ਅਮਰੀਕਾ ਤੋਂ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਭਾਰਤੀ ਮੂਲ ਦੇ ਚਾਰ ਵਿਅਕਤੀਆਂ ਨੇ ਫੈਡਰਲ ਟੈਕਸ ਧੋਖਾਧੜੀ ਦੇ ਮਾਮਲੇ ਵਿੱਚ ਆਪਣਾ ਦੋਸ਼ ਕਬੂਲ ਕਰ ਲਿਆ ਹੈ। ਇਸ ਸਕੀਮ ਕਾਰਨ ਅਮਰੀਕੀ ਸਰਕਾਰ ਨੂੰ ਮਿਲੀਅਨ ਡਾਲਰ ਦਾ ਨੁਕਸਾਨ ਹੋਇਆ ਹੈ।
United States Attorney’s Office for the Western District of Texas ਵੱਲੋਂ ਜਾਰੀ ਪ੍ਰੈਸ ਰਿਲੀਜ਼ ਮੁਤਾਬਕ, ਇਹ ਧੋਖਾਧੜੀ ਜਨਵਰੀ 2019 ਤੋਂ ਅਕਤੂਬਰ 2022 ਤੱਕ ਚੱਲਦੀ ਰਹੀ। ਇਸ ਦੌਰਾਨ ਗਾਹਕਾਂ ਦੇ ਟੈਕਸ ਰਿਟਰਨਾਂ ਵਿੱਚ ਜਾਲਸਾਜ਼ੀ ਨਾਲ ਨਕਲੀ ਬਿਜ਼ਨਸ ਖਰਚੇ ਦਰਜ ਕਰਕੇ ਟੈਕਸ ਘਟਾਇਆ ਜਾਂਦਾ ਸੀ ਅਤੇ ਗਲਤ ਰਿਫੰਡ ਹਾਸਲ ਕੀਤੇ ਜਾਂਦੇ ਸਨ।
ਇਸ ਮਾਮਲੇ ਦਾ ਮੁੱਖ ਦੋਸ਼ੀ Mathews Chacko ਹੈ, ਜਿਸ ਨੇ 10 ਮਾਰਚ ਨੂੰ ਅਮਰੀਕਾ ਨਾਲ ਧੋਖਾਧੜੀ ਦੀ ਸਾਜ਼ਿਸ਼ ਦੇ ਇਕ ਮਾਮਲੇ ਵਿੱਚ ਦੋਸ਼ ਕਬੂਲ ਕੀਤਾ। ਉਸ ਨੇ ਆਪਣੇ ਕਰਮਚਾਰੀਆਂ ਨਾਲ ਮਿਲ ਕੇ ਕਲਾਇੰਟਾਂ ਦੇ ਟੈਕਸ ਰਿਟਰਨਾਂ ਵਿੱਚ ਝੂਠੇ ਖਰਚੇ ਸ਼ਾਮਲ ਕੀਤੇ। ਕੁਝ ਮਾਮਲਿਆਂ ਵਿੱਚ ਗਾਹਕਾਂ ਨੂੰ ਇਸ ਬਾਰੇ ਪਤਾ ਨਹੀਂ ਸੀ, ਜਦਕਿ ਕੁਝ ਨੂੰ ਈਮੇਲ ਰਾਹੀਂ ਜਾਣਕਾਰੀ ਦਿੱਤੀ ਗਈ ਸੀ। ਉਸ ਨੇ $3.5 ਮਿਲੀਅਨ ਤੋਂ $9.5 ਮਿਲੀਅਨ ਤੱਕ ਦੇ ਨੁਕਸਾਨ ਦਾ ਇਕਰਾਰ ਕੀਤਾ ਹੈ ਅਤੇ ਉਸ ਨੂੰ ਵੱਧ ਤੋਂ ਵੱਧ 5 ਸਾਲ ਦੀ ਸਜ਼ਾ ਹੋ ਸਕਦੀ ਹੈ।
