
ਕੰਪਨੀ ‘ਤੇ ਲਾਏ ਸ਼ਿਕਾਇਤ ਕਰਨ ‘ਤੇ ICE ਨੂੰ ਫੜਾਉਣ ਦੀ ਧਮਕੀ ਦੇਣ ਦੇ ਦੋਸ਼
ਅਮਰੀਕਾ ਤੋਂ ਇੱਕ ਬੇਹੱਦ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਭਾਰਤੀ H-1B ਵੀਜ਼ਾ ਧਾਰਕ ਨੌਜਵਾਨ ਨੇ ਟੈਕਸਾਸ ਦੀ ਇੱਕ ਆਈ.ਟੀ. (IT) ਕੰਪਨੀ ਅਤੇ ਉਸ ਦੇ ਮਾਲਕ ‘ਤੇ ਗੰਭੀਰ ਇਲਜ਼ਾਮ ਲਗਾਉਂਦੇ ਹੋਏ ਅਦਾਲਤ ਦਾ ਦਰਵਾਜ਼ਾ ਖੜਕਾਇਆ ਹੈ। ਪੀੜਤ ਨੌਜਵਾਨ ਦਾ ਕਹਿਣਾ ਹੈ ਕਿ ਉਸ ਨੂੰ ਅਮਰੀਕਾ ਵਿੱਚ ਰੱਖਣ ਦੇ ਬਦਲੇ ਕੰਪਨੀ ਵੱਲੋਂ ਲੱਖਾਂ ਰੁਪਏ ਵਸੂਲੇ ਗਏ ਅਤੇ ਸ਼ਿਕਾਇਤ ਕਰਨ ‘ਤੇ ਡਿਪੋਰਟ ਕਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ। ਆਓ ਜਾਣਦੇ ਹਾਂ ਕੀ ਹੈ ਪੂਰਾ ਮਾਮਲਾ।
ਅਮਰੀਕਾ ਦੇ ਟੈਕਸਾਸ ਵਿੱਚ ਇੱਕ ਭਾਰਤੀ H-1B ਕਰਮਚਾਰੀ ਰਿਸ਼ੀਕੇਸ਼ ਰਾਜ ਮੀਸਾਲਾ ਨੇ ਇੱਕ ਆਈ.ਟੀ. ਕੰਪਨੀ ਅਤੇ ਉਸ ਦੇ ਮਾਲਕ ਸਾਈ ਜਿਤੇਂਦਰ ਕਾਲਾਗਰਾ ਖਿਲਾਫ ਮੁਕੱਦਮਾ ਦਰਜ ਕਰਵਾਇਆ ਹੈ। ਰਿਸ਼ੀਕੇਸ਼ ਨੇ ਕੰਪਨੀ ‘ਤੇ ਜਬਰਨ ਮਜ਼ਦੂਰੀ ਕਰਵਾਉਣ, ਮਾਨਵ ਤਸਕਰੀ (Human Trafficking), ਤਨਖਾਹ ਚੋਰੀ ਅਤੇ ਇੰਮੀਗ੍ਰੇਸ਼ਨ ਦੇ ਨਾਂ ‘ਤੇ ਬਲੈਕਮੇਲ ਕਰਨ ਵਰਗੇ ਕਈ ਸੰਗੀਨ ਇਲਜ਼ਾਮ ਲਗਾਏ ਹਨ। ਰਾਜ ਮੀਸਾਲਾ ਦੀ ਸ਼ਿਕਾਇਤ ਮੁਤਾਬਕ, ਰਿਸ਼ੀਕੇਸ਼ ਦਸੰਬਰ 2023 ਵਿੱਚ ਆਪਣੀ ਮਾਸਟਰਸ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ F-1 ਸਟੂਡੈਂਟ ਵੀਜ਼ੇ ‘ਤੇ ਅਮਰੀਕਾ ਆਇਆ ਸੀ। ਮਾਰਚ 2024 ਵਿੱਚ ਉਸ ਨੂੰ ਇਸ ਕੰਪਨੀ ਵੱਲੋਂ H-1B ਪੁਜੀਸ਼ਨ ਲਈ ਚੁਣਿਆ ਗਿਆ, ਅਤੇ ਅਕਤੂਬਰ 2024 ਵਿੱਚ ਉਹ ਅਧਿਕਾਰਤ ਤੌਰ ‘ਤੇ ਕੰਪਨੀ ਵਿੱਚ ਸ਼ਾਮਲ ਹੋ ਗਿਆ।
ਬਿਨਾਂ ਤਨਖਾਹ ‘ਬੈਂਚ’ ‘ਤੇ ਰੱਖਿਆ: ਰਿਸ਼ੀਕੇਸ਼ ਦਾ ਦਾਅਵਾ ਹੈ ਕਿ ਕੰਪਨੀ ਵਿੱਚ ਜੁਆਇਨ ਕਰਦੇ ਹੀ ਪਹਿਲੇ ਦਿਨ ਤੋਂ ਉਸ ਨੂੰ ਬਿਨਾਂ ਕਿਸੇ ਕੰਮ ਅਤੇ ਬਿਨਾਂ ਤਨਖਾਹ ਦੇ ‘ਬੈਂਚ’ ‘ਤੇ ਬਿਠਾ ਦਿੱਤਾ ਗਿਆ।
