ਡੇਲਾਵੇਅਰ ਸਟੇਟ ਪੁਲਿਸ ਨੇ ਮੰਗਲਵਾਰ ਸਵੇਰੇ ਨਿਊ ਕਾਸਟਲ ਦੇ ਇੱਕ ਵੇਅਰਹਾਊਸ (ਗੋਦਾਮ) ਤੋਂ ਜਾਅਲੀ ਦਸਤਾਵੇਜ਼ਾਂ ਦੀ ਵਰਤੋਂ ਕਰਕੇ ਭਾਰੀ ਕੀਮਤ ਦਾ ਸਮਾਨ ਚੋਰੀ ਕਰਨ ਦੇ ਦੋਸ਼ ਵਿੱਚ ਮੰਟੇਕਾ, ਕੈਲੀਫੋਰਨੀਆ ਦੇ 35 ਸਾਲਾ ਦੁਸ਼ਟਦਮਨ ਪਰਿਹਾਰ (Dushatdaman Parihar) ਨੂੰ ਉਸਦੇ ਸਾਥੀ ਸਮੇਤ ਗ੍ਰਿਫ਼ਤਾਰ ਕੀਤਾ ਹੈ।
15 ਸਤੰਬਰ, 2026 ਨੂੰ, ਨਿਊਆਰਕ ਦੇ ਯੂਨੀਵਰਸਿਟੀ ਪਲਾਜ਼ਾ ਵਿਖੇ ਕਾਰਗੋ ਚੋਰੀ ਦੀ ਰਿਪੋਰਟ ਮਿਲਣ ‘ਤੇ ਪੁਲਿਸ ਕਰਮਚਾਰੀ (ਟਰੂਪਰ) ਮੌਕੇ ‘ਤੇ ਪਹੁੰਚੇ ਸਨ ਤੇ ਸ਼ਿਕਾਇਤਕਰਤਾ ਨੇ ਦੱਸਿਆ ਕਿ 14 ਸਤੰਬਰ, 2026 ਨੂੰ ਸਵੇਰੇ ਲਗਭਗ 9:15 ਵਜੇ, ਦੋ ਸ਼ੱਕੀ ਵਿਅਕਤੀ ਨਿਊ ਕਾਸਟਲ ਦੇ ਰਿਵਰ ਰੋਡ ਦੇ 1100 ਬਲਾਕ ‘ਚ ਸਥਿਤ ਉਨ੍ਹਾਂ ਦੇ ਕਾਰੋਬਾਰੀ ਸਥਾਨ ‘ਤੇ ਇੱਕ ਟਰੈਕਟਰ-ਟ੍ਰੇਲਰ ਕੈਬ ਵਿੱਚ ਆਏ। ਸ਼ੱਕੀਆਂ ਨੇ ਆਪਣੇ ਆਪ ਨੂੰ FedEx ਦੇ ਕਰਮਚਾਰੀ ਦੱਸਿਆ ਅਤੇ ਇੱਕ ਟ੍ਰੇਲਰ ਲਈ ਡ੍ਰਾਈਵਿੰਗ ਲਾਇਸੈਂਸ ਅਤੇ ਸ਼ਿਪਿੰਗ ਦਸਤਾਵੇਜ਼ ਪੇਸ਼ ਕੀਤੇ, ਜਿਸ ਵਿੱਚ $680,000 ਤੋਂ ਵੱਧ ਦੇ ਇਲੈਕਟ੍ਰਾਨਿਕਸ ਸਮਾਨ ਦਾ ਮਾਲ ਸੀ। ਇਹ ਦੋਵੇਂ ਸ਼ੱਕੀ ਟ੍ਰੇਲਰ ਨੂੰ ਆਪਣੇ ਟਰੈਕਟਰ ਨਾਲ ਜੋੜ ਕੇ ਉੱਥੋਂ ਫਰਾਰ ਹੋ ਗਏ। ਕੁਝ ਸਮੇਂ ਬਾਅਦ, ਜਾਂਚ ਦੌਰਾਨ ਸ਼ਿਪਿੰਗ ਦਸਤਾਵੇਜ਼ ਜਾਅਲੀ ਪਾਏ ਗਏ। ਸ਼ਿਕਾਇਤਕਰਤਾ ਨੇ ਬਾਅਦ ਵਿੱਚ ਯੂਨੀਵਰਸਿਟੀ ਪਲਾਜ਼ਾ ਵਿਖੇ ਖੜ੍ਹੇ ਟਰੈਕਟਰ-ਟ੍ਰੇਲਰ ਦਾ ਪਤਾ ਲਗਾਇਆ ਅਤੇ 9-1-1 ‘ਤੇ ਕਾਲ ਕੀਤੀ। ਜਦੋਂ ਪੁਲਿਸ ਸ਼ਿਕਾਇਤਕਰਤਾ ਨਾਲ ਗੱਲ ਕਰ ਰਹੀ ਸੀ, ਤਾਂ ਉਨ੍ਹਾਂ ਨੇ ਸ਼ੱਕੀਆਂ ਵਿੱਚੋਂ ਇੱਕ (ਜਿਸ ਦੀ ਪਛਾਣ ਬਾਅਦ ਵਿੱਚ ਪਰਿਹਾਰ ਹਾਰ ਵਜੋਂ ਹੋਈ) ਨੂੰ ਟਰੈਕਟਰ-ਟ੍ਰੇਲਰ ਵੱਲ ਆਉਂਦੇ ਦੇਖਿਆ।
ਪੁਲਿਸ ਨੇ ਪਰਿਹਾਰ ਨਾਲ ਸੰਪਰਕ ਕੀਤਾ ਅਤੇ ਜਾਂਚ ਵਿੱਚ ਪਾਇਆ ਕਿ ਵੇਅਰਹਾਊਸ ਵਿੱਚ ਪੇਸ਼ ਕੀਤੇ ਗਏ ਡ੍ਰਾਈਵਿੰਗ ਲਾਇਸੈਂਸ ਅਤੇ ਟਰੈਕਟਰ-ਟ੍ਰੇਲਰ ‘ਤੇ ਲੱਗੀ ਰਜਿਸਟ੍ਰੇਸ਼ਨ ਪਲੇਟ (ਨੰਬਰ ਪਲੇਟ) ਜਾਅਲੀ ਸਨ ਅਤੇ ਇਸਤੋਂ ਬਾਅਦ ਪਰਿਹਾਰ ਨੂੰ ਬਿਨਾਂ ਕਿਸੇ ਵਿਰੋਧ ਦੇ ਹਿਰਾਸਤ ਵਿੱਚ ਲੈ ਲਿਆ ਗਿਆ ਅਤੇ ਟਰੂਪ 2 ਵਿਖੇ ਲਿਜਾਇਆ ਗਿਆ। ਪੁਲਿਸ ਦੇ ਦੱਸਣ ਮੁਤਾਬਿਕ ਟ੍ਰੇਲਰ ਨੂੰ ਬਰਾਮਦ ਕਰ ਲਿਆ ਗਿਆ ਹੈ ਅਤੇ ਸਾਰਾ ਸਮਾਨ ਸੁਰੱਖਿਅਤ ਹੋਣ ਦੇ ਨਾਲ ਕਾਰੋਬਾਰ ਨੂੰ ਵਾਪਸ ਕਰ ਦਿੱਤਾ ਗਿਆ ਹੈ।

