
ਕੈਲੀਫੋਰਨੀਆ ਦੇ ਸੈਂਟਾ ਕਰੂਜ਼ ਤੋਂ ਇੱਕ ਬੇਹੱਦ ਮੰਦਭਾਗੀ ਅਤੇ ਦਰਦਨਾਕ ਖ਼ਬਰ ਸਾਹਮਣੇ ਆ ਰਹੀ ਹੈ। ਸੈਂਟਾ ਕਰੂਜ਼ ਕਾਉਂਟੀ ਦੇ ਇੱਕ ਬੀਚ ‘ਤੇ ਸਮੁੰਦਰ ਦੀਆਂ ਤੇਜ਼ ਲਹਿਰਾਂ ਦੀ ਲਪੇਟ ਵਿੱਚ ਆਉਣ ਕਾਰਨ ਬੇਅ ਏਰੀਆ (Bay Area) ਦੇ ਦੋ ਹੋਣਹਾਰ ਕਾਲਜ ਵਿਦਿਆਰਥੀਆਂ ਦੀ ਮੌਤ ਹੋ ਗਈ ਹੈ। ਮ੍ਰਿਤਕਾਂ ਦੀ ਪਛਾਣ ਫਰੀਮਾਂਟ (Fremont) ਦੇ ਰਹਿਣ ਵਾਲੇ ਮਹਿਆਲ ਸਰਾਂ (Mahial Sran) ਅਤੇ ਹਰਸ਼ਿਤਾ ਨਾਇਰ (Harshita Nair) ਵਜੋਂ ਹੋਈ ਹੈ
ਮਿਲੀ ਜਾਣਕਾਰੀ ਮੁਤਾਬਕ 20 ਸਾਲਾ ਮਹਿਆਲ ਸਰਾਂ (Mahial Sran) ‘ਸੈਨ ਹੋਜ਼ੇ ਸਟੇਟ ਯੂਨੀਵਰਸਿਟੀ’ (SJSU) ਦੀ ਵਿਦਿਆਰਥਣ ਸੀ, ਜਦੋਂ ਕਿ ਹਰਸ਼ਿਤਾ ਨਾਇਰ ਪ੍ਰਸਿੱਧ ‘ਯੂਸੀ ਬਰਕਲੇ’ (UC Berkeley) ਯੂਨੀਵਰਸਿਟੀ ਵਿੱਚ ਪੜ੍ਹਦੀ ਸੀ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਪਿਛਲੇ ਹਫ਼ਤੇ ਉਸ ਸਮੇਂ ਵਾਪਰਿਆ ਜਦੋਂ ਦੋਵੇਂ ਸਮੁੰਦਰ ਦੇ ਕਿਨਾਰੇ ਮੌਜੂਦ ਸਨ ਅਤੇ ਅਚਾਨਕ ਆਈਆਂ ਤੇਜ਼ ਲਹਿਰਾਂ (Sneaker Waves) ਉਨ੍ਹਾਂ ਨੂੰ ਆਪਣੇ ਨਾਲ ਵਹਾ ਕੇ ਡੂੰਘੇ ਪਾਣੀ ਵਿੱਚ ਲੈ ਗਈਆਂ।
ਸੈਂਟਾ ਕਰੂਜ਼ ਕਾਉਂਟੀ ਦੇ ਫਾਇਰ ਕੈਪਟਨ ਕਾਇਲ ਬ੍ਰੈਟਨ (Kyle Breton) ਨੇ ਦੱਸਿਆ ਕਿ ਖ਼ਬਰ ਮਿਲਦਿਆਂ ਹੀ ਬਚਾਅ ਕਾਰਜਾਂ ਲਈ 8 ਰੈਸਕਿਊ ਸਵੀਮਰਜ਼ (Rescue Swimmers) ਨੂੰ ਪਾਣੀ ਵਿੱਚ ਉਤਾਰਿਆ ਗਿਆ ਸੀ। ਕਾਫੀ ਮੁਸ਼ੱਕਤ ਤੋਂ ਬਾਅਦ ਦੋਵਾਂ ਨੂੰ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ ਗਿਆ, ਪਰ ਅਫ਼ਸੋਸ ਕਿ ਉਨ੍ਹਾਂ ਦੀ ਜਾਨ ਨਹੀਂ ਬਚਾਈ ਜਾ ਸਕੀ।