ਇਸੇ ਸਕੀਮ ਵਿੱਚ ਸ਼ਾਮਲ ਹੋਰ ਦੋ ਵਿਅਕਤੀ Anish Pillai ਅਤੇ Mou Kundu ਨੇ ਵੀ ਪਿਛਲੇ ਮਹੀਨੇ ਝੂਠੇ ਟੈਕਸ ਰਿਟਰਨ ਫਾਈਲ ਕਰਨ ਦੇ ਦੋਸ਼ ਕਬੂਲ ਕੀਤੇ। ਪਿੱਲਈ ਨੇ ਲਗਭਗ $1.5 ਮਿਲੀਅਨ ਤੋਂ $3.5 ਮਿਲੀਅਨ ਤੱਕ ਦੇ ਨੁਕਸਾਨ ਦਾ ਇਕਰਾਰ ਕੀਤਾ, ਜਦਕਿ ਕੁੰਡੂ ਨੇ $250,000 ਤੋਂ $550,000 ਤੱਕ ਦੇ ਨੁਕਸਾਨ ਨੂੰ ਮੰਨਿਆ। ਦੋਹਾਂ ਨੂੰ ਵੱਧ ਤੋਂ ਵੱਧ 3 ਸਾਲ ਦੀ ਕੈਦ ਹੋ ਸਕਦੀ ਹੈ।
ਇਸ ਤੋਂ ਇਲਾਵਾ Subhala Suresh ਨੇ ਵੀ 24 ਮਾਰਚ ਨੂੰ ਝੂਠੇ ਟੈਕਸ ਰਿਟਰਨ ਫਾਈਲ ਕਰਨ ਵਿੱਚ ਸਹਾਇਤਾ ਕਰਨ ਦਾ ਦੋਸ਼ ਮੰਨਿਆ। ਉਸ ਨੇ ਟੈਕਸ ਤਿਆਰ ਕਰਨ ਵਾਲੀ ਫਰਮ ਵਿੱਚ ਕੰਮ ਕਰਦੇ ਹੋਏ ਨਕਲੀ ਖਰਚੇ ਦਰਜ ਕਰਕੇ ਗਾਹਕਾਂ ਦਾ ਟੈਕਸ ਘਟਾਇਆ ਅਤੇ ਗਲਤ ਰਿਫੰਡ ਹਾਸਲ ਕਰਵਾਏ। ਉਸ ਨੇ ਵੀ $250,000 ਤੋਂ $550,000 ਤੱਕ ਦੇ ਨੁਕਸਾਨ ਦਾ ਇਕਰਾਰ ਕੀਤਾ ਹੈ ਅਤੇ ਉਸ ਨੂੰ ਵੀ ਵੱਧ ਤੋਂ ਵੱਧ 3 ਸਾਲ ਦੀ ਸਜ਼ਾ ਹੋ ਸਕਦੀ ਹੈ।
ਇਹ ਮਾਮਲਾ Internal Revenue Service Criminal Investigation ਵੱਲੋਂ ਜਾਂਚਿਆ ਗਿਆ ਅਤੇ US Department of Justice Tax Division ਦੇ ਵਕੀਲਾਂ ਵੱਲੋਂ ਅਦਾਲਤ ਵਿੱਚ ਪੇਸ਼ ਕੀਤਾ ਗਿਆ।
ਚਾਰੇ ਦੋਸ਼ੀਆਂ ਦੀ ਸਜ਼ਾ ਦਾ ਫੈਸਲਾ ਬਾਅਦ ਵਿੱਚ ਫੈਡਰਲ ਅਦਾਲਤ ਦੇ ਜੱਜ ਵੱਲੋਂ ਸੁਣਾਇਆ ਜਾਵੇਗਾ, ਜਿਸ ਵਿੱਚ ਅਮਰੀਕੀ ਕਾਨੂੰਨੀ ਮਾਪਦੰਡਾਂ ਨੂੰ ਧਿਆਨ ਵਿੱਚ ਰੱਖਿਆ ਜਾਵੇਗਾ।