
ਮੋਦੀ ਦੇ ਅੰਧਭਗਤ ਅਤੇ ਭਾਰਤੀ ਮਸ਼ੀਨਰੀ ਹਰ ਇੱਕ ਉਸ ਬੰਦੇ ਨੂੰ ਖਾਲਿਸਤਾਨੀ, ਚੀਨ ਤੋਂ ਸਪੌਂਸਰ ਜਾਂ ਨਕਸਲਵਾਦੀ ਕਹਿੰਦੀ ਹੈ ਜੋ ਹੱਕ ਸੱਚ ਦੀ ਗੱਲ ਕਰਦਾ ਹੈ ਜਾਂ ਇਹਨਾਂ ਦੇ ਕਾਲੇ ਕਾਰਨਾਮਿਆਂ ਬਾਰੇ ਲੋਕਾਂ ਨੂੰ ਦੱਸਦਾ ਹੈ, ਪਰ ਇਸ ਵਾਰ ਸਥਿਤੀ ਥੋੜੀ ਵੱਖਰੀ ਹੈ, ਹੁਣ ਭਾਰਤੀ ਪੱਤਰਕਾਰ ਨੇ ਭਾਰਤੀ ਮਸ਼ੀਨਰੀ ‘ਤੇ ਬੜੇ ਗੰਭੀਰ ਦੋਸ਼ ਲਗਾਏ ਨੇ ਜਿੰਨਾ ਬਾਰੇ ਸਿੱਖ ਦੁਨੀਆਂ ਨੂੰ ਬੜੇ ਚਿਰਾਂ ਤੋਂ ਦੱਸਣ ਦੀ ਕੋਸ਼ਿਸ਼ ਕਰ ਰਹੇ ਨੇ | ਇਸ ਭਾਰਤੀ ਪੱਤਰਕਾਰ ਦਾ ਨਾਂਅ ਹੈ ਅਨਿਰੁੱਧ ਮਿੱਤਰਾ ਅਤੇ ਇਹ ਕੋਈ ਬਾਹਰੀ ਨਹੀਂ ਹੈ ਅਤੇ ਨਾ ਕੋਈ ਖਾਲਿਸਤਾਨੀ ਜਾਂ ਚੀਨ ਤੋਂ ਸਪੌਂਸਰ ਕੀਤਾ ਗਿਆ ਹੈ, ਅਨਿਰੁੱਧ ਮਿੱਤਰਾ ਨੇ ਉਹ ਗੱਲ ਜੱਗ ਜ਼ਾਹਰ ਕੀਤੀ ਹੈ ਜਿਸ ਬਾਰੇ ਭਾਰਤ ਦੀ ਬਹੁ ਗਿਣਤੀ ਤਾਂ ਗੱਲ ਕਰਨ ਵੇਲੇ ਹੀ ਡਰ ਜਾਂਦੀ ਹੈ | ਅਨਿਰੁੱਧ ਮਿੱਤਰਾ ਨੇ ਵੱਡੇ ਖੁਲਾਸੇ ਕਰਦਿਆਂ ਦੱਸਿਆ ਹੈ ਕਿ ਪਿਛਲੇ ਕੁਝ ਸਮੇਂ ਤੋਂ ਭਾਰਤੀ ਸਟੇਟ ਨੇ 5 ਦਰਜਨ ਤੋਂ ਵੱਧ ਲੋਕਾਂ ਦੇ ਕਤਲ ਕੀਤੇ ਨੇ | ਇਹਨਾਂ ‘ਚ ਉਹ ਸਿੱਖ ਕਾਰਕੁੰਨ ਵੀ ਸ਼ਾਮਿਲ ਨੇ ਜਿਨ੍ਹਾਂ ਦੀ ਮੌਤ ਤੋਂ ਬਾਅਦ ਸਿੱਖਾਂ ਨੇ ਦੋਸ਼ ਲਗਾਏ ਸਨ ਕਿ ਇਹ ਕਤਲ ਭਾਰਤੀ ਏਜੰਸੀਆਂ ਅਤੇ ਡੀਪ ਸਟੇਟ ਨੇ ਕਰਵਾਏ ਨੇ | ਅਨਿਰੁੱਧ ਮਿੱਤਰਾ ਦੀ ਕਿਤਾਬ ‘The Delhi Directive’ ‘ਚ ਇਹ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕਿਵੇਂ ਇਹਨਾਂ ਕਤਲਾਂ ਨੂੰ ਅੰਜਾਮ ਦਿੱਤਾ ਗਿਆ ? ਕੀ ਹੁਣ ਵੀ ਓਹਨਾ ਸਿੱਖਾਂ ਨੂੰ ਕੋਈ ਓਹਲਾ ਹੈ ਜਿਹੜੇ ਇਸ ਮੌਕੇ ਦੀ ਤਾਕ ‘ਚ ਰਹਿੰਦੇ ਨੇ ਕਿ ਕਿਵੇਂ ਮੋਦੀ ਅਤੇ ਭਾਰਤੀ ਸਟੇਟ ਨੂੰ ਸਿੱਖਾਂ ਵੱਲੋਂ ਹੀ ਲਗਾਏ ਜਾਂਦੇ ਇਲਜ਼ਾਮਾਂ ਤੋਂ ਬਰੀ ਕੀਤਾ ਜਾਵੇ ? ਇਹ ਸਿੱਖ ਕਹਿਣ ਨੂੰ ਤਾਂ ਸਿੱਖ ਨੇ ਪਰ ਭੁਗਤਦੇ ਹਮੇਸ਼ਾ ਭਾਰਤੀ ਸਟੇਟ ਵਾਲੇ ਪਾਸੇ ਨੇ | ਇਥੋਂ ਪਤਾ ਲੱਗਦਾ ਹੈ ਕਿ ਜਿਹੜੇ ਸਿੱਖ ਆਪਣੇ ਰਾਜ ਦੀ ਪ੍ਰਾਪਤੀ ਲਈ ਘਾਲਣਾ ਘਾਲ ਰਹੇ ਨੇ ਓਹਨਾ ਨੇ ਕਿੰਨੇ ਸੰਕਟ ਤੇ ਕਸ਼ਟ ਝੱਲੇ ਹੋਣਗੇ, ਜਦੋਂ ਕੋਈ ਪੂਰਾ ਸਿਸਟਮ ਹੀ ਤੁਹਾਡੇ ਮਗਰ ਲੱਗ ਜਾਵੇ, ਜਦੋਂ ਕਿਸੇ ਦੇਸ਼ ਦੀ ਡੀਪ ਸਟੇਟ ਤੁਹਾਡਾ ਪਿੱਛਾ ਬਾਹਰਲੇ ਮੁਲਕਾਂ ‘ਚ ਵੀ ਕਰਨੋਂ ਨਾ ਹਟੇ ਤਾਂ ਫਿਰ ਤੁਹਾਡੀ ਘਾਲਣਾ ਹੋਰ ਵੀ ਔਖੀ ਹੋ ਜਾਂਦੀ ਹੈ ਕਿਉਂਕਿ ਜਿਹੜੇ ਲੋਕ ਆਪਣੇ ਟੀਚੇ ਨਹੀਂ ਛੱਡਦੇ ਓਹਨਾ ਨੂੰ ਕਈ ਤਰ੍ਹਾਂ ਦੇ ਤਸੀਹੇ ਵੀ ਝੱਲਣੇ ਪੈਂਦੇ ਹਨ | ਸਿੱਖਾਂ ਨੂੰ ਇਸ ਕਿਤਾਬ ਦਾ ਹਵਾਲਾ ਕੌਮਾਂਤਰੀ ਮੰਚਾਂ ‘ਤੇ ਜ਼ੋਰ ਸ਼ੋਰ ਨਾਲ ਚੱਕਣਾ ਚਾਹੀਦਾ ਅਤੇ ਭਾਰਤੀ ਸਟੇਟ ਨੂੰ ਨੰਗਿਆਂ ਕਰਨਾ ਚਾਹੀਦਾ |