ਦੋਵਾਂ ਪਾਸਿਆਂ ਵਿੱਚ ਅਟੁੱਟ ਸਾਂਝ ਨੂੰ ਮਜ਼ਬੂਤ ਕਰਨ ਲਈ ਕੀਤੇ ਜਾ ਰਹੇ ਯਤਨਾਂ ਨੂੰ ਹੋਰ ਮਜ਼ਬੂਤ ਕਰਨ ਦੀ ਲੋੜ ਉੱਤੇ ਜ਼ੋਰ
ਪੱਛਮੀ ਪੰਜਾਬ ਵਿੱਚ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਦੇ ਖੇਤਰਾਂ ਵਿੱਚ ਵਡਮੁੱਲਾ ਯੋਗਦਾਨ ਪਾ ਰਹੀ ਪ੍ਰੋਫੈਸਰ ਡਾਕਟਰ ਨਬੀਲਾ ਰਹਿਮਾਨ ਨੇ ਦੋਵਾਂ ਪੰਜਾਬਾਂ ਵਿੱਚ ਅਟੁੱਟ ਸਾਂਝ ਨੂੰ ਮਜ਼ਬੂਤ ਕਰਨ ਲਈ ਕੀਤੇ ਜਾ ਰਹੇ ਯਤਨਾਂ ਨੂੰ ਹੋਰ ਮਜ਼ਬੂਤ ਕਰਨ ਦੀ ਲੋੜ ਉੱਤੇ ਜ਼ੋਰ ਦਿੱਤਾ ਹੈ।
ਓਰੀਐਂਟਲ ਕਾਲਜ ਯੂਨੀਵਰਸਿਟੀ ਆਫ਼ ਪੰਜਾਬ ਦੀ ਪ੍ਰਿੰਸੀਪਲ ਡਾਕਟਰ ਨਬੀਲਾ ਰਹਿਮਾਨ ਨੇ ਇਸ ਵਿਚਾਰ ਇੱਥੇ ਕੀਤੇ ਇੱਕ ਸਮਾਗਮ ਦੌਰਾਨ ਬੋਲਦਿਆਂ ਪ੍ਰਗਟਾਏ।
ਜੰਗ ਯੂਨੀਵਰਸਿਟੀ ਦੀ ਸਾਬਕਾ ਵਾਈਸ ਚਾਂਸਲਰ ਅਤੇ ਪੰਜਾਬ ਯੂਨੀਵਰਸਿਟੀ ਲਾਹੌਰ ਵਿੱਚ ਪੰਜਾਬੀ ਅਤੇ ਗੁਰਮੁਖੀ ਦੀ ਪੜ੍ਹਾਈ ਲਈ ਮੋਹਰੀ ਵਜੋਂ ਜਾਣੇ ਜਾਂਦੇ ਡਾ. ਨਬੀਲਾ ਨੇ ਇਤਿਹਾਸਕ ਹਵਾਲੇ ਦਿੰਦਿਆਂ ਪੰਜਾਬੀਆਂ ਨੂੰ ਆਪਣੇ ਸਭਿਆਚਾਰ ਖ਼ਾਸ ਕਰ ਗੁਰਮੁਖੀ ਅਤੇ ਸ਼ਾਹਮੁਖੀ ਲਿਪੀਆਂ ਵਿਚਾਲੇ ਸਾਂਝ ਅਤੇ ਸਹਿਯੋਗ ਦੀ ਜ਼ਰੂਰਤ ਦਾ ਅਹਿਸਾਸ ਕਰਵਾਉਂਦਿਆਂ ਬੜੇ ਅਹਿਮ ਸੁਝਾਅ ਦਿੱਤੇ।
