ਮੋਦੀ ਸਰਕਾਰ ਵੱਲੋਂ ਨਵੀਂ ਦਿੱਲੀ ਵਿੱਚ ਰੱਖੀ ‘ਇੰਡੀਆ ਏਆਈ ਇਮਪੈਕਟ ਸਮਿਟ 2026’ (India AI Impact Summit 2026) ਦੌਰਾਨ ਇਹ ਦੁਨੀਆ ਭਰ ‘ਚ ਮਜ਼ਾਕ ਦਾ ਪਾਤਰ ਬਣ ਗਈ ਹੈ ਅਤੇ ਦੁਨੀਆ ‘ਚ ਇਹ ਗੱਲ ਪ੍ਰਚਲਿਤ ਹੋ ਗਈ ਹੈ ਕਿ ਕਿਵੇਂ ਮੋਦੀ ਸਰਕਾਰ ਨੇ ਚੀਨੀ ਉਤਪਾਦ ‘ਤੇ ਆਪਣੀ ਮੋਹਰ ਲਗਾ ਕੇ ਝੂਠ ਮਾਰਨ ਦੀ ਕੋਸ਼ਿਸ਼ ਕੀਤੀ ਹੈ ? ਉਹ ਸਰਕਾਰ ਹੈ ਜਿਸਨੇ ‘ਸਕਿੱਲ ਇੰਡੀਆ’, ‘ਡਿਜੀਟਲ ਇੰਡੀਆ’ ਅਤੇ ਚੀਨ ਦੇ ਸਮਾਨ ਦਾ ਬਾਈਕਾਟ ਤੋਂ ਲੈ ਕੇ ਪਤਾ ਨਹੀਂ ਕਿੰਨੇ ਕੁ ਝੂਠੇ ਸਿਆਸੀ ਪ੍ਰਾਪੇਗੰਡੇ ਕੀਤੇ ਹੋਣ ?
ਅਸਲ ‘ਚ ਸਾਰਾ ਮੁੱਦਾ ਗਲਗੋਟੀਆਜ਼ ਯੂਨੀਵਰਸਿਟੀ ਨਾਲ ਜੁੜਿਆ ਹੋਇਆ ਹੈ ਜਿਸ ਨਾਲ ਸਬੰਧਿਤ ਇੱਕ ਬੀਬੀ ਨੇ ਚਾਰ ਪੈਰਾਂ ਵਾਲੇ ਰੋਬੋਟਿਕ ਕੁੱਤੇ (quadruped robot) ਬਾਰੇ ਇਹ ਝੂਠ ਬੋਲਿਆ ਸੀ ਕਿ ਇਹ ਯੂਨੀਵਰਸਿਟੀ ‘ਚ ਬਣਾਇਆ ਗਿਆ ਹੈ ਜਿਹੜਾ ਕਿ ਅਸਲ ‘ਚ ਢਾਈ ਕੁ ਲੱਖ ਰੁਪਏ ‘ਚ ਚੀਨ ਤੋਂ ਖਰੀਦਿਆ ਗਿਆ ਸੀ ਅਤੇ ਇਸਦੀ ਕੀਮਤ ਬੀਬੀ ਵੱਲੋਂ ਸਾਢੇ ਤਿੰਨ ਸੌ ਕਰੋੜ ਦੱਸੀ ਗਈ ਸੀ ਤੇ ਸ਼ੁਰੂ ‘ਚ ਤਾਂ ਯੂਨੀਵਰਸਿਟੀ ਆਪਣੇ ਝੂਠ ‘ਚ ਕਾਮਯਾਬ ਵੀ ਹੋ ਗਈ ਸੀ ਅਤੇ ਇਹ ਰੋਬੋਟ ਦਰਸ਼ਕਾਂ ਲਈ ਖਿੱਚ ਦਾ ਮੁੱਖ ਕੇਂਦਰ ਬਣਿਆ ਹੋਇਆ ਸੀ ਅਤੇ ਚੀਨੀ ਰੋਬੋਟਿਕਸ ਕੰਪਨੀ ‘ਯੂਨੀਟ੍ਰੀ’ (Unitree) ਵੱਲੋਂ ਬਣਾਇਆ ਗਿਆ Go2 ਮਾਡਲ ਰੋਬੋਟਿਕ ਕੁੱਤੇ ਨੂੰ ਯੂਨੀਵਰਸਿਟੀ ਨੇ “ਓਰੀਅਨ” (Orion) ਨਾਮ ਦੇ ਲੇਬਲ ਹੇਠ ਪ੍ਰਦਰਸ਼ਿਤ ਕੀਤਾ ਸੀ। ਪਰ ਜਲਦੀ ਹੀ ਇਸ ਬਾਰੇ ਸਾਰਾ ਕੱਚ ਸੱਚ ਸਾਹਮਣੇ ਆ ਗਿਆ ਸੀ ਕਿਉਂਕਿ ਤਕਨੀਕੀ ਮਾਹਰਾਂ ਅਤੇ ਆਨਲਾਈਨ ਨਿਗਰਾਨਾਂ ਨੇ ਜਲਦੀ ਹੀ ਇਸਦੀ ਪਛਾਣ ਕਰ ਲਈ ਸੀ। ਇਸ ਖੁਲਾਸੇ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਯੂਨੀਵਰਸਿਟੀ ਵਿਰੁੱਧ ਤਿੱਖੀ ਪ੍ਰਤੀਕਿਰਿਆ ਹੋਈ ਅਤੇ ਵਿਰੋਧੀ ਧਿਰਾਂ ਨੇ ਸਰਕਾਰ ਨੂੰ ਘੇਰਨਾ ਸ਼ੁਰੂ ਕਰ ਦਿੱਤਾ। ਲੋਕਾਂ ਨੇ ਮੋਦੀ ਅਤੇ ਯੂਨੀਵਰਸਿਟੀ ਦੇ ਝੂਠ ਕਰਕੇ ਦੋਵਾਂ ਨੂੰ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ ਅਤੇ ਤਰ੍ਹਾਂ ਤਰ੍ਹਾਂ ਦੇ ਮਜ਼ਾਕ ਕੀਤੇ ਗਏ, ਪੈਦਾ ਹੋਏ ਵਿਵਾਦ ਤੋਂ ਬਾਅਦ ਗਲਗੋਟੀਆਜ਼ ਯੂਨੀਵਰਸਿਟੀ ਇੱਕ ਵੱਡੇ ਅਤੇ ਗੰਭੀਰ ਵਿਵਾਦ ਦੇ ਘੇਰੇ ਵਿੱਚ ਆ ਗਈ, ਜਿਸ ਨੇ ਦੇਸ਼ ਦੇ ਤਕਨੀਕੀ ਅਤੇ ਰਾਜਨੀਤਿਕ ਹਲਕਿਆਂ ਵਿੱਚ ਹਲਚਲ ਪੈਦਾ ਕਰ ਦਿੱਤੀ ਹੈ ਅਤੇ ਵਿਵਾਦ ਤੋਂ ਬਾਅਦ ‘ਇੰਡੀਆ ਏਆਈ ਇਮਪੈਕਟ ਸਮਿਟ 2026’ ਚੋਂ ਆਪਣਾ ਸਟਾਲ ਖਾਲੀ ਕਰ ਆਪਣਾ ਜੁੱਲੀ ਬਿਸਤਰਾ ਵੀ ਬੰਨ੍ਹ ਲਿਆ ਹੈ ।
ਬੇਸ਼ੱਕ ਯੂਨੀਵਰਸਿਟੀ ਇਸ ਸਮਿੱਟ ਚੋਂ ਚਲੀ ਗਈ ਹੈ ਪਰ ਇਹ ਵਿਵਾਦ ਮੋਦੀ ਸਰਕਾਰ ਲਈ ਇੱਕ ਵੱਡੀ ਫਜ਼ੀਹਤ ਦਾ ਸਬੱਬ ਜ਼ਰੂਰ ਬਣ ਗਿਆ ਹੈ। ਲੋਕ ਪੁੱਛ ਰਹੇ ਨੇ ਕਿ ਪਿਛਲੇ ਕਈ ਸਾਲਾਂ ਤੋਂ ਚੀਨ ਵਿਰੁੱਧ ਸਿਆਸੀ ਪ੍ਰਾਪੇਗੰਡਾ ਕਰਕੇ ਆਪਣਾ ਸਿਆਸੀ ਬੰਦੋਬਸਤ ਕੀਤਾ ਹੋਇਆ ਅਤੇ ਭਾਰਤ ‘ਚ ਨੌਜਵਾਨੀ ਨੂੰ ਕਿਸੇ ਤਰ੍ਹਾਂ ਦੇ ਸਕਿੱਲ ਦੇਣ ‘ਚ ਇਹ ਸਰਕਾਰ ਫ਼ੇਲ੍ਹ ਕਿਉਂ ਸਾਬਿਤ ਹੋਈ ਹੈ ਅਤੇ ਆਪਣੇ ਆਪ ਨੂੰ ਵਿਸ਼ਵ ਗੁਰੂ ਦੱਸਣ ਵਾਲਾ ਮੋਦੀ ‘ਇੰਡੀਆ ਏਆਈ ਇਮਪੈਕਟ ਸਮਿਟ 2026’ ਦੀ ਸਫਲਤਾ ਦੇ ਲਈ ਕਿਵੇਂ ਚੀਨੀ ਉਤਪਾਦਾਂ ‘ਤੇ ਨਿਰਭਰ ਹੈ ?