
ਕੈਲੀਫੋਰਨੀਆ ਦੇ ਅਧਿਕਾਰੀਆਂ ਵੱਲੋਂ San Francisco Bay Area ‘ਚ ਕੁਝ ਘੰਟਿਆਂ ਦੇ ਫਾਸਲੇ ‘ਤੇ ਹੋਈਆਂ ਕੇਰਲ ਦੀਆਂ ਦੋ ਔਰਤਾਂ ਦੀਆਂ ਮੌਤਾਂ ਦੀ ਜਾਂਚ ਕੀਤੀ ਜਾ ਰਹੀ ਹੈ ਜਿਸ ਸਬੰਧ ‘ਚ ਰਿਸ਼ਤੇਦਾਰਾਂ ਦਾ ਦਾਅਵਾ ਹੈ ਕਿ ਦੋਵਾਂ ਘਟਨਾਵਾਂ ਲਈ ਉਨ੍ਹਾਂ ਦੀ ਇੱਕ ਆਪਸੀ ਸਹੇਲੀ ਹੀ ਜ਼ਿੰਮੇਵਾਰ ਹੈ।
ਮ੍ਰਿਤਕਾਂ ਦੀ ਪਛਾਣ 35 ਸਾਲਾ ਅੰਜਨਾ ਹਰੀ (Anjana Hari) ਅਤੇ 40 ਸਾਲਾ ਅੰਨ ਮੈਰੀ ਮੈਥਿਊ (Ann Mary Mathew) ਵਜੋਂ ਹੋਈ ਹੈ। ਮੀਡੀਆ ਰਿਪੋਰਟਾਂ ਅਨੁਸਾਰ, ਪਹਿਲੀ ਮੌਤ ਤੋਂ ਬਾਅਦ ਗ੍ਰਿਫ਼ਤਾਰ ਕੀਤੀ ਗਈ ਸ਼ੱਕੀ 32 ਸਾਲਾ ਅਨੀਲਾ (Anila) ਹੈ, ਜੋ ਦੂਜੇ ਕਤਲ ਦੀ ਵੀ ਸ਼ੱਕੀ ਹੋ ਸਕਦੀ ਹੈ, ਇਸ ਸਬੰਧੀ ਨਾ ਤਾਂ ਮਿਲਪਿਟਾਸ ਪੁਲਿਸ (Milpitas Police Department) ਅਤੇ ਨਾ ਹੀ ਸੰਨ ਹੋਜ਼ੇ ਪੁਲਿਸ (San Jose Police Department) ਨੇ ਮ੍ਰਿਤਕਾਂ ਜਾਂ ਸ਼ੱਕੀ ਦੇ ਨਾਵਾਂ ਦਾ ਅਧਿਕਾਰਤ ਤੌਰ ‘ਤੇ ਜਨਤਕ ਐਲਾਨ ਕੀਤਾ ਹੈ, ਅਤੇ ਨਾ ਹੀ ਇਹ ਪੁਸ਼ਟੀ ਕੀਤੀ ਹੈ ਕਿ ਇਹ ਦੋਵੇਂ ਘਟਨਾਵਾਂ ਆਪਸ ਵਿੱਚ ਜੁੜੀਆਂ ਹੋਈਆਂ ਹਨ।
ਪਰਿਵਾਰਕ ਮੈਂਬਰਾਂ ਅਤੇ ਮੀਡੀਆ ਰਿਪੋਰਟਾਂ ਅਨੁਸਾਰ, ਇਹ ਤਿੰਨੋਂ ਔਰਤਾਂ ਪੁਰਾਣੀਆਂ ਸਹੇਲੀਆਂ ਸਨ ਅਤੇ ਘਟਨਾ ਤੋਂ ਪਹਿਲੀ ਸ਼ਾਮ ਉਨ੍ਹਾਂ ਨੇ ਇਕੱਠਿਆਂ ਓਨਮ (Onam) ਦਾ ਤਿਉਹਾਰ ਮਨਾਇਆ ਸੀ ਅਤੇ ਬਾਅਦ ਵਿੱਚ ਥੀਏਟਰ ਵਿੱਚ ਫਿਲਮ ਦੇਖਣ ਗਈਆਂ ਸਨ।
ਪਹਿਲੀ ਘਟਨਾ (ਮਿਲਪਿਟਾਸ): ਪਹਿਲੀ ਘਟਨਾ 28 ਅਗਸਤ ਨੂੰ ਦੁਪਹਿਰ 12 ਵਜੇ ਦੇ ਕਰੀਬ Milpitas ਦੀ ਡਿਕਸਨ ਲੈਂਡਿੰਗ ਰੋਡ ਸਥਿਤ ਮਿਲ ਕ੍ਰੀਕ ਅਪਾਰਟਮੈਂਟਸ (Mill Creek Apartments) ਵਿੱਚ ਵਾਪਰੀ। ਦੁਪਹਿਰ 12:01 ਵਜੇ ਪਾਰਕਿੰਗ ਲਾਟ ਵਿੱਚ ਹਿੱਟ-ਐਂਡ-ਰਨ ਦੀ ਇਤਲਾਹ ਮਿਲਣ ‘ਤੇ ਪਹੁੰਚੀ ਪੁਲਿਸ ਨੂੰ ਇੱਕ ਔਰਤ ਗੰਭੀਰ ਜ਼ਖਮੀ ਹਾਲਤ ਵਿੱਚ ਮਿਲੀ, ਜਿਸ ਨੂੰ ਮੌਕੇ ‘ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ। ਚਸ਼ਮਦੀਦਾਂ ਮੁਤਾਬਕ ਇੱਕ ਨੀਲੇ ਰੰਗ ਦੀ SUV ਔਰਤ ਨੂੰ ਟੱਕਰ ਮਾਰਨ ਤੋਂ ਬਾਅਦ ਫਰਾਰ ਹੋ ਗਈ। ਪੁਲਿਸ ਨੇ ਨੇੜਲੀ ਪਾਰਕਿੰਗ ਵਿੱਚੋਂ ਨੁਕਸਾਨੀ ਗਈ SUV ਬਰਾਮਦ ਕਰ ਕੇ 32 ਸਾਲਾ ਮਿਲਪਿਟਾਸ ਨਿਵਾਸੀ ਨੂੰ ਗ੍ਰਿਫ਼ਤਾਰ ਕਰ ਲਿਆ। ਰਿਸ਼ਤੇਦਾਰਾਂ ਨੇ ਪੁਸ਼ਟੀ ਕੀਤੀ ਕਿ ਗੱਡੀ ਦੀ ਟੱਕਰ ਨਾਲ ਮਾਰੀ ਗਈ ਔਰਤ ਅੰਜਨਾ ਸੀ।
ਦੂਜੀ ਘਟਨਾ (ਸੰਨ ਹੋਜ਼ੇ): ਲਗਭਗ ਦੋ ਘੰਟਿਆਂ ਬਾਅਦ, ਸੰਨ ਹੋਜ਼ੇ ਪੁਲਿਸ ਨੂੰ ਲਿੰਡਾ ਵਿਸਟਾ ਸਟ੍ਰੀਟ ਦੇ 700 ਬਲਾਕ ਵਿੱਚ ਇੱਕ ਘਰ ਵਿੱਚ ਸ਼ੱਕੀ ਹਾਲਾਤ ਦੀ ਇਤਲਾਹ ਮਿਲੀ। ਪੁਲਿਸ ਨੂੰ ਘਰ ਦੇ ਅੰਦਰੋਂ ਇੱਕ ਬੇਹੋਸ਼ ਔਰਤ ਮਿਲੀ, ਜਿਸ ਦੀ ਥੋੜ੍ਹੀ ਦੇਰ ਬਾਅਦ ਮੌਤ ਹੋ ਗਈ। ਪੁਲਿਸ ਨੇ ਦੱਸਿਆ ਕਿ ਔਰਤ ਦੇ ਚਾਕੂ ਦਾ ਜ਼ਖਮ ਸੀ। ਮ੍ਰਿਤਕਾ ਦੀ ਪਛਾਣ ਅੰਨ ਵਜੋਂ ਹੋਈ। ਅੰਨ ਦੇ ਪਤੀ ਪੱਲਾਥਰਾ ਜੈਕਬ (Pallathra Jacob) ਨੇ ਅੰਜਨਾ ਦੀ ਮੌਤ ਦੀ ਖ਼ਬਰ ਮਿਲਣ ‘ਤੇ ਘਰ ਪਰਤ ਕੇ ਆਪਣੀ ਪਤਨੀ ਨੂੰ ਜ਼ਖਮੀ ਹਾਲਤ ‘ਚ ਦੇਖਿਆ ਸੀ।
ਹਮਲਿਆਂ ਦੇ ਕਾਰਨਾਂ ਦੀ ਜਾਂਚ ਜਾਰੀ ਹੈ। ਰਿਸ਼ਤੇਦਾਰਾਂ ਨੇ ਦੱਸਿਆ ਕਿ ਸ਼ੱਕੀ ਅਨੀਲਾ ਦੀ ਹਾਲ ਹੀ ਵਿੱਚ ਨੌਕਰੀ ਛੁੱਟ ਗਈ ਸੀ, ਜਦਕਿ ਅੰਨ ਨੂੰ ਘਟਨਾ ਤੋਂ ਦੋ ਹਫ਼ਤੇ ਪਹਿਲਾਂ ਹੀ ਨਵੀਂ ਨੌਕਰੀ ਅਤੇ ਵਰਕ ਪਰਮਿਟ ਮਿਲਿਆ ਸੀ।
ਅੰਜਨਾ 2021 ਤੋਂ ਕੈਲੀਫੋਰਨੀਆ ਵਿੱਚ ਰਹਿ ਰਹੀ ਸੀ ਅਤੇ ਪਿਛਲੇ ਛੇ ਸਾਲਾਂ ਤੋਂ ਅਧਿਆਪਕਾ ਵਜੋਂ ਸੇਵਾਵਾਂ ਦੇ ਰਹੀ ਸੀ। ਉਹ ਆਪਣੇ ਪਤੀ (ਜੋ ਇੱਕ ਸੌਫਟਵੇਅਰ ਇੰਜੀਨੀਅਰ ਹਨ) ਅਤੇ ਧੀ ਨੂੰ ਛੱਡ ਗਈ ਹੈ। ਅੰਨ ਪਿਛਲੇ 10 ਸਾਲਾਂ ਤੋਂ ਅਮਰੀਕਾ ਵਿੱਚ ਰਹਿ ਰਹੀ ਸੀ ਅਤੇ ਆਪਣੇ ਪਿੱਛੇ ਪਤੀ ਅਤੇ ਦੋ ਧੀਆਂ (ਉਮਰ 12 ਅਤੇ 5 ਸਾਲ) ਛੱਡ ਗਈ ਹੈ।