
ਭਾਰਤੀ ਨਾਗਰਿਕ ਨਿਖਿਲ ਗੁਪਤਾ ਨੇ ਖਾਲਿਸਤਾਨੀ ਆਗੂ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਨਾਕਾਮ ਸਾਜ਼ਿਸ਼ ਘੜਨ ਦੇ ਦੋਸ਼ ਕਬੂਲ ਲਏ ਹਨ ਅਤੇ ਮੋਦੀ ਸਰਕਾਰ ਗੁਪਤੇ ਦੇ ਇਸ ਕਬੂਲਨਾਮੇ ਤੋਂ ਬਾਅਦ ਕਸੂਤੀ ਫਸ ਚੁੱਕੀ ਹੈ । ਅਮਰੀਕਾ ‘ਚ ਪਹਿਲਾਂ ਹੀ ਸਰਕਾਰ ਕਈ ਮਾਮਲਿਆਂ ‘ਚ ਫਸੀ ਹੋਈ ਹੈ ਫਿਰ ਚਾਹੇ ਉਹ ਅਡਾਨੀ ਦਾ ਮਾਮਲਾ ਹੋਵੇ ਜਾਂ ਫਿਰ ਐਪਸਟੀਨ ਫਾਈਲਾਂ ‘ਚ ਮੋਦੀ ਸਮੇਤ ਮੰਤਰੀਆਂ ਦੇ ਨਾਂਅ ਹੋਣ | ਸਿੱਖ ਬਹੁਤ ਲੰਬੇ ਸਮੇਂ ਤੋਂ ਭਾਰਤੀ ਸਿਸਟਮ ਅਤੇ ਸਮੇਂ ਦੀਆਂ ਸਰਕਾਰਾਂ ਬਾਰੇ ਕੌਮਾਂਤਰੀ ਪੱਧਰ ‘ਤੇ ਹੰਭਲੇ ਮਾਰ ਰਹੇ ਨੇ ਅਤੇ ਲੋਕਾਂ ਨੂੰ ਦੱਸ ਕੇ ਕੇ ਕਿਵੇਂ ਭਾਰਤ ‘ਚ ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾ ਕੇ ਉਹਨਾਂ ਦੇ ਹੱਕ ਅਧਿਕਾਰ ਖੋਹ ਕੇ ਦੂਜੇ ਦਰਜੇ ਦੇ ਸ਼ਹਿਰੀ ਬਣਾਇਆ ਜਾ ਰਿਹਾ ਹੈ ? ਸਿੱਖ ਆਗੂਆਂ ਅਤੇ ਆਪਣੇ ਰਾਜ ਪ੍ਰਾਪਤੀ ਦੇ ਲਈ ਘਾਲਣਾ ਕਰ ਰਹੇ ਜੁਝਾਰੂਆਂ ਨੂੰ ਜਦੋਂ ਸਿਲਸਿਲੇਵਾਰ ਕਤਲ ਕੀਤਾ ਜਾ ਰਿਹਾ ਸੀ ਤਾਂ ਸਿੱਖਾਂ ਨੇ ਇਸਦੇ ਬਾਰੇ ਹੀ ਪਹਿਲਾਂ ਬੜੇ ਧੜੱਲੇ ਦੇ ਨਾਲ ਭਾਰਤੀ ਸਰਕਾਰ ਦੀਆਂ ਕਾਲੀਆਂ ਕਰਤੂਤਾਂ ਨੂੰ ਨੰਗਾ ਕੀਤਾ ਸੀ, ਹੁਣ ਗੁਪਤੇ ਦੇ ਕਬੂਲਨਾਮੇ ਨੇ ਸਿੱਖਾਂ ਦੇ ਓਹਨਾ ਹੰਭਲਿਆਂ ‘ਤੇ ਮੋਹਰ ਲਾ ਦਿੱਤੀ ਹੈ |
