ਜਦੋਂ ਤੋਂ ਬੰਗਲਾਦੇਸ਼ ‘ਚ ਹਿੰਸਾ ਸ਼ੁਰੂ ਹੋਈ ਹੈ ਓਦੋਂ ਤੋਂ ਹੀ ਮੁਲਕ ‘ਚ ਘੱਟ ਗਿਣਤੀ ਹਿੰਦੂਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਅਤੇ ਪੰਜਾਬੀ ਰੇਡੀਓ ਯੂਐੱਸਏ ਨੇ ਹਮੇਸ਼ਾ ਦੁਨੀਆ ‘ਚ ਕਿਤੇ ਵੀ, ਕਿਸੇ ਵੀ ਥਾਂ ‘ਤੇ ਘੱਟ ਗਿਣਤੀਆਂ ਜਾਂ ਮਨੁੱਖਤਾ ਉੱਤੇ ਜਦੋਂ ਜਦੋਂ ਜ਼ੁਲਮ ਹੋਇਆ ਹੈ ਉਸਦੀ ਨਾ ਸਿਰਫ ਨਿਖੇਧੀ ਕੀਤੀ ਹੈ ਬਲਕਿ ਧੜੱਲੇ ਦੇ ਨਾਲ ਉਸਦੀ ਵਿਰੋਧਤਾ ਵੀ ਕੀਤੀ ਹੈ ਫੇਰ ਚਾਹੇ ਉਹ ਸਿੱਖਾਂ ਸਮੇਤ ਭਾਰਤ ਦੀਆਂ ਹੋਰ ਘੱਟ ਗਿਣਤੀਆਂ ਦਾ ਮਾਮਲਾ ਹੋਵੇ, ਮਯਾਨਮਾਰ ਦੇ ਰੋਹਿੰਗੀਆਂ ਦਾ ਮਾਮਲਾ, ਸੀਰੀਆ ਦੇ ਯਜੀਦੀਆਂ ਦੀ ਮਾਮਲਾ, ਗਾਜ਼ਾ ਦੇ ਲੋਕਾਂ ਉੱਤੇ ਬੰਬਾਰੀ ਦਾ ਮਾਮਲਾ ਜਾਂ ਫਿਰ ਚੀਨ ਦੇ ਉਏਗਰ ਮੁਸਲਮਾਨਾਂ ਦਾ ਮਾਮਲਾ ਹੋਵੇ, ਪਰ ਇਸ ਮਾਮਲੇ ‘ਚ ਭਾਰਤੀ ਜਨਤਾ ਪਾਰਟੀ ਜੋ ਕਿ ਪਿਛਲੇ 12 ਸਾਲਾਂ ਤੋਂ ਭਾਰਤ ਦੀ ਸੱਤਾ ‘ਤੇ ਬਿਰਾਜਮਾਨ ਹੋਣ ਦੇ ਬਾਵਜੂਦ ਇਹ ਪ੍ਰਚਾਰ ਕਰ ਰਹੀ ਹੈ ਕਿ ਭਾਰਤ ‘ਚ ਹਿੰਦੂਆਂ ਨੂੰ ਖ਼ਤਰਾ ਹੈ, ਹੁਣ ਹਿੰਦੂਆਂ ‘ਤੇ ਹੋ ਰਹੇ ਇਸ ਜ਼ੁਲਮ ਦੇ ਖਿਲਾਫ਼ ਚੁੱਪ ਹੈ, ਕੋਈ ਖਾਸ ਸਰਗਰਮੀ ਨਹੀਂ ਦਿਖਾਈ ਦਿੰਦੀ ਬਲਕਿ ਇਸਦੇ ਉਲਟ ਮੋਦੀ ਦੀ ਸ਼ਹਿ ਪ੍ਰਾਪਤ ਕੱਟੜਵਾਦੀ ਧੜੇ ਭਾਰਤ ‘ਚ ਮੁਸਲਮਾਨਾਂ ਦੇ ਖਿਲਾਫ ਲੋਕਾਂ ਨੂੰ ਭੜਕਾ ਰਹੇ ਨੇ ਤੇ ਕਹਿ ਰਹੇ ਨੇ ਕਿ ਬੰਗਲਾਦੇਸ਼ ‘ਚ ਹੋ ਰਹੀਆਂ ਇਹਨਾਂ ਹੱਤਿਆਵਾਂ ਦਾ ਮੋੜਵਾਂ ਜੁਆਬ ਭਾਰਤ ‘ਚ ਹਿੰਸਾ ਕਰਕੇ ਦੇਣਾ ਚਾਹੀਦਾ, ਜਦਕਿ ਇਹ ਕੋਈ ਸਹੀ ਹਵਾਲਾ ਨਹੀਂ ਹੈ ਕਿਉਂਕਿ ਇੱਕ ਮੁਲਕ ‘ਚ ਇੱਕ ਭਾਈਚਾਰੇ ਦੇ ਖਿਲਾਫ ਹੋ ਰਹੀ ਹਿੰਸਾ ਦਾ ਜੁਆਬ ਦੂਜੇ ਥਾਂ ‘ਤੇ ਅਮਨ ਅਮਾਨ ਨਾਲ ਰਹਿ ਰਹੇ ਲੋਕਾਂ ਦੇ ਕਤਲ ਕਰਕੇ ਦੇਣਾ ਬਿਲਕੁਲ ਵੀ ਵਾਜਿਬ ਨਹੀਂ ਹੈ | ਭਾਰਤੀ ਜਨਤਾ ਪਾਰਟੀ ਦੀ ਇਹ ਇੱਕ ਕੋਝੀ ਸਿਆਸਤ ਹੈ ਅਤੇ ਬੰਗਲਾਦੇਸ਼ ‘ਚ ਹਿੰਦੂਆਂ ਦੇ ਹੋ ਰਹੇ ਕਤਲਾਂ ‘ਤੇ ਉਹ ਭਾਰਤ ‘ਚ ਸਿਆਸੀ ਰੋਟੀਆਂ ਸੇਕ ਰਹੀ ਹੈ | ਸਮਝੋ ਬਾਹਰ ਹੈ ਕਿ ਅਖੌਤੀ ਵਿਸ਼ਵ ਗੁਰੂ ਬੰਗਲਾਦੇਸ਼ ਦੀ ਆਗੂ ਨੂੰ ਤਾਂ ਆਪਣੇ ਦੇਸ਼ ‘ਚ ਪਨਾਹ ਦੇ ਸਕਦਾ ਹੈ ਪਰ ਮੁਲਕ ‘ਚ ਘੱਟ ਗਿਣਤੀਆਂ ਦੇ ਹੋ ਰਹੇ ਘਾਣ ‘ਤੇ ਉਹ ਚੁੱਪ ਬੈਠਾ ਹੈ ਅਤੇ ਡਮਰੂ ਵਜਾਉਣ ‘ਚ ਰੁੱਝਿਆ ਹੋਇਆ ਹੈ | ਬੰਗਲਾਦੇਸ਼ ਦੇ ਹਿੰਦੂਆਂ ਪ੍ਰਤੀ ਹਮਦਰਦੀ ਰੱਖਣ ਵਾਲੀ ਦੇਸ਼ ਦੀ ਬਹੁ ਗਿਣਤੀ ਨੂੰ ਇਸ ਮਾਮਲੇ ‘ਚ ਆਰਐੱਸਐੱਸ ਅਤੇ ਮੋਦੀ ਨੂੰ ਸੁਆਲ ਜਰੂਰ ਕਰਨਾ ਚਾਹੀਦਾ |