ਮਿਨੇਸੋਟਾ ਦੇ ਇੱਕ ਘਰ ਚੋਂ ਬਿਨਾਂ ਕਿਸੇ ਤਰਾਂ ਦੇ ਵਾਰੰਟ ਦੇ ਬੰਦੂਕ ਦੀ ਨੋਕ ‘ਤੇ ਹਿਰਾਸਤ ਵਿੱਚ ਲਿਆ ਸਖਸ਼ ਅਮਰੀਕੀ ਨਾਗਰਿਕ ਨਿਕਲਿਆ | ਲੰਘੇ ਦਿਨੀਂ ਸੇਂਟ ਪਾਲ ‘ਚ ਛਾਪੇਮਾਰੀਆਂ ਦੌਰਾਨ ਸੰਘੀ ਇਮੀਗ੍ਰੇਸ਼ਨ ਏਜੰਟ ਜ਼ਬਰਦਸਤੀ ਉਸਦੇ ਘਰ ਦਾ ਦਰਵਾਜ਼ਾ ਤੋੜ ਕੇ ਉਸਨੂੰ ਅੱਧਨੰਗੀ ਹਾਲਤ ਵਿੱਚ ਹੀ ਧੂ ਕੇ ਕਾਰ ‘ਚ ਬਿਠਾ ਲਿਆ ਸੀ ਜਿਸਦੀ ਕਿ ਵੀਡੀਓ ਇੰਟਰਨੈੱਟ ‘ਤੇ ਕਾਫੀ ਵਾਇਰਲ ਹੋ ਗਈ ਸੀ |

ਇੱਕ ਮੀਡੀਆ ਅਦਾਰੇ ਨੂੰ ਦਿੱਤੀ ਇੰਟਰਵਿਊ ‘ਚ ਚੋਂਗਲੀ “ਸਕਾਟ” ਥਾਓ ਨੇ ਦੱਸਿਆ ਕਿ ਇਹ ਘਟਨਾ ਹੈ ਐਤਵਾਰ ਦੀ ਜਦੋਂ ਉਹ ਆਪਣੇ ਘਰ ‘ਚ ਦੁਪਹਿਰ ਨੂੰ ਅਰਾਮ ਕਰ ਰਿਹਾ ਸੀ ਕਿ ਅਚਾਨਕ ਉਸਦੀ ਨੂੰਹ ਨੇ ਉਸਨੂੰ ਨੀਂਦ ਤੋਂ ਜਗਾਇਆ ਅਤੇ ਦੱਸਿਆ ਕਿ ਯੂਐਸ ਇਮੀਗ੍ਰੇਸ਼ਨ ਅਤੇ ਕਸਟਮਜ਼ ਇਨਫੋਰਸਮੈਂਟ ਏਜੰਟ ਉਸਦੇ ਘਰ ਦਾ ਦਰਵਾਜਾ ਤੋੜਨ ਦਾ ਯਤਨ ਕਰ ਰਹੇ ਨੇ | ਥਾਓ ਨੇ ਕਿਹਾ ਕਿ ਮੈਂ ਆਪਣੀ ਨੂੰਹ ਨੂੰ ਕਿਹਾ ਕਿ ਦਰਵਾਜਾ ਨਾ ਖੋਲ੍ਹੇ। ਥਾਓ ਮੁਤਾਬਿਕ ਫਿਰ ਨਕਾਬਪੋਸ਼ ਏਜੰਟ ਫਿਰ ਜ਼ਬਰਦਸਤੀ ਅੰਦਰ ਆ ਗਏ ਅਤੇ ਉਹਨਾਂ ਨੇ ਪਰਿਵਾਰ ‘ਤੇ ਬੰਦੂਕਾਂ ਤਾਣ ਦਿੱਤੀਆਂ ਜਿਸ ਕਰਕੇ ਸਾਰਾ ਪਰਿਵਾਰ ਬਹੁਤ ਜਿਆਦਾ ਡਰ ਗਿਆ ਅਤੇ ਥਾਓ ਦਾ ਚਾਰ ਸਾਲਾਂ ਦਾ ਪੋਤਰਾ ਤਾਂ ਚੀਕਾਂ ਮਾਰਨ ਲੱਗ ਗਿਆ ਸੀ | ਡਰਨ ਕਰਕੇ ਚੋਂਗਲੀ “ਸਕਾਟ” ਥਾਓ ਨੂੰ ਵੀ ਕੰਬਣੀ ਚੜ੍ਹ ਗਈ ਸੀ ਇਸ ਹਾਲਤ ‘ਚ ਏਜੰਟਾਂ ਨੇ ਥਾਓ ਨੂੰ ਉਸਦਾ ਕੋਈ ਵੀ ਸ਼ਨਾਖਤੀ ਕਰਨ ਵਾਲਾ ਦਸਤਾਵੇਜ਼ ਵੀ ਨਾ ਚੁੱਕਣ ਦਿੱਤਾ | ਸੇਂਟ ਪਾਲ ਦੇ ਮੇਅਰ ਅਤੇ ਹਮੋਂਗ ਅਮਰੀਕੀ ਕਾਓਹਲੀ ਹਰ ਨੇ ਵੀ ਥਾਓ ਦੀ ਗ੍ਰਿਫ਼ਤਾਰੀ ਦਾ ਵਿਰੋਧ ਕਰਦਿਆਂ ਆਪਣੇ ਬਿਆਨ ‘ਚ ਕਿਹਾ ਕਿ ਪਹਿਲਾਂ ਏਜੰਟ ਜ਼ਰਾਇਮ ਪੇਸ਼ਾ ਲੋਕਾਂ ਅਤੇ ਅਪਰਾਧੀਆਂ ਨੂੰ ਫੜਨ ਦਾ ਦਾਅਵਾ ਕਰ ਰਹੇ ਸਨ ਪਰ ਹੁਣ ਉਹ ਹਰ ਇੱਕ ਨੂੰ ਅਤੇ ਬੇਕਸੂਰਾਂ ਨੂੰ ਵੀ ਫੜ੍ਹ ਰਹੇ ਨੇ ਜੋਕਿ ਸਰਾਸਰ ਧੱਕਾ ਹੈ |

