
ਸੈਕਰਾਮੈਂਟੋ ‘ਚ ਸਿੱਖ ਭਾਈਚਾਰੇ ਦੇ ਲਈ ਇੱਕ ਇਤਿਹਾਸਕ ਫੈਸਲਾ ਸਾਹਮਣੇ ਆਇਆ ਹੈ, ਜਿੱਥੇ ਸਿਟੀ ਕੌਂਸਲ ਵਿੱਚ ਗਾਤਰਾ ਪਾ ਕੇ ਜਾਣ ਦੀ ਇਜਾਜ਼ਤ ਦੇ ਦਿੱਤੀ ਹੈ। ਇਹ ਮਤਾ ਕੌਂਸਲ ਵੱਲੋਂ ਸਰਬਸੰਮਤੀ ਨਾਲ ਪਾਸ ਕੀਤਾ ਗਿਆ, ਜਿਸ ਨਾਲ ਧਾਰਮਿਕ ਆਜ਼ਾਦੀ ਅਤੇ ਸੱਭਿਆਚਾਰਕ ਪਹਿਚਾਣ ਨੂੰ ਵੱਡਾ ਬਲ ਮਿਲਿਆ ਹੈ।
ਦੱਸ ਦੇਈਏ ਕੀ ਇਹ ਕਾਮਯਾਬੀ ਸਿੱਖ ਭਾਈਚਾਰੇ ਦੀ ਲਗਭਗ 3 ਸਾਲਾਂ ਦੀ ਲੰਬੀ ਜੱਦੋ-ਜਹਿਦ ਦਾ ਨਤੀਜਾ ਹੈ। ਇਸ ਦੌਰਾਨ ਕਈ ਮੀਟਿੰਗਾਂ, ਗੱਲਬਾਤਾਂ ਅਤੇ ਜਾਗਰੂਕਤਾ ਮੁਹਿੰਮਾਂ ਰਾਹੀਂ ਇਸ ਮੁੱਦੇ ਨੂੰ ਉਠਾਇਆ ਗਿਆ ਅਤੇ ਸਿੱਖਾਂ ਦੀਆਂ ਧਾਰਮਿਕ ਪਹਿਰਾਵੇ ਅਤੇ ਭਾਵਨਾਵਾਂ ਬਾਰੇ ਜਾਣਕਾਰੀ ਦਿੱਤੀ ਗਈ।
ਇਸ ਮੁਹਿੰਮ ‘ਚ ਸਕੂਲ ਬੋਰਡ ਮੈਂਬਰ ਜਸਜੀਤ ਸਿੰਘ ਨੇ ਬੜੀ ਅਹਿਮ ਭੂਮਿਕਾ ਨਿਭਾਈ। ਉਨ੍ਹਾਂ ਨੇ ਕੌਂਸਲ ਮੈਂਬਰਾਂ ਨਾਲ ਲਗਾਤਾਰ ਸੰਪਰਕ ਬਣਾਇਆ, ਸਿੱਖਾਂ ਦੇ ਲਈ ਗਾਤਰੇ ਦੀ ਧਾਰਮਿਕ ਮਹੱਤਤਾ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਅਤੇ ਸੁਰੱਖਿਆ ਸੰਬੰਧੀ ਚਿੰਤਾਵਾਂ ਨੂੰ ਵੀ ਦੂਰ ਕੀਤਾ। ਉਨ੍ਹਾਂ ਦੀ ਸਮਝਦਾਰੀ ਅਤੇ ਮਿਹਨਤ ਅਤੇ ਵਿਸਥਾਰਪੂਵਕ ਦੱਸੇ ਜਾਣ ਦੇ ਨਾਲ ਸਾਰੇ ਮੈਂਬਰ ਇਸ ਮਤੇ ਦੇ ਹੱਕ ‘ਚ ਆ ਗਏ।
ਇਸ ਫੈਸਲੇ ਨਾਲ ਸੈਕਰਾਮੈਂਟੋ ਦੇ ਨਾਲ ਕੈਲੀਫੋਰਨੀਆ ਅਤੇ ਅਮਰੀਕਾ ‘ਚ ਰਹਿੰਦੇ ਸਿੱਖਾਂ ਨੂੰ ਆਪਣੀ ਧਾਰਮਿਕ ਪਹਿਚਾਣ ਨਾਲ ਜੁੜੇ ਅਧਿਕਾਰਾਂ ਦੀ ਪਾਲਣਾ ਕਰਨ ਵਿੱਚ ਹੋਰ ਆਸਾਨੀ ਹੋਵੇਗੀ ਅਤੇ ਇਹ ਫੈਸਲਾ ਹੋਰ ਸ਼ਹਿਰਾਂ ਲਈ ਵੀ ਇੱਕ ਮਿਸਾਲ ਬਣ ਸਕਦਾ ਹੈ ਅਤੇ ਭਵਿੱਖ ‘ਚ ਕਈ ਥਾਵਾਂ ‘ਤੇ ਇਹ ਕੰਮ ਰਾਹ ਦਸੇਰੇ ਦਾ ਕੰਮ ਕਰੇਗਾ ।