ਪੰਜਾਬੀ ਕਲਚਰਲ ਸੈਂਟਰ ਯੂਐਸਏ ਅਤੇ ਪੰਜਾਬੀ ਰੇਡੀਓ ਯੂਐਸਏ ਵੱਲੋਂ ਵਿਸ਼ਵ ਪੰਜਾਬੀ ਸਾਹਿਤ ਅਕਾਦਮੀ ਯੂਐਸਏ ਦੇ ਵਿਸ਼ੇਸ਼ ਸਹਿਯੋਗ ਨਾਲ ਸ਼ਨੀਚਰਵਾਰ ਨੂੰ ਕੀਤੀ ਇਸ ਸਾਹਿਤਕ ਮਿਲਣੀ ਵਿੱਚ ਵਿਸ਼ਵ ਭਰ ਵਿੱਚ ਵਸਦੇ ਪੰਜਾਬੀਆਂ ਦੇ ਭਾਸ਼ਾਈ ਅਤੇ ਸਭਿਆਚਾਰਕ ਸਰੋਕਾਰਾਂ ਬਾਰੇ ਬਹੁਤ ਸਾਰਥਕ ਵਿਚਾਰਾਂ ਕੀਤੀਆਂ ਗਈਆਂ।
ਰੇਡੀਓ ਹੋਸਟ ਅਤੇ ਡਾ. ਨਬੀਲਾ ਦੀ ਨਿਗਰਾਨੀ ਹੇਠ ਪੰਜਾਬੀ ਰੇਡੀਓ ਪੱਤਰਕਾਰੀ ਦੇ ਵਿਸ਼ੇ ਉੱਤੇ ਪੀਐੱਚਡੀ ਦੇ ਖੋਜਾਰਥੀ ਮਸੂਦ ਮਾਲ੍ਹੀ ਨੇ ਆਪਣੇ ਵਿਲੱਖਣ ਅੰਦਾਜ਼ ਰਾਹੀਂ ਆਪਣੀ ਗੁਰੂ ਦਾ ਸਵਾਗਤ ਅਤੇ ਮੋਹ ਭਰੀਆਂ ਗੱਲਾਂ ਕੀਤੀਆਂ।
ਪੰਜਾਬੀ ਰੇਡੀਓ ਯੂਐਸਏ ਵੱਲੋਂ ਸਥਾਪਤ ਕੀਤੇ ਪੰਜਾਬੀ ਕਲਚਰਲ ਸੈਂਟਰ ਦੀ ਟੀਮ ਦੀ ਤਰਫੋਂ ਸੀਨੀਅਰ ਪੱਤਰਕਾਰ ਦਲਜੀਤ ਸਿੰਘ ਸਰਾਂ ਨੇ ਪ੍ਰੋਗਰਾਮ ਦੇ ਸ਼ੁਰੂ ਵਿੱਚ ਡਾ. ਨਬੀਲਾ ਦਾ ਸਵਾਗਤ ਕਰਦਿਆਂ ਉਨ੍ਹਾਂ ਦੇ ਜੀਵਨ ਅਤੇ ਅਕਾਦਮਿਕ ਸਫ਼ਰ ਦੇ ਅਹਿਮ ਪੜਾਵਾਂ ਨਾਲ ਹਾਜ਼ਰੀਨ ਦੀ ਸਾਂਝ ਪਵਾਈ।
ਪੰਜਾਬੀ ਰੇਡੀਓ ਯੂਐਸਏ ਫ੍ਰਿਜ਼ਨੋ ਦੇ ਸਟੂਡੀਓ (2125 N Barton Ave, Fresno, CA 93704) ਦੇ ਵਿਹੜੇ ਕਰਵਾਏ ਇਸ ਇੱਕ ਰੋਜ਼ਾ ਸਮਾਗਮ ਵਿੱਚ ਹੋਏ ਕਵੀ ਦਰਬਾਰ ਵਿੱਚ ਸ਼ਾਇਰਾਂ ਨੇ ਆਪਣੇ-ਆਪਣੇ ਕਲਾਮ ਅਤੇ ਅੰਦਾਜ਼ ਨਾਲ ਸਰੋਤਿਆਂ ਨੂੰ ਨਿਹਾਲ ਕੀਤਾ।
ਪੰਜਾਬੀ ਰੇਡੀਓ ਯੂਐਸਏ ਨੂੰ ਬੁਲੰਦੀਆਂ ਵੱਲ ਲਿਜਾਣ ਵਾਲੇ ਹਰਜੋਤ ਸਿੰਘ ਖ਼ਾਲਸਾ ਅਤੇ ਬਲਵਿੰਦਰ ਕੌਰ ਖ਼ਾਲਸਾ ਵੱਲੋਂ ਸਨਮਾਨ ਲਈ ਉਲੀਕੇ ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਖ਼ਾਲਸਾ ਕਾਲਜ ਅੰਮ੍ਰਿਤਸਰ ਦੇ ਸਾਬਕਾ ਪ੍ਰਿੰਸੀਪਲ ਡਾ. ਦਲਜੀਤ ਸਿੰਘ ਨੇ ਨਬੀਲਾ ਰਹਿਮਾਨ ਵੱਲੋਂ ਪੰਜਾਬੀ ਲਈ ਕੀਤੇ ਜਾ ਰਹੇ ਕਾਰਜਾਂ ਦੀ ਸਰਾਹਨਾ ਕਰਦਿਆਂ ਉਨ੍ਹਾਂ ਦੇ ਫ੍ਰਿਜ਼ਨੋ ਪਹੁੰਚਣ ਨੂੰ ਸਭਨਾਂ ਦਾ ਧੰਨਵਾਦ ਦੱਸਿਆ।
ਹਰਮਨਪਿਆਰੇ ਰੇਡੀਓ ਹੋਸਟ ਰਾਜਕਰਨਬੀਰ ਸਿੰਘ ਨੇ ਦੱਸਿਆ ਕਿ ਇਸ ਸੈਂਟਰ ਨੂੰ ਸਥਾਪਤ ਕਰਨ ਦਾ ਮੁੱਖ ਮੰਤਵ ਹਰ ਉਮਰ ਦੇ ਪੰਜਾਬੀਆਂ ਨੂੰ ਉਸਾਰੂ ਰੁਝੇਵਿਆਂ ਵਾਸਤੇ ਪਲੇਟਫਾਰਮ ਪ੍ਰਦਾਨ ਕਰਨਾ ਹੈ।
ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਜੀਨਾਂ ਅਤੇ ਵਿਰਾਸਤ ਦੇ ਉੱਘੇ ਵਿਗਿਆਨੀ, ਵਿਦਵਾਨ ਤੇ ਸ਼ਾਇਰ ਡਾ. ਗੁਰਮੇਲ ਸਿੰਘ ਸਿੱਧੂ ਲਾਇਬ੍ਰੇਰੀ ਦੀ ਨਵੀਂ ਦਿੱਖ ਦੀ ਘੁੰਡ ਚੁਕਾਈ ਡਾ. ਨਬੀਲਾ ਰਹਿਮਾਨ ਨੇ ਨਿਭਾਈ।
ਵਰਨਣਯੋਗ ਹੈ ਕਿ ਫ੍ਰਿਜ਼ਨੋ ਸਟੇਟ ਯੂਨੀਵਰਸਿਟੀ ਦੇ ਸਾਬਕਾ ਪ੍ਰੋਫੈਸਰ ਡਾ. ਗੁਰਮੇਲ ਸਿੰਘ ਸਿੱਧੂ ਸੰਨ 2020 ਵਿੱਚ ਸਦੀਵੀ ਵਿਛੋੜੇ ਤੋਂ ਪਹਿਲਾਂ ਕਿਤਾਬਾਂ ਦਾ ਵੱਡਾ ਅਤੇ ਵਡਮੁੱਲਾ ਖ਼ਜ਼ਾਨਾ ਪੰਜਾਬੀ ਕਲਚਰਲ ਸੈਂਟਰ ਦੇ ਹਵਾਲੇ ਕਰ ਗਏ ਸਨ।
