ਅਮਰੀਕੀ ਨਿਆਂ ਵਿਭਾਗ (US Department of Justice) ਦੇ ਮੁਤਾਬਕ, 43 ਸਾਲਾ ਸਟੇਸੀ ਟੇਲਰ (Stacey Taylor) ਨੇ ਅੰਤਰਰਾਸ਼ਟਰੀ ਮਨੁੱਖੀ ਤਸਕਰੀ ਸਾਜ਼ਿਸ਼ ਵਿੱਚ ਸ਼ਾਮਲ ਹੋਣ ਦਾ ਦੋਸ਼ ਮੰਨ ਲਿਆ ਹੈ।ਅਮਰੀਕੀ ਬਾਰਡਰ ਪੈਟਰੋਲ ਅਧਿਕਾਰੀਆਂ ਨੇ ਜਨਵਰੀ 2025 ਵਿੱਚ ਨਿਊਯਾਰਕ ਦੇ ਚੂਰੂਬੁਸਕੋ (Churubusco) ਨੇੜੇ ਟੇਲਰ ਦੀ ਗੱਡੀ ਨੂੰ ਰੋਕਿਆ ਸੀ। ਗੱਡੀ ਦੀ ਤਲਾਸ਼ੀ ਦੌਰਾਨ ਉਸ ਵਿੱਚੋਂ 4 ਵਿਅਕਤੀ ਮਿਲੇ, ਜਿਨ੍ਹਾਂ ਵਿੱਚੋਂ 3 ਭਾਰਤੀ ਨਾਗਰਿਕ ਅਤੇ 1 ਕੈਨੇਡੀਅਨ ਨਾਗਰਿਕ ਸੀ।

ਜਾਂਚ ਵਿੱਚ ਸਾਹਮਣੇ ਆਇਆ ਕਿ ਇਹ ਚਾਰੇ ਵਿਅਕਤੀ ਜੰਗਲਾਂ ਰਾਹੀਂ ਕੜਾਕੇ ਦੀ ਠੰਢ ਵਿੱਚ ਪੈਦਲ ਸਰਹੱਦ ਪਾਰ ਕਰਕੇ ਅਮਰੀਕਾ ਵਿੱਚ ਦਾਖਲ ਹੋਏ ਸਨ ਅਤੇ ਟੇਲਰ ਦੀ ਗੱਡੀ ਵਿੱਚ ਸਵਾਰ ਹੋਏ ਸਨ। ਜਾਂਚਕਰਤਾਵਾਂ ਨੂੰ ਟੇਲਰ ਦੇ ਮੋਬਾਈਲ ਫੋਨ ਤੋਂ ਲੋਕੇਸ਼ਨ ਦੇ ਕੋਆਰਡੀਨੇਟਸ (coordinates) ਅਤੇ ਮੈਸੇਜ ਮਿਲੇ, ਜਿਨ੍ਹਾਂ ਤੋਂ ਪਤਾ ਲੱਗਾ ਕਿ ਉਸ ਨੂੰ ਇਨ੍ਹਾਂ ਲੋਕਾਂ ਨੂੰ ਚੁੱਕਣ ਦੇ ਨਿਰਦੇਸ਼ ਮਿਲੇ ਸਨ। ਫੜੇ ਜਾਣ ਤੋਂ ਬਾਅਦ ਟੇਲਰ ਨੇ ਕਬੂਲਿਆ ਕਿ ਉਸ ਨੇ ਪੈਸਿਆਂ ਦੇ ਬਦਲੇ ਇਨ੍ਹਾਂ ਲੋਕਾਂ ਨੂੰ ਗੱਡੀ ਵਿੱਚ ਬਠਾਇਆ ਸੀ।ਇੰਨਾ ਹੀ ਨਹੀਂ, ਉਸ ਦੇ ਫੋਨ ਤੋਂ ਇਹ ਵੀ ਖੁਲਾਸਾ ਹੋਇਆ ਕਿ ਉਹ ਇਸ ਤੋਂ ਪਹਿਲਾਂ ਵੀ ਕਈ ਵਾਰ ਮਨੁੱਖੀ ਤਸਕਰੀ ਦੀਆਂ ਘਟਨਾਵਾਂ ਵਿੱਚ ਸ਼ਾਮਲ ਰਹੀ ਸੀ। ਜਨਵਰੀ 2025 ਵਿੱਚ ਗ੍ਰਿਫ਼ਤਾਰੀ ਤੋਂ ਬਾਅਦ ਵੀ, ਅਗਸਤ 2025 ਵਿੱਚ ਉਸ ਨੂੰ ਦੁਬਾਰਾ ਗੈਰ-ਕਾਨੂੰਨੀ ਪ੍ਰਵਾਸੀਆਂ ਦੀ ਤਸਕਰੀ ਕਰਦੇ ਹੋਏ ਰੋਕਿਆ ਗਿਆ ਸੀ। ਸਟੇਸੀ ਟੇਲਰ ਨੇ ਅਦਾਲਤ ਵਿੱਚ ‘ਗੈਰ-ਕਾਨੂੰਨੀ ਪ੍ਰਵਾਸੀਆਂ ਦੀ ਤਸਕਰੀ ਦੀ ਸਾਜ਼ਿਸ਼’ ਅਤੇ ‘ਮੁਨਾਫੇ ਲਈ ਤਸਕਰੀ ਕਰਨ’ ਦੇ 4 ਦੋਸ਼ ਕਬੂਲ ਕੀਤੇ ਹਨ। ਇਸ ਮਾਮਲੇ ਵਿੱਚ ਉਸ ਨੂੰ ਘੱਟੋ-ਘੱਟ 5 ਸਾਲ ਦੀ ਜੇਲ੍ਹ ਦੀ ਸਜ਼ਾ ਹੋ ਸਕਦੀ ਹੈ। ਅਦਾਲਤ ਵੱਲੋਂ ਉਸ ਦੀ ਸਜ਼ਾ ਦਾ ਐਲਾਨ 3 ਦਸੰਬਰ ਨੂੰ ਕੀਤਾ ਜਾਵੇਗਾ।