ਅਮਰੀਕਾ ਵਿੱਚ ਦੁਕਾਨ ‘ਤੇ ਹੋਈ ਹਥਿਆਰਬੰਦ ਲੁੱਟ-ਖੋਹ ਦੌਰਾਨ ਭਾਰਤੀ ਮੂਲ ਦੇ ਇੱਕ ਦੁਕਾਨਦਾਰ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ ਅਤੇ ਪੁਲਿਸ ਅਨੁਸਾਰ ਮ੍ਰਿਤਕ ਦੀ ਪਛਾਣ 56 ਸਾਲਾ ਸੁਰੇਸ਼ ਪਰਸੋਤਮਦਾਸ ਪਟੇਲ ਵਜੋਂ ਹੋਈ ਹੈ, ਜੋ ਕਿ ਗੁਜਰਾਤ ਦੇ ਰਹਿਣ ਵਾਲੇ ਸਨ। ਜੈਕਸਨ ਪੁਲਿਸ ਵਿਭਾਗ ਨੇ ਦੱਸਿਆ ਕਿ ਉਹ 20 ਅਗਸਤ 2026 (ਵੀਰਵਾਰ) ਦੀ ਸ਼ਾਮ ਨੂੰ ‘ਰਿਜਕ੍ਰੈਸਟ ਸੈਲਰਜ਼’ (Ridgecrest Cellars) ਵਿਖੇ ਹੋਈ ਹਥਿਆਰਬੰਦ ਲੁੱਟ ਅਤੇ ਗੋਲੀਬਾਰੀ ਦੀ ਘਟਨਾ ਦੀ ਜਾਂਚ ਕਰ ਰਹੇ ਹਨ।

ਰਿਪੋਰਟਾਂ ਮੁਤਾਬਕ ਇਹ ਦੁਕਾਨ ਕੁਝ ਦਿਨ ਪਹਿਲਾਂ ਹੀ ਖੁੱਲ੍ਹੀ ਸੀ, ਪੁਲਿਸ ਨੇ ਇੱਕ ਬਿਆਨ ਵਿੱਚ ਦੱਸਿਆ ਕਿ ਇੱਕ ਗਵਾਹ ਅਨੁਸਾਰ ਇੱਕ ਅਣਪਛਾਤਾ ਸ਼ੱਕੀ ਵਿਅਕਤੀ ਦੁਕਾਨ ਦੇ ਅੰਦਰ ਦਾਖਲ ਹੋਇਆ, ਉਸਨੇ ਹਥਿਆਰ ਦਿਖਾਇਆ ਅਤੇ ਕਰਮਚਾਰੀਆਂ ਤੋਂ ਨਕਦੀ ਦੀ ਮੰਗ ਕੀਤੀ। ਪੁਲਿਸ ਨੇ ਕਿਹਾ, “ਕਰਮਚਾਰੀ ਤੋਂ ਪੈਸੇ ਲੈਂਦੇ ਹੀ ਸ਼ੱਕੀ ਨੇ ਕਈ ਗੋਲੀਆਂ ਚਲਾਈਆਂ, ਜਿਨ੍ਹਾਂ ਵਿੱਚੋਂ ਇੱਕ ਦੁਕਾਨ ਦੇ ਕਰਮਚਾਰੀ ਨੂੰ ਲੱਗੀ।”

ਸੁਰੇਸ਼ ਪਟੇਲ (56) ਮੌਕੇ ‘ਤੇ ਹੀ ਮ੍ਰਿਤਕ ਪਾਏ ਗਏ। ਸ਼ੱਕੀ ਬਾਰੇ ਦੱਸਦਿਆਂ ਪੁਲਿਸ ਨੇ ਕਿਹਾ ਕਿ ਉਹ ਗ੍ਰੇ (Grey) ਰੰਗ ਦੀ ਹੂਡੀ, ਜੀਨਸ ਅਤੇ ਕਾਲੇ ਰੰਗ ਦੇ ਬੂਟ ਪਾਏ ਹੋਏ ਇੱਕ ਅਫਰੀਕੀ-ਅਮਰੀਕੀ (ਬਲੈਕ) ਵਿਅਕਤੀ ਸੀ। ਉਸਦਾ ਚਿਹਰਾ ਪੇਂਟਬਾਲ-ਸਟਾਈਲ ਮਾਸਕ ਨਾਲ ਢੱਕਿਆ ਹੋਇਆ ਸੀ ਅਤੇ ਉਸਨੂੰ ਚਿੱਟੇ ਰੰਗ ਦੀ ਸੇਡਾਨ ਗੱਡੀ ਵਿੱਚ ਫਰਾਰ ਹੁੰਦੇ ਵੇਖਿਆ ਗਿਆ।