ਉੱਘੇ ਸ਼ਾਇਰ ਹਰਜਿੰਦਰ ਕੰਗ ਨੇ ਕਵੀ ਦਰਬਾਰ ਦੀ ਵਧੀਆ ਸੰਭਾਲ ਕਰਦਿਆਂ ਸ਼ਾਇਰਾਂ ਅਤੇ ਸਰੋਤਿਆਂ ਵਿਚਾਲੇ ਕਾਵਿਕ ਪੁਲ ਦਾ ਰੋਲ ਨਿਭਾਇਆ।
ਕਵੀ ਦਰਬਾਰ ਵਿੱਚ ਬੇਏਰੀਆ ਤੋਂ ਉਚੇਚਾ ਪਹੁੰਚੇ ਵਿਸ਼ਵ ਪੰਜਾਬੀ ਸਾਹਿਤ ਅਕਾਦਮੀ ਦੇ ਮੋਹਰੀਆਂ ਕੁਲਵਿੰਦਰ, ਜਗਜੀਤ ਨੌਸ਼ਹਿਰਵੀ, ਲਾਜ ਨੀਲਮ ਸੈਣੀ, ਨਛੱਤਰ ਭੋਗਲ (ਬਰਮਿੰਘਮ ਯੂਕੇ), ਸਥਾਨਕ ਸ਼ਾਇਰਾਂ ਸੰਤੋਖ ਸਿੰਘ ਮਿਨਹਾਸ, ਰਣਜੀਤ ਸਿੰਘ ਗਿੱਲ, ਦਲਜੀਤ ਰਿਆੜ, ਇੰਦਰਜੀਤ ਚੌਗਾਵਾਂ, ਹੈਰੀ ਮਾਨ, ਮਹਿੰਦਰ ਸਿੰਘ ਸੰਧਾਵਾਲੀਆ, ਕੁੰਦਨ ਸਿੰਘ ਧਾਮੀ, ਸਰਬਜੀਤ ਸਿੰਘ ਸਰਾਂ ਅਤੇ ਇੰਦਰਜੀਤ ਸਿੰਘ ਬਰਾੜ ਨੇ ਆਪਣਾ ਕਲਾਮ ਪੜ੍ਹਿਆ।
ਹੋਰਨਾਂ ਤੋਂ ਇਲਾਵਾ “ਫ੍ਰਿਜ਼ਨੋ ਬੀ” ਅਖ਼ਬਾਰ ਦੇ ਪੱਤਰਕਾਰ ਗਗਨਜੀਤ ਸਿੰਘ, ਅਰਸ਼ਦੀਪ ਸਿੰਘ ਅਤੇ ਹੋਸਟ ਪ੍ਰਵੀਨ ਸ਼ਰਮਾ ਨੇ ਵੀ ਵਿਚਾਰ ਸਾਂਝੇ ਕੀਤੇ।
ਕਵੀ ਦਰਬਾਰ ਦੀ ਸਮਾਪਤੀ ਤੋਂ ਪਹਿਲਾਂ ਸਨਮਾਨ ਵੇਲੇ ਬੀਬੀ ਬਲਵਿੰਦਰ ਕੌਰ ਖ਼ਾਲਸਾ ਨੇ ਡਾ. ਨਬੀਲਾ ਨੂੰ ਸ਼ਾਲ ਅਤੇ ਦਿਲਪ੍ਰੀਤ ਸਿੰਘ ਨੇ ਸਨਮਾਨ ਚਿੰਨ੍ਹ ਭੇਟ ਕੀਤਾ।
ਹਰਜਿੰਦਰ ਕੰਗ ਦੀ ਸਭਨਾਂ ਨੂੰ ਭਾਵੁਕ ਕਰਦੀ ਨਜ਼ਮ ‘ਇਸ ਵਾਰੀ ਜਦ ਪਿੰਡੋਂ ਹੋ ਕੇ ਆਇਆ ਹਾਂ…’ ਨਾਲ ਪ੍ਰੋਗਰਾਮ ਦੀ ਸਮਾਪਤੀ ਹੋਈ।