ਨੌਕਰੀ ਬਚਾਉਣ ਲਈ ਪੈਸਿਆਂ ਦੀ ਮੰਗ: ਆਪਣਾ H-1B ਸਟੇਟਸ ਬਰਕਰਾਰ ਰੱਖਣ ਅਤੇ ਪੇਅ-ਰੋਲ (Payroll) ਐਕਟਿਵ ਦਿਖਾਉਣ ਲਈ ਉਸ ਨੂੰ ਕੰਪਨੀ ਨੂੰ ਪੈਸੇ ਦੇਣ ਲਈ ਮਜਬੂਰ ਕੀਤਾ ਗਿਆ। ਪੀੜਤ ਮੁਤਾਬਕ, ਉਸ ਨੇ ਦਬਾਅ ਵਿੱਚ ਆ ਕੇ ਲਗਭਗ 8,800 ਡਾਲਰ (ਕਰੀਬ 7.3 ਲੱਖ ਰੁਪਏ) ਨਕਦ ਦਿੱਤੇ, ਜਿਸ ਤੋਂ ਬਾਅਦ ਕੰਪਨੀ ਵੱਲੋਂ 10,700 ਡਾਲਰ ਹੋਰ ਮੰਗੇ ਗਏ।
ICE ਅਤੇ ਡਿਪੋਰਟ ਕਰਨ ਦੀ ਧਮਕੀ: ਮੁਕੱਦਮੇ ਵਿੱਚ ਕਿਹਾ ਗਿਆ ਹੈ ਕਿ ਰਿਸ਼ੀਕੇਸ਼ ਨੂੰ ਸਿਰਫ ਦਸੰਬਰ 2024 ਅਤੇ ਜਨਵਰੀ 2025 ਦੀ ਤਨਖਾਹ ਦਿੱਤੀ ਗਈ। ਜਦੋਂ ਉਸ ਨੇ ਬਾਕੀ ਮਹੀਨਿਆਂ ਦੇ ਪੈਸੇ ਮੰਗੇ, ਤਾਂ ਕੰਪਨੀ ਨੇ ਉਸ ਦਾ ਵੀਜ਼ਾ ਰੱਦ ਕਰਨ ਅਤੇ ਅਮਰੀਕੀ ਇੰਮੀਗ੍ਰੇਸ਼ਨ ਵਿਭਾਗ ਯਾਨੀ ICE (Immigration and Customs Enforcement) ਕੋਲ ਸ਼ਿਕਾਇਤ ਕਰਕੇ ਭਾਰਤ ਡਿਪੋਰਟ ਕਰਵਾਉਣ ਦੀ ਧਮਕੀ ਦਿੱਤੀ।
ਈਮੇਲ ਦੀ ਜਾਸੂਸੀ: ਇੰਨਾ ਹੀ ਨਹੀਂ, ਕੰਪਨੀ ਅਧਿਕਾਰੀਆਂ ‘ਤੇ ਇਹ ਵੀ ਦੋਸ਼ ਹੈ ਕਿ ਉਨ੍ਹਾਂ ਨੇ ਰਿਸ਼ੀਕੇਸ਼ ਦਾ ਨਿੱਜੀ ਜੀਮੇਲ (Gmail) ਅਕਾਊਂਟ ਹੈਕ ਕੀਤਾ ਤਾਂ ਜੋ ਉਹ ਵਕੀਲਾਂ ਨਾਲ ਹੋ ਰਹੀ ਉਸ ਦੀ ਗੱਲਬਾਤ ‘ਤੇ ਨਜ਼ਰ ਰੱਖ ਸਕਣ।
ਰਿਸ਼ੀਕੇਸ਼ ਨੇ ਹੁਣ ਅਦਾਲਤ ਵਿੱਚ ਕੰਪਨੀ ਕੋਲੋਂ ਆਪਣੀ ਰੁਕੀ ਹੋਈ ਤਨਖਾਹ ਅਤੇ ਮਾਨਸਿਕ ਪਰੇਸ਼ਾਨੀ ਦੇ ਹਰਜਾਨੇ ਵਜੋਂ 97,248.94 ਡਾਲਰ (ਜੋ ਕਿ ਲਗਭਗ 81 ਲੱਖ ਰੁਪਏ ਤੋਂ ਵੱਧ ਬਣਦੇ ਹਨ) ਦੀ ਮੰਗ ਕੀਤੀ ਹੈ। ਦੂਜੇ ਪਾਸੇ, ਟੈਕਸਾਸ ਦੀ ਇਸ ਆਈ.ਟੀ. ਕੰਪਨੀ ਵੱਲੋਂ ਫਿਲਹਾਲ ਇਨ੍ਹਾਂ ਇਲਜ਼ਾਮਾਂ ‘ਤੇ ਅਜੇ ਤੱਕ ਕੋਈ ਅਧਿਕਾਰਤ ਬਿਆਨ ਸਾਹਮਣੇ ਨਹੀਂ ਆਇਆ ਹੈ।
ਅਮਰੀਕਾ ਵਿੱਚ ਭਾਰਤੀ ਪੇਸ਼ੇਵਰਾਂ ਨਾਲ ਸਪਾਂਸਰਸ਼ਿਪ ਦੇ ਨਾਂ ‘ਤੇ ਹੋਣ ਵਾਲੀ ਇਹ ਲੁੱਟ ਕੋਈ ਨਵੀਂ ਗੱਲ ਨਹੀਂ ਹੈ, ਪਰ ਹੁਣ ਇਸ ਮਾਮਲੇ ਦੇ ਅਦਾਲਤ ਵਿੱਚ ਜਾਣ ਤੋਂ ਬਾਅਦ H-1B ਵੀਜ਼ਾ ਨਿਯਮਾਂ ਅਤੇ ਕੰਪਨੀਆਂ ਦੀ ਮਨਮਾਨੀ ‘ਤੇ ਇੱਕ ਵਾਰ ਫਿਰ ਵੱਡੇ ਸਵਾਲ ਖੜ੍ਹੇ ਹੋ ਗਏ ਹਨ।