
ਕੈਨੇਡਾ ਵਿੱਚ ਸਟੱਡੀ ਵੀਜ਼ੇ ‘ਤੇ ਆਏ ਇੱਕ ਭਾਰਤੀ ਨੌਜਵਾਨ ਨੂੰ ਅਮਰੀਕਾ ਵਿੱਚ ਬਜ਼ੁਰਗਾਂ ਨਾਲ ਕਰੋੜਾਂ ਡਾਲਰਾਂ ਦੀ ਠੱਗੀ ਮਾਰਨ ਦੇ ਦੋਸ਼ ਹੇਠ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਅਮਰੀਕੀ ਅਧਿਕਾਰੀਆਂ ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ।
ਈਸਟਰਨ ਡਿਸਟ੍ਰਿਕਟ ਆਫ਼ ਵਿਸਕੌਨਸਿਨ ਦੇ ਅਮਰੀਕੀ ਅਟਾਰਨੀ ਦਫ਼ਤਰ ਨੇ ਬੁੱਧਵਾਰ ਨੂੰ ਜਾਰੀ ਇੱਕ ਪ੍ਰੈਸ ਨੋਟ ਵਿੱਚ ਦੱਸਿਆ ਕਿ ਇੱਕ ਫੈਡਰਲ ਜੱਜ ਨੇ 22 ਸਾਲਾ ਰੌਸ਼ਨ ਸ਼ਾਹ ਨੂੰ ਮਨੀ ਲਾਂਡਰਿੰਗ (ਠੱਗੀ ਦੇ ਪੈਸੇ ਦੇ ਲੈਣ-ਦੇਣ) ਦੀ ਸਾਜ਼ਿਸ਼ ਰਚਣ ਦੇ ਦੋਸ਼ ਹੇਠ 48 ਮਹੀਨੇ (4 ਸਾਲ) ਦੀ ਕੈਦ ਦੀ ਸਜ਼ਾ ਸੁਣਾਈ ਹੈ।
ਜਾਰੀ ਕੀਤੇ ਗਏ ਬਿਆਨ ਅਨੁਸਾਰ, “ਅਦਾਲਤੀ ਰਿਕਾਰਡ ਤੋਂ ਪਤਾ ਲੱਗਾ ਹੈ ਕਿ ਰੌਸ਼ਨ ਸ਼ਾਹ ਭਾਰਤ ਦਾ ਨਾਗਰਿਕ ਹੈ, ਜੋ ਕੈਨੇਡਾ ‘ਚ ਸਟੱਡੀ ਵੀਜ਼ੇ ‘ਤੇ ਕਾਲਜ ਦੀ ਪੜ੍ਹਾਈ ਕਰ ਰਿਹਾ ਸੀ। ਉਹ ਠੱਗੀ ਦੀ ਰਕਮ ਇਕੱਠੀ ਕਰਨ ਲਈ ਵਿਜ਼ਟਰ ਵੀਜ਼ੇ ‘ਤੇ ਅਮਰੀਕਾ ਆਇਆ ਸੀ।”
ਬਿਆਨ ‘ਚ ਅੱਗੇ ਦੱਸਿਆ ਗਿਆ, “ਭਾਰਤ ਵਿੱਚ ਬੈਠੇ ਉਸ ਦੇ ਸਾਥੀ ਅਮਰੀਕੀ ਪੀੜਤਾਂ ਨੂੰ ਫੋਨ ਕਰਦੇ ਸਨ ਅਤੇ ਉਨ੍ਹਾਂ ਨੂੰ ਵਿਸ਼ਵਾਸ ਦਿਵਾਉਂਦੇ ਸਨ ਕਿ ਉਨ੍ਹਾਂ ਦੀ ਪਛਾਣ (ਆਈਡੈਂਟਿਟੀ) ਦੀ ਵਰਤੋਂ ਕਿਸੇ ਅਪਰਾਧ ਵਿੱਚ ਹੋਈ ਹੈ। ਪੀੜਤਾਂ ਨੂੰ ਇਹ ਯਕੀਨ ਦਿਵਾਇਆ ਜਾਂਦਾ ਸੀ ਕਿ ਉਨ੍ਹਾਂ ਨੂੰ ਆਪਣੇ ਨਕਦ ਪੈਸੇ ਜਾਂ ਸੋਨਾ ਸੁਰੱਖਿਅਤ ਰੱਖਣ ਲਈ ਇੱਕ ਫੈਡਰਲ ਏਜੰਟ ਨੂੰ ਸੌਂਪਣਾ ਪਵੇਗਾ। ਰੌਸ਼ਨ ਸ਼ਾਹ ਖੁਦ ਫੈਡਰਲ ਏਜੰਟ ਬਣ ਕੇ ਉਨ੍ਹਾਂ ਤੋਂ ਇਹ ਚੀਜ਼ਾਂ ਲੈਂਦਾ ਸੀ।”
