ਅਮਰੀਕਾ ਵਿੱਚ ਹੋਈਆਂ ਮੱਧਕਾਲੀ ਚੋਣਾਂ ਵਿੱਚ ਵੋਟਰਾਂ ਨੇ ਸੱਤਾਧਾਰੀ ਰਿਪਬਲਿਕਨ ਪਾਰਟੀ ਨੂੰ ਕਰਾਰੀ ਹਾਰ ਦਿੰਦਿਆਂ ਰਾਸ਼ਟਰਪਤੀ ਡੋਨਲਡ ਟਰੰਪ ਦੇ ਅਧਿਕਾਰਾਂ ‘ਤੇ ਵੱਡੀ ਬ੍ਰੇਕ ਲਗਾ ਦਿੱਤੀ ਹੈ। ਵੋਟਰਾਂ ਦੇ ਇਸ ਫਤਵੇ ਨੇ ਸਿਆਸੀ ਗਲਿਆਰਿਆਂ ਵਿੱਚ ਸਪੱਸ਼ਟ ਸੁਨੇਹਾ ਦਿੱਤਾ ਹੈ ਕਿ ਜਨਤਾ ਵੱਲੋਂ ਦਿੱਤੀ ਗਈ ਸੱਤਾ ਮਨਮਰਜ਼ੀਆਂ ਕਰਨ ਲਈ ਨਹੀਂ,ਸਗੋਂ ਲੋਕ ਹਿੱਤਾਂ ਦੀ ਪਹਿਰੇਦਾਰੀ ਲਈ ਹੁੰਦੀ ਹੈ।

ਇਨ੍ਹਾਂ ਚੋਣਾਂ ਦੇ ਨਤੀਜਿਆਂ ਵਿੱਚ ਡੈਮੋਕਰੇਟਿਕ ਪਾਰਟੀ ਨੇ ਜ਼ਬਰਦਸਤ ਵਾਪਸੀ ਕਰਦਿਆਂ 435 ਮੈਂਬਰੀ ‘ਹਾਊਸ ਆਫ਼ ਰਿਪ੍ਰੈਜ਼ੈਂਟੇਟਿਵਜ਼’ (ਹੇਠਲਾ ਸਦਨ) ਅਤੇ 100 ਮੈਂਬਰੀ ‘ਸੈਨੇਟ’ ਦੋਵਾਂ ਵਿੱਚ ਹੀ ਪੂਰਨ ਬਹੁਮਤ ਹਾਸਲ ਕਰ ਲਿਆ ਹੈ। ਇਸ ਦੇ ਨਾਲ ਹੀ 30 ਸੂਬਿਆਂ ਵਿੱਚ ਆਪਣੇ ਗਵਰਨਰ ਬਣਾ ਕੇ ਸੱਤਾ ‘ਤੇ ਕਬਜ਼ਾ ਕੀਤਾ ਹੈ।

ਬੇਸ਼ੱਕ ਡੋਨਲਡ ਟਰੰਪ ਆਪਣੇ ਕਾਰਜਕਾਲ ਦੇ ਰਹਿੰਦੇ ਦੋ ਸਾਲ ਪੂਰੇ ਕਰਨਗੇ, ਪਰ ਹੁਣ ਉਸ ਕੋਲ ਪਹਿਲਾਂ ਵਾਂਗ ਮਨਮਰਜੀ ਦੇ ਫੈਸਲੇ ਦੀਆਂ ਸ਼ਕਤੀਆਂ ਨਹੀਂ ਰਹੀਆਂ ਹਨ। ਉਸ ਲਈ ਕੋਈ ਵੀ ਵਿਧਾਨਕ ਫੈਸਲਾ ਲੈਣਾ ਹੁਣ ਉਸ ਦੀ ਵਿਰੋਧੀ ਪਾਰਟੀ ਦੀ ਇੱਛਾ ਉੱਤੇ ਨਿਰਭਰ ਹੋ ਗਿਆ ਹੈ। ਡੈਮੋਕਰੈਟਿਕ ਪਾਰਟੀ ਭਾਵ ਦੀ ਅਜਿਹੀ ਹਨੇਰੀ ਚੱਲੀ ਹੈ ਕਿ 8-10 ਸੂਬਿਆਂ ਚ 1932 ਤੋਂ ਰਿਪਲਿਕਨਾਂ ਨਾਲ ਜੁੜੇ ਹੋਏ ਲੋਕਾਂ ਨੇ ਵੀ ਡੈਮੋਕਰੈਟਿਕਾਂ ਨੂੰ ਪਾਸਾ ਪਲਟਣ ਲਈ ਮਜਬੂਰ ਹੋਣਾ ਪਿਆ ਹੈ।
