
ਕੈਲੀਫ਼ੋਰਨੀਆ ਦੇ ਟਰੇਸੀ ਸ਼ਹਿਰ ਦੇ ਰਹਿਣ ਵਾਲੇ ਅਵਤਾਰ ਸਿੰਘ ਬੁਲੇਟ ਦੇ ਅਗਵਾ ਅਤੇ ਕਤਲ ਮਾਮਲੇ ਵਿੱਚ ਲੋੜੀਂਦੇ ਤਿੰਨ ਮੁੱਖ ਸ਼ੱਕੀਆਂ ਵਿੱਚੋਂ ਇੱਕ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਸੈਨ ਮਾਈਕੀਨ ਕਾਊਂਟੀ ਸ਼ੈਰਿਫ਼ ਦਫ਼ਤਰ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਇਹ ਗ੍ਰਿਫ਼ਤਾਰੀ ਮੈਕਸੀਕੋ ਤੋਂ ਕੀਤੀ ਗਈ ਹੈ।
ਦੱਸ ਦੇਈਏ ਕਿ 57 ਸਾਲਾ ਅਵਤਾਰ ਸਿੰਘ, ਜੋ ਕਿ ਟਰੇਸੀ ਦੇ ਸਥਾਨਕ ਗੁਰਦੁਆਰਾ ਸਾਹਿਬ ਵਿੱਚ ਇੱਕ ਸਰਗਰਮ ਸੇਵਾਦਾਰ ਸਨ, ਨੂੰ 17 ਫ਼ਰਵਰੀ ਨੂੰ ਟਰੇਸੀ ਦੇ ਵੈਸਟ ਗ੍ਰਾਂਟ ਲਾਈਨ ਰੋਡ ਤੋਂ ਜ਼ਬਰਦਸਤੀ ਇੱਕ ਐਸ.ਯੂ.ਵੀ. (SUV) ਗੱਡੀ ਵਿੱਚ ਅਗਵਾ ਕਰ ਲਿਆ ਗਿਆ ਸੀ। ਇਸ ਤੋਂ ਬਾਅਦ 20 ਫ਼ਰਵਰੀ ਨੂੰ ਉਨ੍ਹਾਂ ਦੀ ਮ੍ਰਿਤਕ ਦੇਹ ਲੇਕ ਬੇਰੀਏਸਾ ਨੇੜਿਓਂ ਬਰਾਮਦ ਹੋਈ ਸੀ। ਪੁਲਿਸ ਅਧਿਕਾਰੀਆਂ ਦਾ ਮੰਨਣਾ ਹੈ ਕਿ ਇਹ ਕਤਲ ਗਲਤਫ਼ਹਿਮੀ ਯਾਨੀ ਭੁਲੇਖੇ ਨਾਲ ਕੀਤਾ ਗਿਆ ਸੀ, ਜਦਕਿ ਦੋਸ਼ੀਆਂ ਦਾ ਅਸਲ ਨਿਸ਼ਾਨਾ ਕੈਨੇਡਾ ਵਿੱਚ ਮੌਜੂਦ ਕੋਈ ਹੋਰ ਵਿਅਕਤੀ ਸੀ।
ਸ਼ੱਕੀ ਦੋਸ਼ੀਆਂ ਦੀ ਪਛਾਣ ਅਤੇ ਗ੍ਰਿਫ਼ਤਾਰੀ:
ਸਤੰਬਰ ਮਹੀਨੇ ਵਿੱਚ ਪੁਲਿਸ ਨੇ ਇਸ ਮਾਮਲੇ ਵਿੱਚ ਵੈਲੇਹੋ (Vallejo) ਦੇ ਰਹਿਣ ਵਾਲੇ ਤਿੰਨ ਵਿਅਕਤੀਆਂ ਦੀ ਪਛਾਣ ਕੀਤੀ ਸੀ:
ਅਲਬਰਟੋ ਅਲੋਂਸੋ ਅਲੰਕਾਸਤਰੋ (Alberto Alonso Alencastro, ਉਮਰ 25 ਸਾਲ)
