾਲ ਕਈ ਸਾਲਾਂ ਤੋਂ ਸੂਬੇ ਦੇ ਮੈਡੀਕੇਡ ਪ੍ਰੋਗਰਾਮ ਨਾਲ ਵਿੱਤੀ ਧੋਖਾਧੜੀਆਂ ਕਰਨ ਦੇ 58 ਦੋਸ਼ ਲਗਾਏ ਗਏ ਹਨ | 52 ਸਾਲਾ ਰਿਤੇਸ਼ ਕਾਲਰਾ ਓਪੀਔਡਜ਼ ਦੀ ਗੈਰ-ਕਾਨੂੰਨੀ ਵੰਡ,ਅਤੇ ਸਿਹਤ ਸੰਭਾਲ ਪ੍ਰੋਗਰਾਮ ‘ਚ ਧੋਖਾਧੜੀ ਦੇ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ। ਇਸ ਮਾਮਲੇ ਦੀ ਸ਼ੁਰੂਆਤ ਜੁਲਾਈ 2025 ‘ਚ ਉਦੋਂ ਹੋਈ ਸੀ ਜਦੋਂ ਰਿਤੇਸ਼ ਕਾਲਰਾ ਦੇ ਖਿਲਾਫ ਇੱਕ ਸ਼ਿਕਾਇਤ ਦਰਜ ਕਰਵਾਈ ਗਈ ਸੀ | ਸੰਘੀ ਜਾਂਚ ਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਜਨਵਰੀ 2019 ਤੋਂ ਫਰਵਰੀ 2025 ਤੱਕ, ਕਾਲਰਾ ਨੇ ਲਗਾਤਾਰ ਬਿਨਾਂ ਕਿਸੇ ਜਾਇਜ਼ ਡਾਕਟਰੀ ਮੰਤਵ ਦੇ ਨਸ਼ਿਆਂ ਦੀ ਤਜ਼ਵੀਜ਼ ਦਿੱਤੀ ਅਤੇ ਸਰਕਾਰੀ ਵਕੀਲਾਂ ਨੇ ਕਿਹਾ ਕਿ ਉਸਨੇ ਉਸ ਸਮੇਂ ਦੌਰਾਨ ਆਕਸੀਕੋਡੋਨ ਲਈ 31,000 ਤੋਂ ਵੱਧ ਨੁਸਖੇ ਜਾਰੀ ਕੀਤੇ ਅਤੇ ਕਈ ਵਾਰ ਇੱਕ ਦਿਨ ਵਿੱਚ ਉਸਨੇ 50 ਤੋਂ ਵੱਧ ਨੁਸਖੇ ਲਿਖੇ ਸਨ।
ਇਹਨਾਂ ਨੁਸਖਿਆਂ ਨਾਲ ਸਬੰਧਿਤ ਦਵਾਈਆਂ ਨੂੰ ਹਾਸਲ ਕਰਨ ਲਈ ਉਹ ਮਰੀਜ਼ਾਂ ਨੂੰ ਆਪਣੇ ਦਫਤਰ ਦੇ ਬਾਹਰ ਉਸਦੇ ਵੱਲੋਂ ਹੀ ਚਲਾਈ ਜਾ ਰਹੀ ਇੱਕ ਦੁਕਾਨ ‘ਤੇ ਭੇਜਦਾ ਸੀ ਅਤੇ ਕਈ ਵਾਰ ਜਦੋ ਇਹ ਦਵਾਈਆਂ ਨਹੀਂ ਸਨ ਮਿਲਦੀਆਂ ਤਾਂ ਉਹ ਮਰੀਜ਼ਾਂ ਦੇ ਨਾਲ ਜਿਸਮਾਨੀ ਵਧੀਕੀ ਦੀ ਮੰਗ ਕਰਦਾ ਸੀ । ਕਈ ਸਾਬਕਾ ਮੁਲਾਜ਼ਮਾਂ ਨੇ ਜਾਂਚ ਟੀਮ ਨੂੰ ਦੱਸਿਆ ਕਿ ਔਰਤ ਮਰੀਜ਼ਾਂ ਨੇ ਕਈ ਵਾਰ ਇਹ ਸ਼ਿਕਾਇਤ ਕੀਤੀ ਸੀ ਕਿ ਕਾਲਰਾ ਨੇ ਉਨ੍ਹਾਂ ਨੂੰ ਜਿਨਸੀ ਤੌਰ ‘ਤੇ ਗ਼ਲਤ ਭਾਵਨਾ ਨਾਲ ਛੂਹਿਆ ਅਤੇ ਕਿਹਾ ਕਿ ਜੇਕਰ ਤੁਹਾਨੂੰ ਦਵਾਈਆਂ ਚਾਹੀਦੀਆਂ ਨੇ ਤਾਂ ਜਿਸਮਾਨੀ ਤੌਰ ‘ਤੇ ਸਮਝੌਤਾ ਕਰਨਾ ਪਵੇਗਾ |
ਅਦਾਲਤ ਵਿੱਚ ਦਿੱਤੇ ਬਿਆਨਾਂ ਅਨੁਸਾਰ, ਇੱਕ ਮਰੀਜ਼ ਨੇ ਕਾਲਰਾ ਦੁਆਰਾ ਕਈ ਮੌਕਿਆਂ ‘ਤੇ ਜਿਨਸੀ ਸ਼ੋਸ਼ਣ ਦੀ ਰਿਪੋਰਟ ਦਿੱਤੀ, ਜਿਸ ਵਿੱਚ ਕਲੀਨਿਕਲ ਅਪੌਇੰਟਮੈਂਟਾਂ ਦੌਰਾਨ ਉਸ ਨਾਲ ਜ਼ਬਰਦਸਤੀ ਕੀਤੀ ਗਈ ਸੀ। FBI-ਨਿਊਯਾਰਕ ਸਪੈਸ਼ਲ ਏਜੰਟ ਇਨ ਚਾਰਜ ਸਟੈਫਨੀ ਰੌਡੀ ਨੇ ਕਿਹਾ ਡਾ. ਕਾਲਰਾ ਨੇ ਵਿੱਤੀ ਲਾਭ ਲਈ ਕਥਿਤ ਤੌਰ ‘ਤੇ ਅਹੁਦੇ ਦੀ ਦੁਰਵਰਤੋਂ ਕਰਦਿਆਂ ਲੋਕਾਂ ਨਾਲ ਜਿਸਮਾਨੀ ਵਧੀਕੀਆਂ ਨੂੰ ਅੰਜਾਮ ਦਿੱਤਾ ।
ਨਸ਼ੀਲੇ ਪਦਾਰਥਾਂ ਦੀ ਵੰਡ ਦੇ ਦੋਸ਼ਾਂ ਤੋਂ ਇਲਾਵਾ, ਕਾਲਰਾ ‘ਤੇ ਦਫਤਰੀ ਮੁਲਾਕਾਤਾਂ ਲਈ ਬਿੱਲ ਲਗਾ ਕੇ ਨਿਊ ਜਰਸੀ ਮੈਡੀਕੇਡ ਪ੍ਰੋਗਰਾਮ ਨੂੰ ਧੋਖਾ ਦੇਣ ਦਾ ਦੋਸ਼ ਹੈ। ਦੋਸ਼ ਸਾਬਿਤ ਹੋਣ ‘ਤੇ 36 ਓਪੀਔਡ ਵੰਡ ਗਿਣਤੀਆਂ ਵਿੱਚੋਂ ਹਰੇਕ ‘ਤੇ ਵੱਧ ਤੋਂ ਵੱਧ 20 ਸਾਲ ਦੀ ਕੈਦ ਅਤੇ $1 ਮਿਲੀਅਨ ਦਾ ਜੁਰਮਾਨਾ ਹੈ। ਨਸ਼ੀਲੇ ਪਦਾਰਥਾਂ ਨਾਲ ਸਬੰਧਤ ਗ਼ਲਤ ਟਿਕਾਣੇ ਦੇ ਮਾਮਲੇ ਵਿੱਚ 20 ਸਾਲ ਤੱਕ ਦੀ ਸਜ਼ਾ ਅਤੇ $500,000 ਦਾ ਜੁਰਮਾਨਾ ਹੋ ਸਕਦਾ ਹੈ। 21 ਸਿਹਤ ਸੰਭਾਲ ਧੋਖਾਧੜੀ ਦੇ ਮਾਮਲਿਆਂ ਵਿੱਚੋਂ ਹਰੇਕ ਲਈ 10 ਸਾਲ ਤੱਕ ਦੀ ਕੈਦ ਅਤੇ $250,000 ਤੱਕ ਦਾ ਜੁਰਮਾਨਾ ਹੋ ਸਕਦਾ ਹੈ।