
ਪਿਛਲੇ ਦਿਨੀਂ ਨਿਊਜ਼ੀਲੈਂਡ ਦੇ ਆਕਲੈਂਡ ‘ਚ ਸਿੱਖ ਰਵਾਇਤਾਂ ‘ਤੇ ਪਹਿਰੇਦਾਰੀ ਦਿੰਦਿਆਂ ਇਲਾਕੇ ਦੀ ਸਿੱਖ ਸੰਗਤ ਵੱਲੋਂ ਨਗਰ ਕੀਰਤਨ ਸਜਾਇਆ ਗਿਆ ਸੀ ਜਿਸ ‘ਚ ਇਲਾਕੇ ਦੀਆਂ ਸੰਗਤਾਂ ਦੀ ਭਰਵੀਂ ਹਾਜ਼ਰੀ ਸੀ | ਨਗਰ ਕੀਰਤਨ ਖਾਲਸਾਈ ਜਾਹੋ ਜਲਾਲ ਦੇ ਨਾਲ ਕੱਢੇ ਜਾ ਰਹੇ ਸਨ, ਸੰਗਤਾਂ ਵਾਹਿਗੁਰੂ ਵਾਹਿਗੁਰੂ ਜਪ ਰਸਨਾ ਪਵਿੱਤਰ ਕਰ ਰਹੀਆਂ ਸਨ, ਸੇਵਾਦਾਰ ਇੱਕ ਦੂਜੇ ਤੋਂ ਅੱਗੇ ਹੋ ਕੇ ਸੰਗਤਾਂ ਦੀ ਸੇਵਾ ‘ਚ ਲੱਗੇ ਹੋਏ ਸਨ | ਸ਼ਹਿਰ ਅਤੇ ਹੋਰਨਾਂ ਭਾਈਚਾਰਿਆਂ ਦੇ ਲੋਕ ਖਾਲਸੇ ਦੇ ਜਾਹੋ ਜਲਾਲ ਨੂੰ ਬੜੀ ਨੀਝ ਲਾ ਕੇ ਦੇਖ ਰਹੇ ਸਨ ਕਿ ਅਚਾਨਕ ਇੱਕ ਫਿਰਕੂ ਟੋਲੇ ਜਿਸਦੀ ਅਗਵਾਈ ਇੱਕ ਫਿਰਕਾਪ੍ਰਸਤ ਬਰਾਇਨ ਤਮਾਕੀ ਕਰ ਰਿਹਾ ਸੀ, ਨੇ ਨਗਰ ਕੀਰਤਨ ਦਾ ਰਾਹ ਰੋਕਣ ਦੀ ਇੱਕ ਅਸਫਲ ਕੋਸ਼ਿਸ਼ ਕੀਤੀ |,ਇਥੇ ਇਹ ਗੱਲ ਧਿਆਨ ਮੰਗਦੀ ਹੈ ਕਿ ਤਮਾਕੀ ਨਾ ਤਾਂ ਨਿਊਜ਼ੀਲੈਂਡ ਦੇ ਗੋਰਿਆਂ ਦਾ ਨੁਮਾਇੰਦਾ ਹੈ ਤੇ ਨਾ ਹੀ ਮੂਲਨਿਵਾਸੀ ਮਾਓਰੀ ਲੋਕਾਂ ਦਾ ਜਿੰਨਾ ਦੇ ਨਾਚ ਹਾਕਾ ਨੂੰ ਵਿਰੋਧ ਵੇਲੇ ਵਰਤਿਆ ਗਿਆ ਹੈ, ਉਹ ਇੱਕ ਸੱਜੇ ਪੱਖੀ ਇਸਾਈ ਕਲਟ ਕਿਹਾ ਜਾ ਸਕਦਾ ਹੈ, ਜਿਵੇਂ ਕਿ ਪੰਜਾਬ ਵਿਚਲੇ ਕੁਝ ਨਕਲੀ ਚਰਚ ਅਤੇ ਸਿੱਖਾਂ ਦੇ ਨਾਮ ‘ਤੇ ਬਣੇ ਡੇਰੇ | ਪੁਲਿਸ ਦਾ ਕੰਮ ਸ਼ਲਾਘਾ ਵਾਲਾ ਸੀ ਅਤੇ ਪੁਲਿਸ ਨੇ ਬੜੀ ਸਿਆਣਪ ਨਾਲ ਉਸਨੂੰ ਤੇ ਉਸਦੇ ਸਾਥੀਆਂ ਨੂੰ ਖਦੇੜ ਦਿੱਤਾ | ਘਟਨਾ ਇੱਕ ਆਮ ਘਟਨਾ ਵਾਂਗ ਸੀ ਪਰ ਆਪਣੀ ਆਦਤ ਮੁਤਾਬਿਕ ਭਾਰਤ ਪੱਖੀ ਮੀਡੀਆ ਅਤੇ ਸਿੱਖ ਵਿਰੋਧੀ ਤਾਕਤਾਂ ਨੇ ਇਸ ਨੂੰ ਸਿੱਖਾਂ ਵਿਰੁੱਧ ਇੱਕ ਵੱਡੀ ਘਟਨਾ ਵਾਂਗ ਪੇਸ਼ ਕੀਤਾ ਅਤੇ ਕਈ ਤਾਂ ਜਿਹੜੇ ਪੈਦਾਇਸ਼ੀ ਸਿੱਖ ਵਿਰੋਧੀ ਨੇ ਓਹਨਾ ਨੇ ਨਗਰ ਕੀਰਤਨ ਕੱਢਣ ਦੀ ਰਵਾਇਤ ‘ਤੇ ਹੀ ਸੁਆਲ ਖੜ੍ਹੇ ਕਰ ਦਿੱਤੇ ਜਦਕਿ ਦੱਸ ਦੇਈਏ ਕਿ ਨਗਰ ਕੀਰਤਨ ਦਾ ਵਿਰੋਧ ਸਰਕਾਰ ਨੇ ਨਹੀਂ ਕੀਤਾ ਇਹ ਨਾ ਹੀ ਕਿਸੇ ਤਰੀਕੇ ਨਾਲ ਸਰਕਾਰ ਵਿਰੋਧੀ ਕਾਰਵਾਈ ਹੈ | ਨਗਰ ਕੀਰਤਨ ਖਾਲਸਾਈ ਪਰੰਪਰਾ ਦਾ ਇੱਕ ਅਟੁੱਟ ਹਿੱਸਾ ਹੈ, ਕੁਝ ਕੁ ਸ਼ਰਾਰਤੀ ਅਨਸਰਾਂ ਦੀ ਕਾਰਵਾਈ ਕਰਕੇ ਆਪਣੀਆਂ ਰਵਾਇਤਾਂ ਨਾ ਕਦੇ ਸਿੱਖਾਂ ਨੇ ਬਦਲੀਆਂ ਨੇ ਤੇ ਨਹੀਂ ਕਦੇ ਬਦਲਣਗੇ | ਸਿੱਖਾਂ ਨੇ ਇਹਨਾਂ ਸਾਰੇ ਵਰਤਾਰਿਆਂ ਦਾ ਮੂੰਹ ਤੋੜ ਜੁਆਬ ਦਿੱਤਾ ਹੈ ਅਤੇ ਦਿੰਦੇ ਰਹਿਣਗੇ, ਪਰ ਇਸ ਘਟਨਾ ਨੇ ਇੱਕ ਵਾਰ ਫੇਰ ਸਿੱਖ ਸੰਗਤਾਂ ਨੂੰ ਹਲੂਣਾ ਦਿੱਤਾ ਹੈ ਕਿ ਵਿਦੇਸ਼ਾਂ ‘ਚ ਧਾਰਮਿਕ ਆਜ਼ਾਦੀ ਵਾਲੇ ਮੁਲਕਾਂ ‘ਚ ਆਪਣੀ ਗੱਲ ਕਿਵੇਂ ਰੱਖਣੀ ਹੈ ਅਤੇ ਸਿੱਖ ਵਿਰੋਧੀ ਅਤੇ ਭਾਰਤ ਪੱਖੀ ਬਿਰਤਾਂਤ ਦਾ ਜੁਆਬ ਕਿਵੇਂ ਦੇਣਾ ਹੈ ? ਤਮਾਕੀ ਵਰਗੇ ਲੋਕ ਹਰ ਮੁਲਕ ‘ਚ ਨੇ ਤੇ ਕਈ ਥਾਈਂ ਤਾਂ ਸਰਕਾਰਾਂ ਦੀ ਸ਼ਹਿ ਪ੍ਰਾਪਤ ਹੈ ਇਹੋ ਜਿਹੇ ਲੋਕਾਂ ਨੂੰ | ਇਸ ਘਟਨਾ ਤੋਂ ਅਗਾਂਹ ਭਵਿੱਖ ‘ਚ ਵਾਪਰਨ ਵਾਲਿਆਂ ਘਟਨਾਵਾਂ ਦੇ ਲਈ ਤਿਆਰ ਹੋਣ ਦਾ ਸਬਕ ਮਿਲਦਾ ਹੈ ਤੇ ਨਾਲ ਹੀ ਇਹ ਵੀ ਗੱਲ ਸੋਚਣ ਵਾਲੀ ਹੈ ਕਿ ਅੱਗੇ ਤੋਂ ਕੋਈ ਵੀ ਧਾਰਮਿਕ ਰਹੁ ਰੀਤ ਲੋਕਲ ਲੋਕਾਂ ਦੇ ਲਈ ਕਿਸੇ ਤਰਾਂ ਦੀ ਪ੍ਰੇਸ਼ਾਨੀ ਦਾ ਸਬੱਬ ਨਾ ਬਣਦੀ ਹੋਵੇ, ਤਾਂ ਜੋ ਸਿੱਖ ਵਿਰੋਧੀ ਅਨਸਰਾਂ ਨੂੰ ਮੌਕਾ ਹੀ ਨਾ ਮਿਲੇ | ਨਿਊਜ਼ੀਲੈਂਡ ਦੇ ਚੁਣੇ ਹੋਏ ਲੀਡਰਾਂ, ਆਮ ਲੋਕਾਂ ਅਤੇ ਗੋਰੇ ਅਤੇ ਮੌਰੀ ਮੂਲ ਲੋਕਾਂ ਦੇ ਸਿੱਖ ਪੱਖੀ ਸਟੈਂਡ ਨੇ ਜਿੱਥੇ ਸਿੱਖ ਭਾਈਚਾਰੇ ਨੂੰ ਸਹਿਯੋਗ ਦਿੱਤਾ ਹੈ, ਸਿੱਖ ਵਿਰੋਧੀ ਬਿਰਤਾਂਤ ਨੂੰ ਤੋੜਿਆ ਹੈ, ਉੱਥੇ ਇਹ ਵੀ ਸਾਬਿਤ ਕੀਤਾ ਹੈ ਕਿ ਮੁਲਕ ਵਾਕਿਆ ਹੀ ਧਾਰਮਿਕ ਆਜ਼ਾਦੀ ਦੇ ਪੱਖ ‘ਚ ਹੈ ਨਹੀਂ ਤਾਂ ਭਾਰਤ ਵਰਗੇ ਮੁਲਕਾਂ ‘ਚ ਆਏ ਦਿਨ ਘੱਟ ਗਿਣਤੀ ਵਿਰੋਧੀ ਕਾਰਵਾਈਆਂ ਵਾਪਰਨ ਦੇ ਬਾਵਜੂਦ ਕਦੇ ਸਰਕਾਰ ਜਾਂ ਇਸਦੇ ਕਿਸੇ ਨੁਮਾਇੰਦੇ ਨੇ ਹੱਕ ‘ਚ ਹਾਅ ਦਾ ਨਾਅਰਾ ਮਾਰਨ ਦੀ ਕਦੇ ਖੇਚਲ ਨਹੀਂ ਕੀਤੀ |
ਪ੍ਰਵੀਨ ਸ਼ਰਮਾ