
ਅਮਰੀਕਾ ਤੋਂ ਇਸ ਵੇਲੇ ਦੀ ਇੱਕ ਬਹੁਤ ਹੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਇਮੀਗ੍ਰੇਸ਼ਨ ਵਿਭਾਗ ਨੇ ਫਰਜ਼ੀਵਾੜੇ ਖਿਲਾਫ ਹੁਣ ਤੱਕ ਦੀ ਸਭ ਤੋਂ ਵੱਡੀ ਅਤੇ ਇਤਿਹਾਸਕ ਕਾਰਵਾਈ ਕੀਤੀ ਹੈ। ਅਮਰੀਕੀ ਇਮੀਗ੍ਰੇਸ਼ਨ ਅਤੇ ਕਸਟਮਜ਼ ਇਨਫੋਰਸਮੈਂਟ, ਯਾਨੀ ICE (ਆਈ.ਸੀ.ਈ.) ਨੇ ਇਤਿਹਾਸ ਵਿੱਚ ਪਹਿਲੀ ਵਾਰ ਇੱਕ ਇਮੀਗ੍ਰੇਸ਼ਨ ਵਕੀਲ ‘ਤੇ ਝੂਠੇ ਅਸਾਇਲਮ (ਸ਼ਰਨ) ਦੇ ਕੇਸ ਫਾਈਲ ਕਰਨ ਦੇ ਆਰੋਪ ਹੇਠ ਭਾਰੀ ਜੁਰਮਾਨਾ ਲਗਾਇਆ ਹੈ।
ਡਿਪਾਰਟਮੈਂਟ ਆਫ ਹੋਮਲੈਂਡ ਸਕਿਓਰਿਟੀ (DHS) ਦੀ ਜਾਂਚ ਸ਼ਾਖਾ ਨੇ ਇਮੀਗ੍ਰੇਸ਼ਨ ਵਕੀਲ ਵਿਨੋਦ ਡੋਡਾਮਨੀ ਨੂੰ ਨੋਟਿਸ ਜਾਰੀ ਕਰਕੇ $250,000 (ਢਾਈ ਲੱਖ ਅਮਰੀਕੀ ਡਾਲਰ) ਦਾ ਜੁਰਮਾਨਾ ਠੋਕਿਆ ਹੈ।
ਵਕੀਲ ‘ਤੇ ਦੋਸ਼ ਹੈ ਕਿ ਉਸ ਨੇ ਕੁੱਲ 32 ਇਮੀਗ੍ਰੇਸ਼ਨ ਕੇਸਾਂ ਦੇ ਵਿੱਚ ਲਗਭਗ 64 ਫਰਜ਼ੀ ਦਸਤਾਵੇਜ਼ਾਂ ਦੀ ਵਰਤੋਂ ਕੀਤੀ ਅਤੇ ਜਾਂਚ ਅਧਿਕਾਰੀਆਂ ਮੁਤਾਬਕ, ਇਹਨਾਂ ਸਾਰੇ ਕੇਸਾਂ ਵਿੱਚ ਜੋ ਕਹਾਣੀ ਅਤੇ ਭਾਸ਼ਾ ਲਿਖੀ ਗਈ ਸੀ, ਉਹ ਬਿਲਕੁਲ ਇੱਕੋ ਜਿਹੀ (Identical) ਸੀ। ਯਾਨੀ ਕਿ ਵੱਖ-ਵੱਖ ਲੋਕਾਂ ਦੇ ਕੇਸਾਂ ਵਿੱਚ ਅੱਤਿਆਚਾਰ (Persecution) ਦੀ ਇੱਕੋ ਹੀ ਫਰਜ਼ੀ ਕਹਾਣੀ ਵਾਰ-ਵਾਰ ਦੁਹਰਾਈ ਗਈ ਸੀ।
ਤੁਹਾਨੂੰ ਦੱਸ ਦੇਈਏ ਕਿ ਪਿਛਲੇ ਮਹੀਨੇ ਹੀ ਹੋਮਲੈਂਡ ਸਕਿਓਰਿਟੀ ਦੇ ਟੌਪ ਵਕੀਲ ਨੇ ICE ਨੂੰ ਇਹ ਸਖ਼ਤ ਨਿਰਦੇਸ਼ ਦਿੱਤੇ ਸਨ ਕਿ ਇਮੀਗ੍ਰੇਸ਼ਨ ਅਦਾਲਤਾਂ ਵਿੱਚ ਫਰਜ਼ੀ ਕੇਸ ਪਾਉਣ ਵਾਲੇ ਵਕੀਲਾਂ ਨੂੰ ਬਿਲਕੁਲ ਨਾ ਬਖਸ਼ਿਆ ਜਾਵੇ।
DHS ਦੇ ਜਨਰਲ ਕੌਂਸਲ ਜੇਮਜ਼ ਪਰਸੀਵਲ ਨੇ ਇਸ ਕਾਰਵਾਈ ਬਾਰੇ ਗੱਲ ਕਰਦਿਆਂ ਕਿਹਾ:
“ਝੂਠੇ ਅਸਾਇਲਮ ਕੇਸ ਅਮਰੀਕਾ ਦੇ ਪੂਰੇ ਇਮੀਗ੍ਰੇਸ਼ਨ ਸਿਸਟਮ ‘ਤੇ ਬੋਝ ਪਾਉਂਦੇ ਹਨ, ਜਿਸ ਕਾਰਨ ਖ਼ਤਰਨਾਕ ਅਪਰਾਧੀਆਂ ਨੂੰ ਡਿਪੋਰਟ ਕਰਨ ਵਿੱਚ ਦੇਰੀ ਹੁੰਦੀ ਹੈ ਅਤੇ ਅਸਲੀ ਪੀੜਤਾਂ ਨੂੰ ਇਨਸਾਫ਼ ਨਹੀਂ ਮਿਲਦਾ। ਇਸ ਵਕੀਲ ‘ਤੇ ਕੀਤੀ ਗਈ ਕਾਰਵਾਈ ਦੇਸ਼ ਦੇ ਬਾਕੀ ਵਕੀਲਾਂ ਲਈ ਵੀ ਇੱਕ ਸਖ਼ਤ ਸੁਨੇਹਾ ਹੈ ਕਿ ਇਮੀਗ੍ਰੇਸ਼ਨ ਸਿਸਟਮ ਨਾਲ ਖਿਲਵਾੜ ਕਰਨ ਦੇ ਦਿਨ ਹੁਣ ਖ਼ਤਮ ਹੋ ਚੁੱਕੇ ਹਨ।”
ਇਸ ਕਾਰਵਾਈ ਨੇ ਅਮਰੀਕਾ ਵਿੱਚ ਇਮੀਗ੍ਰੇਸ਼ਨ ਦਾ ਕੰਮ ਕਰਨ ਵਾਲੇ ਵਕੀਲਾਂ ਅਤੇ ਏਜੰਟਾਂ ਦੇ ਹੋਸ਼ ਜ਼ਰੂਰ ਉਡਾ ਦਿੱਤੇ ਹਨ।