ਅਲਫ਼ੋਂਸੋ ਸੇਗੁਰਾ ਅਰੇਲਾਨੋ (Alfonso Segura Arellano, ਉਮਰ 20 ਸਾਲ)
ਬਾਰਨਾਬੇ ਸੇਗੁਰਾ ਅਰੇਲਾਨੋ (Barnabe Segura Arellano, ਉਮਰ 22 ਸਾਲ)
ਇਨ੍ਹਾਂ ਤਿੰਨਾਂ ਵਿਅਕਤੀਆਂ ‘ਤੇ ਅਗਵਾ ਅਤੇ ਖ਼ਾਸ ਪਰਿਸਥਿਤੀਆਂ ਤਹਿਤ ਕਤਲ ਦੇ ਇਲਜ਼ਾਮ ਲਗਾਏ ਗਏ ਸਨ। ਪੁਲਿਸ ਮੁਤਾਬਕ ਇਨ੍ਹਾਂ ਦੇ ਤਾਰ ਮੈਕਸੀਕੋ ਨਾਲ ਜੁੜੇ ਹੋਏ ਸਨ, ਸ਼ੈਰਿਫ਼ ਦਫ਼ਤਰ ਦੇ ਕੈਪਟਨ ਜੋਅ ਪੈਟਰੀਨੋ ਨੇ ਦੱਸਿਆ ਕਿ ਡਿਟੈਕਟਿਵਾਂ ਨੇ ਵੈਲੇਹੋ ਵਿੱਚ ਕਈ ਥਾਵਾਂ ‘ਤੇ ਛਾਪੇਮਾਰੀ ਕੀਤੀ ਅਤੇ ਅਗਵਾ ਵਿੱਚ ਵਰਤੀ ਗਈ ਚਿੱਟੇ ਰੰਗ ਦੀ ਕਰਾਸਓਵਰ SUV ਗੱਡੀ ਵੀ ਬਰਾਮਦ ਕਰ ਲਈ ਹੈ। ਪੁਲਿਸ ਨੇ ਦੱਸਿਆ ਕਿ ਅਲਬਰਟੋ ਅਲੋਂਸੋ ਅਲੰਕਾਸਤਰੋ ਨੂੰ ਐਫ.ਬੀ.ਆਈ. ਅਤੇ ਮੈਕਸੀਕੋ ਦੀਆਂ ਫੈਡਰਲ ਏਜੰਸੀਆਂ ਦੀ ਮਦਦ ਨਾਲ ਮੈਕਸੀਕੋ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਉਸਨੂੰ ਸੈਨ ਜੋਆਕਿਨ ਕਾਊਂਟੀ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਹੈ।
ਬਾਕੀ ਦੋਸ਼ੀਆਂ ਦੀ ਭਾਲ:
ਇਸ ਕੇਸ ਵਿੱਚ ਦੂਜੇ ਦੋ ਦੋਸ਼ੀ—ਅਲਫ਼ੋਂਸੋ ਸੇਗੁਰਾ ਅਰੇਲਾਨੋ ਅਤੇ ਬਾਰਨਾਬੇ ਸੇਗੁਰਾ ਅਰੇਲਾਨੋ—ਅਜੇ ਵੀ ਫ਼ਰਾਰ ਹਨ ਅਤੇ ਪੁਲਿਸ ਉਨ੍ਹਾਂ ਦੀ ਭਾਲ ਕਰ ਰਹੀ ਹੈ। ਸਿੱਖ ਭਾਈਚਾਰੇ ਵਲੋਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਵਾਉਣ ਵਿੱਚ ਮਦਦ ਕਰਨ ਵਾਲੀ ਜਾਣਕਾਰੀ ਦੇਣ ਵਾਲੇ ਲਈ $50,000 ਡਾਲਰ ਦੇ ਇਨਾਮ ਦਾ ਐਲਾਨ ਕੀਤਾ ਗਿਆ ਹੈ।