
ਪਿਛਲੇ ਦਿਨੀਂ ਵੈਨੇਜ਼ੁਏਲਾ ਉਪਰ ਅਮਰੀਕਾ ਵੱਲੋਂ ਕੀਤੇ ਹਮਲੇ ਦੇ ਵਿਰੋਧ ‘ਚ ਪੰਜਾਬ ਦੇ ਕਾਮਰੇਡਾਂ ਵੱਲੋਂ ਰੋਸ ਮੁਜਾਹਰੇ ਕੱਢੇ ਗਏ ਸਨ ਅਤੇ ਇਸ ਕਾਰਵਾਈ ਨੂੰ ਅਮਰੀਕਾ ਦੀ ਧੌਂਸ, ਧੱਕੇਸ਼ਾਹੀ ਅਤੇ ਤੇਲ ਭੰਡਾਰਾਂ ਉੱਤੇ ਕਬਜ਼ਾ ਕਰਾਰ ਦਿੱਤਾ ਸੀ ਅਤੇ ਦਾਅਵਾ ਕੀਤਾ ਕਿ ਨਿਕੋਲਸ ਮਾਦੁਰੋ ਅਮਰੀਕੀ ਧੌਂਸ ਅੱਗੇ ਝੁਕਣੋਂ ਇਨਕਾਰੀ ਸੀ ਇਸ ਕਰਕੇ ਅਮਰੀਕਾ ਨੇ ਇਹ ਹਮਲਾ ਕੀਤਾ | ਪਰ ਦੂਜੇ ਪਾਸੇ ਇਹੀ ਧਿਰਾਂ ਰੂਸ ਵੱਲੋਂ ਯੂਕਰੇਨ ਹਮਲੇ ਨੂੰ ਰਣਨੀਤੀ ਦੱਸ ਕੇ ਜਾਇਜ਼ ਕਰਾਰ ਦਿੰਦੇ ਨੇ ਪਰ ਅਮਰੀਕਾ ਦੇ ਮਾਮਲਿਆਂ ਨੂੰ ਵਧੀਕੀ ਦੱਸਦੇ ਨੇ | ਹਾਲਾਂਕਿ ਅਮਰੀਕਾ ਨੇ ਪਹਿਲਾਂ ਵੈਨੇਜ਼ੁਏਲਾ ਨੂੰ ਨਸ਼ੇ ਦੀ ਹੋ ਰਹੀ ਤਸਕਰੀ ਬਾਬਤ ਖ਼ਬਰਦਾਰ ਵੀ ਕੀਤਾ ਸੀ | ਜਿਵੇਂ ਹੀ ਪੰਜਾਬ ਦੇ ਕਾਮਰੇਡਾਂ ਨੇ ਇਹ ਰੋਸ ਮੁਜਾਹਰੇ ਕੀਤੇ ਤਾਂ ਅਮਰੀਕਾ ਦੇ ਸਿੱਖਾਂ ਨੇ ਕਾਮਰੇਡਾਂ ਦੇ ਇਸ ਦੋਗਲੇ ਸਟੈਂਡ ‘ਤੇ ਸੁਆਲ ਖੜ੍ਹੇ ਕੀਤੇ ਨੇ, ਸਿੱਖਾਂ ਨੇ ਪੁੱਛਿਐ ਕਿ ਜਦੋਂ ਰੂਸ ‘ਚ ਪੰਜਾਬੀ ਨੌਜਵਾਨਾਂ ਨੂੰ ਜ਼ਬਰੀ ਭਰਤੀ ਕਰ ਕੇ ਯੂਕਰੇਨ ਦੇ ਵਿਰੁੱਧ ਵਰਤ ਲਿਆ ਅਤੇ ਸ਼ਹੀਦ ਕਰਵਾ ਦਿੱਤਾ ਓਦੋਂ ਇਹ ਅਖੌਤੀ ਮਨੁੱਖੀ ਹੱਕਾਂ ਦੇ ਰਾਖੇ ਕਿੱਥੇ ਸਨ ? ਸਿੱਖਾਂ ਮੁਤਾਬਿਕ ਕਾਮਰੇਡਾਂ ਦੀਆਂ ਇਹ ਨੀਤੀਆਂ ਅਸਲ ‘ਚ ਭਾਰਤੀ ਸਟੇਟ ਨੂੰ ਰਾਸ ਆਉਂਦੀਆਂ ਨੇ ਕਿਓਂਕਿ ਭਾਰਤੀ ਸਟੇਟ ਚਾਹੁੰਦੀ ਹੈ ਕਿ ਸਿੱਖਾਂ ਦੇ ਭੇਸ ‘ਚ ਲੋਕਾਂ ਨੂੰ ਅੱਗੇ ਕਰਕੇ ਸਿੱਖਾਂ ਨੂੰ ਕੌਮਾਂਤਰੀ ਪੱਧਰ ‘ਤੇ ਇਕੱਲੇ ਕਰ ਦਿੱਤਾ ਜਾਵੇ ਤੇ ਕੋਈ ਵੀ ਧਿਰ ਸਿੱਖਾਂ ਦੀ ਗੱਲ ਨਾ ਕਰ ਸਕੇ | ਅਮਰੀਕਾ ਵਿਰੁੱਧ ਜੇਕਰ ਸਿੱਖੀ ਭੇਸ ‘ਚ ਰੋਸ ਮੁਜਾਹਰੇ ਹੋਣਗੇ ਤਾਂ ਅਮਰੀਕਾ ਕਿਵੇਂ ਸਿੱਖਾਂ ਨੂੰ ਭਾਰਤੀ ਸਟੇਟ ਦੇ ਜ਼ਬਰਾਂ ਤੋਂ ਸੁਰੱਖਿਅਤ ਕਰੇਗਾ ? ਸਿੱਖ ਕੌਮ ਦੇ ਹਿੱਤਾਂ ਨੂੰ ਦੇਖਦਿਆਂ ਜੇਕਰ ਦੇਖਿਆ ਜਾਵੇ ਤਾਂ ਕਾਮਰੇਡਾਂ ਦੇ ਇਹ ਰੋਸ ਮੁਜਾਹਰੇ ਅਮਰੀਕਾ ਤੱਕ ਇੱਕ ਨਿੱਜੀ ਰੰਜਿਸ਼ ਕੱਢਣ ਤੱਕ ਹੀ ਸੀਮਤ ਨਹੀਂ ਬਲਕਿ ਇਸਦੀ ਆੜ ‘ਚ ਭਾਰਤੀ ਸਟੇਟ ਦੇ ਦੋਵੇਂ ਹੱਥੀਂ ਲੱਡੂ ਨੇ | ਸਿੱਖਾਂ ਨੂੰ ਇਹਨਾਂ ਵਰਤਾਰਿਆਂ ਪ੍ਰਤੀ ਸੁਚੇਤ ਰਹਿਣ ਦੀ ਲੋੜ ਹੈ |