ਵੋਟਰਾਂ ਨੇ ਕਈ ਨਾਮੀ ਕੰਪਨੀਆਂ ਦੇ ਸਰਵੇਖਣ ਵੀ ਗਲਤ ਸਾਬਤ ਕਰ ਦਿੱਤੇ ਹਨ। ਮੱਧਕਾਲੀ ਚੋਣਾਂ ਵਿੱਚ ਵਿਸ਼ੇਸ਼ ਗੱਲ ਇਹ ਰਹੀ ਕਿ ਦੋਹਾਂ ਸਦਨਾਂ ਵਿੱਚ ਦਹਾਕਿਆਂ ਤੋਂ ਚੱਲ ਰਹੇ ਦੋਹਾਂ ਪਾਰਟੀਆਂ ਚੋਂ ਸਤਾਧਾਰੀ ਪਾਰਟੀ ਨੂੰ ਪਤਲੇ ਜਿਹੇ ਬਹੁਮੱਤ ਦੇ ਰੁਝਾਨ ਦੀ ਥਾਂ ਇਸ ਵਾਰ ਵੱਡਾ ਫਰਕ ਪਾਇਆ ਹੈ।
ਖ਼ਬਰ ਲਿਖੇ ਜਾਣ ਤੱਕ ਹਾਊਸ ਆਫ ਰਿਪਰਿਜੈਂਟਵ , ਜਿਸਨੂੰ ਆਮ ਤੌਰ ਤੇ ਹਾਊਸ ਆਫ ਕਾਮਨ ਬੋਲਿਆ ਜਾਂਦਾ ਹੈ ਦੀਆਂ 435 ਸੀਟਾਂ ਚੋਂ 228 ਸੀਟਾਂ ਜਿੱਤ ਲਈਆਂ ਹਨ, ਜਦ ਕਿ 68 ਦੇ ਨਤੀਜੇ ਅਜੇ ਆਉਣੇ ਬਾਕੀ ਹਨ। ਸੱਤਾਧਾਰੀ ਰਿਬਲਿਕਨ ਪਾਰਟੀ ਨੂੰ ਸਿਰਫ 139 ਸੀਟਾਂ ਤੇ ਜਿੱਤ ਨਸੀਬ ਹੋਈ ਹੈ।
100 ਸੀਟਾਂ ਵਾਲੀ ਸੈਨੇਟ ਲਈ ਹਰੇਕ ਦੋ ਸਾਲ ਬਾਅਦ ਇੱਕ-ਤਿਹਾਈ ਸੀਟਾਂ ‘ਤੇ ਹੁੰਦੀਆਂ ਚੋਣਾਂ ਤਹਿਤ ਇਸ ਵਾਰ 35 ਸੀਟਾਂ ‘ਤੇ ਵੋਟਾਂ ਪਈਆਂ। ਆਏ ਨਤੀਜਿਆਂ ਦੇ ਕੁੱਲ ਅੰਕੜਿਆਂ ਮੁਤਾਬਕ ਡੈਮੋਕਰੇਟਿਕ ਪਾਰਟੀ ਨੇ 54 ਸੀਟਾਂ ‘ਤੇ ਜਿੱਤ ਦਰਜ ਕਰਕੇ ਪੂਰਨ ਬਹੁਮਤ ਹਾਸਲ ਕਰ ਲਿਆ ਹੈ,ਜਦਕਿ 2 ਸੀਟਾਂ ਦੇ ਨਤੀਜੇ ਆਉਣੇ ਅਜੇ ਬਾਕੀ ਹਨ।