ਪਿਛਲੇ 33 ਸਾਲਾਂ ਤੋਂ ਜੇਲ੍ਹ ਵਿੱਚ ਸਜ਼ਾ ਕੱਟ ਰਹੇ ਪ੍ਰੋਫੈਸਰ ਦਵਿੰਦਰ ਪਾਲ ਸਿੰਘ ਭੁੱਲਰ ਦੀ ਰਿਹਾਈ ਦੀਆਂ ਉਮੀਦਾਂ ਨੂੰ ਇੱਕ ਵਾਰ ਫਿਰ ਵੱਡਾ ਝਟਕਾ ਲੱਗਿਆ ਹੈ। ਦਿੱਲੀ ਦੇ ਸਜ਼ਾ ਸਮੀਖਿਆ ਬੋਰਡ (Sentence Review Board – SRB) ਨੇ ਪ੍ਰੋਫੈਸਰ ਭੁੱਲਰ ਦੀ ਰਿਹਾਈ ਸਬੰਧੀ ਪਾਈ ਗਈ ਪਟੀਸ਼ਨ ਨੂੰ ਮੁੜ ਤੋਂ ਰੱਦ ਕਰ ਦਿੱਤਾ ਹੈ। ਪਤਾ ਲੱਗਿਆ ਹੈ ਕਿ ਉਮਰ ਕੈਦ ਦੇ 51 ਮਾਮਲਿਆਂ ‘ਤੇ ਵਿਚਾਰ ਕਰਨ ਲਈ ਸਜ਼ਾ ਸਮੀਖਿਆ ਬੋਰਡ ਦੀ ਮੀਟਿੰਗ ਹੋਈ ਸੀ ਜਿਸ ਵਿੱਚ ਬੋਰਡ ਨੇ ਪ੍ਰੋਫੈਸਰ ਭੁੱਲਰ ਸਮੇਤ 25 ਦੋਸ਼ੀਆਂ ਦੀ ਰਿਹਾਈ ਦੀਆਂ ਅਪੀਲਾਂ ਨੂੰ ਰੱਦ ਕਰ ਦਿੱਤਾ। ਇਹ ਨੌਵੀਂ ਵਾਰ ਹੈ ਜਦੋਂ ਉਨ੍ਹਾਂ ਦੀ ਰਿਹਾਈ ਦੀ ਅਰਜ਼ੀ ਖਾਰਜ ਕੀਤੀ ਗਈ ਹੈ।ਇਸ ਫੈਸਲੇ ਦੇ ਆਉਂਦਿਆਂ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਵੀ ਦਿੱਲੀ ਸਰਕਾਰ ਵੱਲੋਂ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਪਟੀਸ਼ਨ ਨੂੰ ਮੁੜ ਰੱਦ ਕਰਨ ਦੇ ਫੈਸਲੇ ਦੀ ਨਿੰਦਾ ਕਰਦਿਆਂ ਇਸ ਨੂੰ ਸਿੱਖਾਂ ਨਾਲ ਬੇਇਨਸਾਫ਼ੀ ਅਤੇ ਧੱਕਾ ਕਰਾਰ ਦਿੱਤਾ ਹੈ।
ਸਿੱਖ ਸੰਗਤਾਂ ਇਹ ਗੱਲ ਜਾਣਦੀਆਂ ਹੀ ਨੇ ਕਿ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਪਿਛਲੇ 28 ਸਾਲਾਂ ਤੋਂ ਜੇਲ੍ਹ ਵਿੱਚ ਹੈ ਅਤੇ ਇਸ ਸਮੇਂ ਅੰਮ੍ਰਿਤਸਰ ਦੇ ਗੁਰੂ ਨਾਨਕ ਹਸਪਤਾਲ ਵਿੱਚ ਉਹਨਾਂ ਦਾ ਇਲਾਜ ਵੀ ਚੱਲ ਰਿਹਾ ਹੈ । ਖ਼ਾਲਿਸਤਾਨ ਲਿਬਰੇਸ਼ਨ ਫੋਰਸ (KLF) ਨਾਲ ਸਬੰਧਿਤ ਰਹੇ ਪ੍ਰੋਫੈਸਰ ਭੁੱਲਰ ਨੂੰ ਪਹਿਲਾਂ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ, ਸੁਪਰੀਮ ਕੋਰਟ ਨੇ 2014 ਵਿੱਚ ਉਸਦੀ ਮਾਨਸਿਕ ਸਥਿਤੀ ਅਤੇ ਰਹਿਮ ਦੀ ਅਪੀਲ ਵਿੱਚ ਦੇਰੀ ਨੂੰ ਧਿਆਨ ਵਿੱਚ ਰੱਖਦੇ ਹੋਏ ਉਹਨਾਂ ਦੀ ਮੌਤ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਬਦਲ ਦਿੱਤਾ ਸੀ। ਇਸ ਫੈਸਲੇ ਦੇ ਆਉਣ ਤੋਂ ਬਾਅਦ ਮੋਦੀ ਦਾ ਸਿੱਖਾਂ ਪ੍ਰਤੀ ਦੋਗਲਾ ਪੈਮਾਨਾ ਵੀ ਨੰਗਾ ਹੋ ਗਿਐ ਕਿਉਂਕਿ ਸੰਘ ਅਤੇ ਭਾਜਪਾਈ ਇਹ ਹਮੇਸ਼ਾ ਝੂਠ ਬੋਲਦੇ ਨੇ ਕਿ ਉਹ ਸਿੱਖਾਂ ਦੇ ਸੱਚੇ ਹਮਦਰਦ ਅਤੇ ਸਿਰਸਾ ਤੇ ਬਿੱਟੂ ਵਰਗੇ ਜਿਹੜੇ ਦੇਖਣ ਨੂੰ ਸਿੱਖਾਂ ਵਾਂਗੂੰ ਹੀ ਲੱਗਦੇ ਨੇ ਉਹ ਭਾਜਪਾ ਦੇ ਇਸ ਏਜੰਡੇ ਨੂੰ ਅੱਗੇ ਵਧਾਉਂਦੇ ਨੇ ਪਰ ਅਸਲੀਅਤ ਇਹ ਹੈ ਕਿ ਜਿਹੜੇ ਸਿੱਖ ਸਜ਼ਾਵਾਂ ਭੁਗਤ ਚੁੱਕੇ ਨੇ ਉਹਨਾਂ ਨੂੰ ਤਾਂ ਰਿਹਾਅ ਨਹੀਂ ਕੀਤਾ ਜਾ ਰਿਹਾ ਅਤੇ ਦੂਜੇ ਪਾਸੇ ਡੇਰੇ ਸਿਰਸੇ ਵਾਲਾ ਬਲਾਤਕਾਰੀ, ਕਾਤਲ ਸਾਧ ਆਏ ਮਹੀਨੇ ਪੈਰੋਲ ‘ਤੇ ਛੱਡਿਆ ਜਾਂਦਾ ਹੈ, ਅਤੇ ਹੁਣ ਭਾਜਪਾ ਨੇ ਇੱਕ ਹੋਰ ਸੰਦ ਬਿਆਸ ਵਾਲਾ ਸਾਧ ਰਾਜਪਾਲ ਨਾਲ ਤੋਰ ਕੇ ਫਿਰ ਤੋਂ ਆਪਣੇ ਸਿੱਖ ਵਿਰੋਧੀ ਮਨਸੂਬੇ ਜੱਗ ਜਾਹਰ ਕਰ ਦਿੱਤੇ ਨੇ | ਸਿੱਖਾਂ ਨੂੰ ਨਿਆਂ ਤੋਂ ਦੂਰ ਰੱਖਣ ਕਰਕੇ ਅਤੇ ਬਰਾਬਰਤਾ ਨਾ ਦੇਣ ਕਰਕੇ ਹੀ ਸਿੱਖ ਭਾਰਤੀ ਤੰਤਰ ‘ਤੇ ਭਰੋਸਾ ਕਰਨ ਵੇਲੇ ਸੌ ਵਾਰੀ ਸੋਚਦੇ ਹਨ |