ਅਦਾਲਤੀ ਦਸਤਾਵੇਜ਼ਾਂ ਅਤੇ ਮੈਨਹਟਨ ਦੇ ਅਟਾਰਨੀ ਦਫ਼ਤਰ ਦੇ ਤਰਜਮਾਨ ਤੋਂ ਮਿਲੀ ਜਾਣਕਾਰੀ ਮੁਤਾਬਿਕ ਗੁਪਤਾ ਨੇ ਭਾੜੇ ਦੇ ਕਤਲ, ਕਤਲ ਦੀ ਸਾਜ਼ਿਸ਼ ਘੜਨ ਅਤੇ ਮਨੀ ਲਾਂਡਰਿੰਗ ਦੀ ਸਾਜ਼ਿਸ਼ ਦੇ ਦੋਸ਼ ਕਬੂਲ ਕੀਤੇ ਹਨ ਅਤੇ ਇਨ੍ਹਾਂ ਦੋਸ਼ਾਂ ਤਹਿਤ ਗੁਪਤਾ ਨੂੰ ਵੱਧ ਤੋਂ ਵੱਧ 40 ਸਾਲ ਕੈਦ ਦੀ ਸਾਂਝੀ ਸਜ਼ਾ ਹੋ ਸਕਦੀ ਹੈ। ਗੁਪਤਾ ਨੇ ਮੈਨਹਟਨ ਦੀ ਫੈਡਰਲ ਅਦਾਲਤ ਵਿਚ ਅਮਰੀਕੀ ਮੈਜਿਸਟਰੇਟ ਜੱਜ ਸਾਰ੍ਹਾ ਨੈੱਟਬਰਨ ਕੋਲ ਪਟੀਸ਼ਨ ਦਾਇਰ ਕੀਤੀ ਸੀ।
ਜ਼ਿਕਰਯੋਗ ਹੈ ਕਿ ਗੁਪਤਾ ਜੂਨ 2024 ਤੋਂ ਬਰੂਕਲਿਨ ਦੀ ਜੇਲ੍ਹ ਵਿੱਚ ਬੰਦ ਹੈ ਅਤੇ ਉਸ ਨੂੰ ਚੈੱਕ ਗਣਰਾਜ ਤੋਂ ਅਮਰੀਕਾ ਲਿਆਂਦਾ ਗਿਆ ਸੀ, ਜਿੱਥੇ ਉਸ ਨੂੰ ਇਕ ਸਾਲ ਪਹਿਲਾਂ ਗ੍ਰਿਫ਼ਤਾਰ ਕੀਤਾ ਗਿਆ ਸੀ। ਅਮਰੀਕੀ ਵਕੀਲਾਂ ਨੇ ਗੁਪਤਾ ’ਤੇ ਭਾਰਤੀ ਸਰਕਾਰੀ ਅਧਿਕਾਰੀ ਦੀ ਮਦਦ ਨਾਲ ਗੁਰਪਤਵੰਤ ਪੰਨੂ ਦੇ ਕਤਲ ਦੀ (ਨਾਕਾਮ) ਸਾਜ਼ਿਸ਼ ਘੜਨ ਦਾ ਦੋਸ਼ ਲਗਾਇਆ ਸੀ। ਅਮਰੀਕਾ ਵਿੱਚ ਰਹਿੰਦੇ ਪੰਨੂ ਕੋਲ ਯੂ ਐੱਸ ਤੇ ਕੈਨੇਡਾ ਦੀ ਦੋਹਰੀ ਨਾਗਰਿਕਤਾ ਹੈ। ਭਾਰਤ ਸਰਕਾਰ ਆਪਣੀ ਆਦਤ ਅਤੇ ਰਵਾਇਤ ਮੁਤਾਬਿਕ ਪੰਨੂ ਦੇ ਕਤਲ ਦੀ ਨਾਕਾਮ ਸ਼ਾਜ਼ਿਸ਼ ਵਿੱਚ ਕਿਸੇ ਤਰ੍ਹਾਂ ਦੀ ਸ਼ਮੂਲੀਅਤ ਤੋਂ ਇਨਕਾਰ ਕਰਦੀ ਰਹੀ ਹੈ। ਸਿੱਖਾਂ ਨੂੰ ਹਰ ਮੰਚ ‘ਤੇ ਗੁਪਤੇ ਦੇ ਇਸ ਕਬੂਲਨਾਮੇ ਨੂੰ ਦੁਹਰਾ ਕੇ ਭਾਰਤੀ ਸਰਕਾਰ ਨੂੰ ਕਟਹਿਰੇ ‘ਚ ਖੜ੍ਹਾ ਕਰਨਾ ਚਾਹੀਦਾ ਹੈ |