ਪਰਿਹਾਰ ‘ਤੇ ਹੇਠ ਲਿਖੇ ਦੋਸ਼ ਲਗਾਏ ਗਏ ਹਨ, ਉਸਨੂੰ ਜਸਟਿਸ ਆਫ਼ ਦ ਪੀਸ ਕੋਰਟ ਦੁਆਰਾ ਪੇਸ਼ ਕੀਤਾ ਗਿਆ ਅਤੇ $66,550 ਦੇ ਸਕਿਓਰਡ ਬਾਂਡ ‘ਤੇ ਸੁਧਾਰ ਵਿਭਾਗ (ਜੇਲ੍ਹ) ਭੇਜ ਦਿੱਤਾ ਗਿਆ ਹੈ:

$100,000 ਜਾਂ ਇਸ ਤੋਂ ਵੱਧ ਦੀ ਜਾਇਦਾਦ ਦੀ ਚੋਰੀ (ਜ਼ਮਾਨਤ-ਅਯੋਗ ਅਪਰਾਧ / Felony)

ਫੋਰਜਰੀ (ਜਾਅਲਸਾਜ਼ੀ) ਪਹਿਲੀ ਡਿਗਰੀ (Felony)

ਫੋਰਜਰੀ (ਜਾਅਲਸਾਜ਼ੀ) ਦੂਜੀ ਡਿਗਰੀ (Felony)

ਕੰਸਪੀਰੇਸੀ (ਸਾਜ਼ਿਸ਼) ਦੂਜੀ ਡਿਗਰੀ

ਫਰਜ਼ੀ ਰਜਿਸਟ੍ਰੇਸ਼ਨ ਪਲੇਟ ਦੀ ਵਰਤੋਂ

ਡੇਲਾਵੇਅਰ ਸਟੇਟ ਪੁਲਿਸ ਦੀ ਕ੍ਰਿਮੀਨਲ ਇਨਵੈਸਟੀਗੇਸ਼ਨ ਯੂਨਿਟ ਇਸ ਮਾਮਲੇ ਦੀ ਜਾਂਚ ਜਾਰੀ ਰੱਖ ਰਹੀ ਹੈ।

(ਬੇਦਾਅਵਾ: ਇਸ ਰਿਲੀਜ਼ ਵਿੱਚ ਦੋਸ਼ੀ ਬਣਾਏ ਗਏ ਕਿਸੇ ਵੀ ਵਿਅਕਤੀ ਨੂੰ ਅਦਾਲਤ ਵਿੱਚ ਦੋਸ਼ੀ ਸਾਬਤ ਹੋਣ ਤੱਕ ਨਿਰਦੋਸ਼ ਮੰਨਿਆ ਜਾਂਦਾ ਹੈ।)