ਪੰਜਾਬੀ ਰੇਡੀਓ ਯੂਐੱਸਏ ਅਤੇ ਪੰਜਾਬੀ ਕਲਚਰ ਸੈਂਟਰ ਦੇ ਸਾਂਝੇ ਉੱਦਮ ਦੇ ਨਾਲ ਫਰਿਜ਼ਨੋ ਵਿਖੇ ਕਰਵਾਇਆ ਗਿਆ 7ਵਾਂ ਆਰਟ ਕੈਂਪ ਸ਼ਾਨੋ ਸ਼ੌਕਤ ਦੇ ਨਾਲ ਅਮਿੱਟ ਪੈੜਾਂ ਛੱਡਦਾ ਹੋਇਆ ਸਮਾਪਤ ਹੋਇਆ | ਹਫ਼ਤਾਭਰ ਚੱਲੇ ਇਸ ਕੈਂਪ ‘ਚ ਬੱਚਿਆਂ ਨੂੰ ਰੰਗਾਂ ਅਤੇ ਸੂਖਮ ਕਲਾਵਾਂ ਬਾਰੇ ਸਿੱਖਿਅਤ ਕਰਨ ਦੇ ਲਈ ਕੈਨੇਡਾ ਤੋਂ ਉੱਘੇ ਚਿੱਤਰਕਾਰ ਪਰਮ ਸਿੰਘ ਵਿਸ਼ੇਸ਼ ਤੌਰ ‘ਤੇ ਪਹੁੰਚੇ ਹੋਏ ਸਨ, ਜਿਨ੍ਹਾਂ ਦੀਆਂ ਸਿੱਖ ਇਤਿਹਾਸ ਬਾਰੇ ਅਤੇ ਖਾਸ ਕਰਕੇ 18 ਵੀਂ ਸਦੀ ਦੌਰਾਨ ਸਿੱਖ ਸੰਘਰਸ਼ ‘ਤੇ ਬਣਾਈਆਂ ਗਈਆਂ ਪੇਟਿੰਗਜ਼ ਕਿਸੇ ਜਾਣ ਪਹਿਚਾਣ ਦੀਆਂ ਮੋਹਤਾਜ ਨਹੀਂ, ਜਿਨ੍ਹਾਂ ਨੇ ਸਿੱਖ ਜਜ਼ਬਾਤਾਂ ‘ਚ ਇੱਕ ਸਤਿਕਾਰਯੋਗ ਥਾਂ ਬਣਾਈ ਹੋਈ ਹੈ ਅਤੇ ਇਸ ਕਾਲ ਦੇ ਸਿੱਖ ਇਤਿਹਾਸ ‘ਤੇ ਉਨ੍ਹਾਂ ਦੀ ਪਕੜ ਅਤੇ ਰੁਚੀ ਹੋਣ ਕਰਕੇ ਉਹਨਾਂ ਦੀ ਕਲਾ ਚੋਂ ਵੀ ਇਸਦਾ ਸਾਫ਼ ਝਲਕਾਰਾ ਪੈਂਦਾ ਹੈ ,ਪਰਮ ਸਿੰਘ ਇਸਤੋਂ ਪਹਿਲਾਂ ਵੀ ਆਰਟ ਕੈਂਪ ‘ਚ ਆਪਣੀਆਂ ਸੇਵਾਵਾਂ ਦੇ ਚੁੱਕੇ ਹਨ ਅਤੇ ਇਹ ਓਹਨਾ ਦਾ 5 ਵਾਂ ਕੈਂਪ ਸੀ |

ਇਸ ਆਰਟ ਕੈਂਪ ਦੀ ਫਰਿਜ਼ਨੋ ਸਮੇਤ ਕੈਲੀਫੋਰਨੀਆ ਦੇ ਕਈ ਮੀਡਿਆ ਅਦਾਰਿਆਂ ਵੱਲੋਂ ਕਵਰੇਜ ਵੀ ਕੀਤੀ ਗਈ ਜੋ ਕਿ ਆਪਣੇ ਆਪ ‘ਚ ਇੱਕ ਮਾਣਮੱਤੀ ਗੱਲ ਹੈ, ਕਵਰੇਜ ਕਰਨ ਅਤੇ ਵੱਖ ਵੱਖ ਪੱਤਰਕਾਰਾਂ ਨੇ ਵੀ ਪੰਜਾਬੀ ਰੇਡੀਓ ਯੂਐੱਸਏ ਦੀ ਤਰਫ਼ੋਂ ਰਾਜਕਰਨਬੀਰ ਸਿੰਘ ਅਤੇ ਪਰਮ ਸਿੰਘ ਦੇ ਨਾਲ ਵੀ ਗੱਲਬਾਤ ਕੀਤੀ ਅਤੇ ਇਸ ਉਪਰਾਲੇ ਦੀ ਸਲਾਘਾ ਕੀਤੀ | ਮਾਪਿਆਂ ਨੇ ਵੀ ਕੈਂਪ ਦੇ ਦੌਰਾਨ ਆਪਣੇ ਸ਼ਾਨਦਾਰ ਤਜ਼ਰਬੇ ਸਾਂਝੇ ਕੀਤੇ ਜੋ ਚਾਈਂ ਚਾਈਂ ਆਪਣੇ ਬੱਚਿਆਂ ਨੂੰ ਲੈ ਕੇ ਆਉਂਦੇ ਸਨ ਅਤੇ ਜਦੋਂ ਉਹਨਾਂ ਤੋਂ ਉਹਨਾਂ ਦੇ ਤਜ਼ਰਬੇ ਬਾਰੇ ਪੁੱਛਿਆ ਜਾਂਦਾ ਸੀ ਤਾਂ ਉਹ ਕੈਂਪ ਦੇ ਕਈ ਫਾਇਦੇ ਦੱਸਦੇ ਸਨ ਜਿਵੇ ਕਿ ਸੂਖਮ ਕਲਾਵਾਂ ਬੱਚੇ ਕਿੰਨੇ ਚਾਅ ਨਾਲ ਸਿੱਖਦੇ ਹਨ ਅਤੇ ਵੀਡੀਓ ਗੇਮਜ਼ ਅਤੇ ਮੋਬਾਈਲ ਸਕਰੀਨਾਂ ਤੋਂ ਵੀ ਦੂਰ ਰਹਿੰਦੇ ਨੇ | ਆਰਟ ਕੈਂਪ ਦੀਆਂ ਦੋ ਕਲਾਸਾਂ ਸਨ 05-13 ਸਾਲ ਦੇ ਬੱਚਿਆਂ ਦੀਆਂ ਸਵੇਰੇ 10-12 ਅਤੇ 13 ਤੋਂ ਉੱਪਰ ਉਮਰ ਦੇ ਬੱਚਿਆਂ ਦੀਆਂ ਦੁਪਹਿਰ 3-5 ਤੱਕ ਕਲਾਸਾਂ ਲਗਾਈਆਂ ਜਾਂਦੀਆਂ ਸਨ ਅਤੇ ਕਲਾਸਾਂ ਦੌਰਾਨ ਬਕਾਇਦਾ ਤੌਰ ‘ਤੇ ਬੱਚਿਆਂ ਨੂੰ ਰਿਫਰੈਸ਼ਮੈਂਟ ਵੀ ਦਿੱਤੀਆਂ ਜਾਂਦੀਆਂ ਸਨ |

ਆਖਰੀ ਤੇ ਗ੍ਰੈਜੂਏਸ਼ਨ ਵਾਲੇ ਦਿਨ ਹਿੱਸਾ ਲੈਣ ਵਾਲੇ ਸਾਰੇ ਬੱਚਿਆਂ ਨੂੰ ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ, ਅਤੇ ਕੈਂਪ ਦੇ ਦੌਰਾਨ ਸ਼ਾਨਦਾਰ ਸੇਵਾਵਾਂ ਦੇਣ ਦੇ ਬਦਲੇ ਅਤੇ ਵਲੰਟੀਅਰ ਕਰਨ ਵਾਲੇ ਨੀਰੂ ਢੀਂਡਸਾ, ਅਰਸ਼ਦੀਪ ਸਿੰਘ, ਇੰਦਰਜੀਤ ਸਿੰਘ ਬਰਾੜ, ਨਿਊ ਇੰਡੀਆ ਸਵੀਟਸ ਐਂਡ ਸਪੀਸਸ ਵਾਲੇ ਜਸਵਿੰਦਰ ਸਿੰਘ ਅਤੇ ਸਿੰਘ ਪ੍ਰੋਡਕਸ਼ਨ ਵਾਲੇ ਬਲਵਿੰਦਰ ਸਿੰਘ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ‘ਤੇ ਬੋਲਦਿਆਂ ਪਰਮ ਸਿੰਘ ਨੇ ਕਲਾ ਦੀ ਅਹਿਮੀਅਤ ‘ਤੇ ਚਾਨਣਾ ਪਾਇਆ ਅਤੇ ਇਤਿਹਾਸਕ ਪੇਂਟਿੰਗਜ਼ ਦੀ ਮਹੱਤਤਾ ਬਾਰੇ ਦੱਸਿਆ ਅਤੇ ਅਰਸ਼ਦੀਪ ਸਿੰਘ ਨੇ ਆਉਣ ਵਾਲੇ ਸਮੇਂ ‘ਚ ਮਨੁੱਖ ਦੀ ਜੀਵਨ ਜਾਂਚ ‘ਚ ਕਲਾ ਅਤੇ ਸਾਹਿਤ ਦੀ ਅਹਿਮੀਅਤ ਬਾਰੇ ਦੱਸਿਆ, ਸਟੇਜ ਦੀ ਜਿੰਮੇਵਾਰੀ ਰਾਜਕਰਨਬੀਰ ਸਿੰਘ ਨੇ ਬਾਖੂਬੀ ਨਿਭਾਈ, ਅੰਤ ਅਗਲੇ ਸਾਲ ਫੇਰ ਇਕੱਠੇ ਹੋ ਕੇ ਕਲਾ, ਚਿੱਤਰਕਾਰੀ ਅਤੇ ਰੰਗਾਂ ਦੇ ਨਾਲ ਨਾਲ ਉਸਾਰੂ ਗੋਸ਼ਟੀਆਂ ਦਾ ਅਹਿਦ ਲੈ ਕੇ ਇਹ ਕੈਂਪ ਸ਼ਾਨਾਮੱਤੀਆਂ ਪੈੜਾਂ ਪਾਉਂਦਾ ਸਮਾਪਤ ਹੋ ਗਿਆ |