
ਅਮਰੀਕਾ ਦੇ ਕੈਲੀਫੋਰਨੀਆ ਵਿੱਚ ਵਾਪਰੇ ਇੱਕ ਦਰਦਨਾਕ ਕਾਰ ਹਾਦਸੇ ਵਿੱਚ ਤੇਲੰਗਾਨਾ ਨਾਲ ਸਬੰਧਿਤ ਭਾਰਤੀ ਮੂਲ ਦੀਆਂ ਦੋ ਕੁੜੀਆਂ ਦੀ ਮੌਤ ਹੋ ਗਈ ਹੈ | ਪੁਲਿਸ ਅਨੁਸਾਰ ਇਹ ਹਾਦਸਾ ਸ਼ਨੀਵਾਰ ਦੇਰ ਸ਼ਾਮ ਨੂੰ ਵਾਪਰਿਆ ਜਦੋਂ ਇਹ ਦੋਵੇਂ ਆਪਣੇ ਦੋਸਤਾਂ ਨਾਲ ਯਾਤਰਾ ਕਰ ਰਹੀਆਂ ਸਨ ਅਤੇ ਮੀਡੀਆ ਰਿਪੋਰਟਾਂ ਤੋਂ ਪਤਾ ਲੱਗਿਆ ਹੈ ਕਿ ਇਹਨਾਂ ਦੀ ਕਾਰ ਅਲਾਬਾਮਾ ਪਹਾੜੀਆਂ ਦੇ ਨੇੜੇ ਇੱਕ ਮੁਸ਼ਕਲ ਰਸਤੇ ਵਿੱਚੋਂ ਲੰਘਦੇ ਸਮੇਂ ਕੰਟਰੋਲ ਗੁਆ ਬੈਠੀ, ਸੜਕ ਤੋਂ ਪਲਟ ਗਈ ਅਤੇ ਇੱਕ ਡੂੰਘੀ ਖੱਡ ਵਿੱਚ ਜਾ ਡਿੱਗੀ। ਦੋਵਾਂ ਵਿਦਿਆਰਥਣਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦੋਂ ਕਿ ਸਹਿ ਯਾਤਰੀਆਂ ਨੂੰ ਗੰਭੀਰ ਸੱਟਾਂ ਲੱਗੀਆਂ।ਪੀੜਤਾਂ ਜਿਨ੍ਹਾਂ ਦੀ ਪਛਾਣ ਪੁੱਲਖੰਡਮ ਮੇਘਨਾ ਰਾਣੀ ਅਤੇ ਕਡਿਆਲਾ ਭਾਵਨਾ ਵਜੋਂ ਹੋਈ ਹੈ | 25 ਸਾਲਾ ਪੁੱਲਖੰਡਮ ਮੇਘਨਾ ਰਾਣੀ, ਜੋ ਕਿ ਗਰਲਾ ਮੰਡਲ ਦੀ ਵਸਨੀਕ ਹੈ, ਅਤੇ 24 ਸਾਲਾ ਕਡਿਆਲਾ ਭਵਨਾ, ਮੁਲਕਾਨੂਰ ਪਿੰਡ ਦੀ ਰਹਿਣ ਵਾਲੀ ਹੈ, ਦੋਵੇਂ ਪਿੰਡ ਤੇਲੰਗਾਨਾ ਦੇ ਮਹਿਬੂਬਾਬਾਦ ਜ਼ਿਲ੍ਹੇ ਵਿੱਚ ਪੈਂਦੇ ਹਨ। ਮੇਘਨਾ ਰਾਣੀ ਅਤੇ ਕਡਿਆਲਾ ਭਾਵਨਾ ਲਗਭਗ ਤਿੰਨ ਸਾਲ ਪਹਿਲਾਂ ਆਪਣੀ ਮਾਸਟਰ ਡਿਗਰੀ ਪ੍ਰਾਪਤ ਕਰਨ ਲਈ ਅਮਰੀਕਾ ਪਹੁੰਚੀਆਂ ਸਨ ਅਤੇ ਪੜ੍ਹਾਈ ਪੂਰੀ ਕਰਨ ਉਪਰੰਤ ਸਰਗਰਮੀ ਨਾਲ ਨੌਕਰੀ ਦੀ ਭਾਲ ਕਰ ਰਹੀਆਂ ਸਨ। ਮੇਘਨਾ ਦੇ ਪਿਤਾ ਨਾਗੇਸ਼ਵਰ ਰਾਓ ਗਰਲਾ ਵਿੱਚ ਇੱਕ ਮੀ-ਸੇਵਾ ਕੇਂਦਰ ਚਲਾਉਂਦੇ ਹਨ, ਜਦੋਂ ਕਿ ਭਾਵਨਾ ਦੇ ਪਿਤਾ ਮੁਲਕਾਨੂਰ ਪਿੰਡ ਦੇ ਡਿਪਟੀ ਸਰਪੰਚ ਹਨ। ਅਮਰੀਕਾ ਵਿੱਚ ਸਥਾਨਕ ਅਧਿਕਾਰੀਆਂ ਨੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ, ਅਤੇ ਮ੍ਰਿਤਕ ਦੇਹਾਂ ਨੂੰ ਭਾਰਤ ਵਾਪਸ ਲਿਆਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਇਸ ਘਟਨਾ ਤੋਂ ਬਾਅਦ ਪੀੜਤ ਪਰਿਵਾਰ ਅਤੇ ਰਿਸ਼ਤੇਦਾਰ ਡੂੰਘੇ ਸਦਮੇ ਵਿੱਚ ਨੇ | ਪਰਿਵਾਰਾਂ ਨੇ ਤੇਲੰਗਾਨਾ ਸਰਕਾਰ ਅਤੇ ਵਿਦੇਸ਼ ਮੰਤਰਾਲੇ ਨੂੰ ਤੁਰੰਤ ਸਹਾਇਤਾ ਦੀ ਅਪੀਲ ਕੀਤੀ ਹੈ।