
ਅਮਰੀਕੀ ਸੂਬੇ ਮਿਨੀਸੋਟਾ ਦੇ ਮਿਨੀਐਪਲਿਸ ‘ਚ ਸੰਘੀ ਅਧਿਕਾਰੀਆਂ ਵੱਲੋਂ ਜਦੋਂ ਇਮੀਗ੍ਰੇਸ਼ਨ ਦੇ ਸਬੰਧ ‘ਚ ਛਾਪੇਮਾਰੀਆਂ ਕੀਤੀਆਂ ਜਾ ਰਹੀਆਂ ਅਤੇ ਲੋਕਾਂ ਨੂੰ ਹਿਰਾਸਤ ‘ਚ ਲਿਆ ਜਾ ਰਿਹਾ ਸੀ ਤਾਂ ਇਸੇ ਦਰਮਿਆਨ ਇੱਕ ਅਮਰੀਕੀ ਨਾਗਰਿਕ ਐਲੈਕਸ ਪ੍ਰੈਟੀ ਨੂੰ ਸੰਘੀ ਅਧਿਕਾਰੀਆਂ ਵੱਲੋਂ ਓਦੋਂ ਉਸਨੂੰ ਗੋਲੀ ਮਾਰ ਦਿੱਤੀ ਜਾਂਦੀ ਹੈ ਜਦੋ ਉਹ ਇੱਕ ਔਰਤ ਨੂੰ ਛੁਡਵਾਉਣ ਦੀ ਕੋਸ਼ਿਸ਼ ਕਰਦਾ ਜਾਂ ਕਹਿ ਲਿਆ ਜਾਵੇ ਇੱਕ ਔਰਤ ਨੂੰ ਬਚਾਉਣ ਦੀ ਕੋਸ਼ਿਸ਼ ਕਰਦਾ ਹੈ | ਗੋਲੀਆਂ ਲੱਗਣ ਤੋਂ ਕੁਝ ਹੀ ਮਿੰਟਾਂ ਬਾਅਦ ਹੀ ਐਲੈਕਸ ਪ੍ਰੈਟੀ ਦੀ ਮੌਤ ਹੋ ਜਾਂਦੀ ਹੈ ਅਤੇ ਉਸਤੋਂ ਬਾਅਦ ਲੋਕ ਗੁੱਸੇ ‘ਚ ਭੜਕ ਜਾਂਦੇ ਨੇ, ਰੋਸ ਮੁਜ਼ਾਹਰਿਆਂ ਦਾ ਦੌਰ ਪੂਰੇ ਅਮਰੀਕਾ ਭਰ ‘ਚ ਫੈਲ ਜਾਂਦਾ ਹੈ | ਇਹ ਖਬਰ ਏਨੀ ਵੱਡੀ ਹੋ ਜਾਂਦੀ ਹੈ ਕਿ ਰਿਪਬਲਿਕਨ ਪਾਰਟੀ ਦੇ ਕੁਝ ਲੀਡਰਾਂ ਨੂੰ ਜਨਤਕ ਤੌਰ ‘ਤੇ ਇਸ ਕਾਰੇ ਦੀ ਨਿਖੇਧੀ ਕਰਨੀ ਪਈ ਅਤੇ ਇਥੋਂ ਤੱਕ ਕਿ ਗਵਰਨਰ ਦੀ ਦੌੜ ‘ਚ ਸ਼ਾਮਿਲ ਕ੍ਰਿਸ ਮਾਡਲ ਇਮੀਗ੍ਰੇਸ਼ਨ ਨੀਤੀਆਂ ਨੂੰ ਲਾਗੂ ਕਰਨ ਵੇਲੇ ਕੀਤੇ ਜਾ ਰਹੇ ਧੱਕੇ ਦੇ ਵਿਰੋਧ ‘ਚ ਚੋਣ ਮੈਦਾਨ ਚੋਂ ਆਪਣਾ ਨਾਂਅ ਪਿੱਛੇ ਲੈ ਲੈਂਦੇ ਨੇ | ਅਮਰੀਕਾ ਦੇ ਇਨਸਾਫ ਪਸੰਦ ਲੋਕ ਚਾਹੇ ਡੈਮੋਕਰੇਟ ਹੋਣ ਜਾਂ ਫਿਰ ਰਿਪਬਲਿਕਨ ਇਸ ਮਾਮਲੇ ‘ਚ ਸਰਕਾਰੀ ਧੱਕੇਸ਼ਾਹੀ ਦਾ ਵਿਰੋਧ ਕਰਦੇ ਨੇ | ਇਥੋਂ ਪਤਾ ਲੱਗਦਾ ਹੈ ਕਿ ਦੁਨੀਆ ਦੇ ਵੱਡੇ ਲੋਕਤੰਤਰ ਦੇ ਵਾਸੀ ਕਿਵੇਂ ਆਪਣੇ ਲੋਕਤੰਤਰ ਨੂੰ ਬਚਾਉਣ ਦੇ ਲਈ ਰਾਜਨੀਤਕ ਪਾਰਟੀਆਂ ਦੇ ਅੰਨ੍ਹੇ ਸਮਰਥਕ ਨਹੀਂ ਬਣਦੇ ਬਲਕਿ ਸਮਾਜ ‘ਚ ਸਹੀ ਨੂੰ ਸਹੀ ਅਤੇ ਗ਼ਲਤ ਨੂੰ ਗ਼ਲਤ ਕਹਿਣ ਦਾ ਮਾਦਾ ਰੱਖਦੇ ਨੇ | ਉਧਰ ਦੂਜੇ ਪਾਸੇ ਕਹਿੰਦਾ ਤਾਂ ਭਾਰਤ ਵੀ ਆਪਣੇ ਆਪ ਨੂੰ ਲੋਕਤੰਤਰ ਦੇਸ਼ ਹੈ ਪਰ ਸਿਆਸਤ ਸਮੇਤ ਸਰਕਾਰੀ ਅਹੁਦਿਆਂ ‘ਤੇ ਬੈਠੇ ਅਤੇ ਅਫਸਰਸ਼ਾਹੀ ‘ਚ ਬੈਠੇ ਕੁਝ ਕੱਟੜਵਾਦੀ ਲੋਕਾਂ ਵੱਲੋਂ ਹਰ ਰੋਜ਼ ਘੱਟ ਗਿਣਤੀਆਂ ਦੇ ਵਿਰੁੱਧ ਬਿਆਨਬਾਜ਼ੀ ਕੀਤੀ ਜਾਂਦੀ ਹੈ, ਤਰ੍ਹਾਂ ਤਰ੍ਹਾਂ ਦੇ ਭੜਕਾਊ ਬਿਆਨ ਦਿੱਤੇ ਜਾਂਦੇ ਨੇ ਅਤੇ ਆਪਣੇ ਸਮਰਥਕਾਂ ਨੂੰ ਘੱਟ ਗਿਣਤੀਆਂ ਵਿਰੁੱਧ ਹਿੰਸਾ ਕਰਨ ਦੇ ਲਈ ਉਕਸਾਇਆ ਜਾਂਦਾ ਹੈ, ਬਾਵਜੂਦ ਇਸਦੇ ਭਾਰਤ ਦੇ ਲੋਕ ਕਿਸੇ ਪਸ਼ੂ ਵਪਾਰੀ ਦੀ ਹੱਤਿਆ ‘ਤੇ, ਕਦੇ ਕਿਸੇ ਦੇ ਘਰ ਤਲਾਸ਼ੀ ਲੈਣ ‘ਤੇ ਅਤੇ ਕਦੇ ਸਾਧੂਆਂ ਨੂੰ ਕੁੱਟਣ ‘ਤੇ ਚੂੰ ਤੱਕ ਨਹੀਂ ਕਰਦੇ, ਏਹੀ ਕਾਰਨ ਹੈ ਕਿ ਇਹਨਾਂ ਬੇਲਗਾਮ ਭੀੜਾਂ ਦੀ ਅਗਵਾਈ ਕਰਦੇ ਕੁਝ ਕੁ ਮਾਨਸਿਕ ਬਿਮਾਰ ਲੋਕ ਜਦੋਂ ਵੱਡੇ ਸਿਆਸੀ ਅਹੁਦਿਆਂ ਨਾਲ ਨਿਵਾਜੇ ਜਾਂਦੇ ਤਾਂ ਇਹ ਪਿਰਤ ਘਟਣ ਦੀ ਬਜਾਇ ਸਗੋਂ ਹੋਰ ਗੂੜ੍ਹੀ ਹੁੰਦੀ ਜਾ ਰਹੀ ਹੈ ਜਿਹੜੀ ਕਿ ਭਾਰਤ ਦੇ ਲਈ ਬਹੁਤ ਖ਼ਤਰਨਾਕ ਵੀ ਸਾਬਿਤ ਹੋ ਸਕਦੀ ਹੈ | ਰੋਸ ਧਰਨੇ ਦੇਣ ਅਤੇ ਆਪਣੇ ਗੱਲ ਰੱਖਣ ਦੇ ਅਧਿਕਾਰ ਤਾਂ ਜਿਵੇ ਭਾਰਤ ਸਰਕਾਰ ਨੇ ਬਰਖ਼ਾਸਤ ਕੀਤੇ ਹੋਏ ਨੇ | ਅੱਜ ਜੇਕਰ ਵੱਖ ਵੱਖ ਇੰਡੈਕਸਾਂ ‘ਤੇ ਨਜ਼ਰ ਮਾਰੀਏ ਤਾਂ ਭਾਰਤ ਦੀ ਹਾਲਤ ਬਹੁਤ ਪਤਲੀ ਹੈ ਫਿਰ ਭਾਵੇਂ ਉਹ ‘ਫ੍ਰੀਡਮ ਆਫ ਸਪੀਚ’ ਦਾ ਮਾਮਲਾ ਹੋਵੇ ਜਾਂ ‘ਰਾਈਟ ਆਫ਼ ਐਕਸਪ੍ਰੈਸ਼ਨ’ ਦਾ | ਇੱਕ ਗੱਲ ਸੱਚ ਹੈ ਕਿ ਜਿਹੜੀ ਸਰਕਾਰ ਆਪਣੇ ਸੂਬਿਆਂ ਦੇ ਅਧਿਕਾਰਾਂ ‘ਤੇ ਡਾਕਾ ਮਾਰ ਸਕਦੀ ਹੈ ਓਹਦੇ ਲਈ ਲੋਕਾਂ ਦੇ ਅਧਿਕਾਰ ਖੋਹਣੇ ਕਿੰਨਾ ਕੁ ਔਖਾ ਕੰਮ ਹੈ ? ਇਸ ਕਰਕੇ ਸਿਆਣੇ ਸੱਚ ਕਹਿੰਦੇ ਨੇ ਕਿ ਲੋਕਤੰਤਰ ਹਾਸਲ ਕਰ ਲੈਣ ਨਾਲ ਲੋਕਤੰਤਰ ਨਹੀਂ ਰਹਿੰਦਾ ਬਲਕਿ ਉਸਨੂੰ ਬਹਾਲ ਰੱਖਣ ਦੀ ਜੱਦੋ ਜਹਿਦ ਕਰਨੀ ਪੈਂਦੀ ਹੈ ਜਿਹੜੀ ਕਿ ਅਮਰੀਕੀ ਅੱਜ ਕੱਲ੍ਹ ਕਰ ਰਹੇ ਨੇ ਨਹੀਂ ਤਾਂ ਮੋਦੀ, ਯੋਗੀ ਅਤੇ ਅਮਿਤ ਸ਼ਾਹ ਵਰਗਿਆਂ ਨੇ ਭਾਰਤ ਦਾ ਲੋਕਤੰਤਰ ਠੋਕਤੰਤਰ ਬਣਾ ਕੇ ਰੱਖ ਦਿੱਤਾ ਹੈ |