ਅਧਿਕਾਰੀਆਂ ਨੇ ਅਜੇ ਤੱਕ ਇਹ ਸਪੱਸ਼ਟ ਨਹੀਂ ਕੀਤਾ ਕਿ ਰੌਸ਼ਨ ਸ਼ਾਹ ਕੈਨੇਡਾ ਦੇ ਕਿਸ ਸੂਬੇ ਵਿੱਚ ਰਹਿੰਦਾ ਸੀ ਜਾਂ ਕਿਸ ਕਾਲਜ ਦਾ ਵਿਦਿਆਰਥੀ ਸੀ।
ਅਧਿਕਾਰੀਆਂ ਮੁਤਾਬਕ, ਰੌਸ਼ਨ ਸ਼ਾਹ ਨੇ ਅਮਰੀਕਾ ਦੇ ਵੱਖ-ਵੱਖ ਰਾਜਾਂ ਵਿੱਚ 15 ਪੀੜਤਾਂ ਤੋਂ ਕੁੱਲ 37 ਲੱਖ ਅਮਰੀਕੀ ਡਾਲਰ (ਲਗਭਗ 30 ਕਰੋੜ ਰੁਪਏ) ਤੋਂ ਵੱਧ ਦੀ ਰਕਮ ਇਕੱਠੀ ਕੀਤੀ ਸੀ। ਉਸ ਨੂੰ 2025 ਦੀਆਂ ਗਰਮੀਆਂ ਵਿੱਚ ਵਿਸਕੌਨਸਿਨ ਦੇ ਨਿਊ ਬਰਲਿਨ ਇਲਾਕੇ ਵਿੱਚ ਠੱਗੀ ਦੀ ਰਕਮ ਵਸੂਲਣ ਦੀ ਕੋਸ਼ਿਸ਼ ਕਰਦੇ ਸਮੇਂ ਗ੍ਰਿਫ਼ਤਾਰ ਕੀਤਾ ਗਿਆ ਸੀ।
ਰਿਪੋਰਟ ਵਿੱਚ ਦੱਸਿਆ ਗਿਆ ਕਿ ਇਸ ਠੱਗੀ ਦਾ ਸ਼ਿਕਾਰ ਹੋਣ ਵਾਲੇ ਜ਼ਿਆਦਾਤਰ ਲੋਕ ਬਜ਼ੁਰਗ ਅਤੇ ਬੇਵੱਸ ਸਨ।
ਈਸਟਰਨ ਡਿਸਟ੍ਰਿਕਟ ਆਫ਼ ਵਿਸਕੌਨਸਿਨ ਦੇ ਫਰਸਟ ਅਸਿਸਟੈਂਟ ਅਮਰੀਕੀ ਅਟਾਰਨੀ ਬ੍ਰੈਡ ਸ਼ਿਮਲ ਨੇ ਕਿਹਾ, “ਇਹ ਮਾਮਲਾ ਦਰਸਾਉਂਦਾ ਹੈ ਕਿ ਅਮਰੀਕੀਆਂ ਨੂੰ ਦੇਸ਼ ਦੇ ਅੰਦਰ ਅਤੇ ਬਾਹਰ ਬੈਠੇ ਠੱਗਾਂ ਤੋਂ ਕਿੰਨਾ ਵੱਡਾ ਖ਼ਤਰਾ ਹੈ।” ਉਨ੍ਹਾਂ ਅੱਗੇ ਕਿਹਾ, “ਇਹ ਸਜ਼ਾ ਸਾਡੇ ਬਜ਼ੁਰਗਾਂ ਨੂੰ ਠੱਗੀ ਤੋਂ ਬਚਾਉਣ ਲਈ ਫੈਡਰਲ ਲਾਅ ਇਨਫੋਰਸਮੈਂਟ ਅਤੇ ਅਮਰੀਕੀ ਅਟਾਰਨੀ ਦਫ਼ਤਰ ਦੇ ਸਾਂਝੇ ਯਤਨਾਂ ਦਾ ਨਤੀਜਾ ਹੈ।”
ਇਸ ਪੂਰੇ ਮਾਮਲੇ ਦੀ ਜਾਂਚ ਅਮਰੀਕੀ ਹੋਮਲੈਂਡ ਸਕਿਓਰਿਟੀ ਵਿਭਾਗ (HSI) ਅਤੇ ਨਿਊ ਬਰਲਿਨ ਪੁਲਿਸ ਵਿਭਾਗ ਵੱਲੋਂ ਸਾਂਝੇ ਤੌਰ ‘ਤੇ ਕੀਤੀ ਗਈ ਹੈ।