ਜ਼ਿਕਰਯੋਗ ਹੈ ਕਿ ਸੂਬੇ ‘ਚ ਫੈਡਰਲ ਇਮੀਗ੍ਰੇਸ਼ਨ ਏਜੰਟ ਧੜਾਧੜ ਲੋਕਾਂ ਨੂੰ ਗਿਰਫ਼ਤਾਰ ਕਰ ਰਹੇ ਨੇ ਅਤੇ ਇੱਕ ਏਜੰਟ ਵੱਲੋਂ ਚਲਾਈ ਗੋਲੀ ਕਰਕੇ ਇੱਕ ਅਮਰੀਕੀ ਨਾਗਰਿਕ ਰੈਨੇ ਗੁੱਡ ਦੀ ਮੌਤ ਵੀ ਹੋ ਚੁੱਕੀ ਹੈ ਜਿਸ ਕਰਕੇ ਹੁਣ ਆਮ ਲੋਕਾਂ ਵੱਲੋਂ ਇਹਨਾਂ ਧੱਕੇਸ਼ਾਹੀਆਂ ਦਾ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਲੰਘੇ ਹਫਤੇ ਵੱਡੀ ਗਿਣਤੀ ਅਮਰੀਕੀ ਸਖ਼ਤ ਅਤੇ ਵਧੀਕੀਆਂ ਭਰਪੂਰ ਇਮੀਗ੍ਰੇਸ਼ਨ ਛਾਪੇਮਾਰੀਆਂ ਦੇ ਵਿਰੁੱਧ ਸੜਕਾਂ ‘ਤੇ ਵੀ ਉੱਤਰੇ ਸਨ |

ਚੋਂਗਲੀ “ਸਕਾਟ” ਥਾਓ ਕਈ ਦਹਾਕਿਆਂ ਤੋਂ ਅਮਰੀਕੀ ਨਾਗਰਿਕ ਹੈ ਅਤੇ ਉਸਦਾ ਤੇ ਉਸਦੇ ਪੂਰੇ ਪਰਿਵਾਰ ਦਾ ਕੋਈ ਅਪਰਾਧਿਕ ਪਿਛੋਕੜ ਵੀ ਨਹੀਂ ਹੈ ਅਤੇ ਇਹ ਕੋਈ ਗ਼ਲਤ ਪਹਿਚਾਣ ਦਾ ਮਾਮਲਾ ਸੀ | ਉਸਦੇ ਮੁਤਾਬਿਕ ਕੁਝ ਸਮੇਂ ਬਾਅਦ ਏਜੰਟ ਉਸਨੂੰ ਘਰ ਤਾਂ ਛੱਡ ਗਏ ਸਨ ਪਰ ਇਸ ਪੂਰੇ ਘਟਨਾਕ੍ਰਮ ਦੇ ਲਈ ਓਹਨਾ ਨੇ ਕੋਈ ਅਫਸੋਸ ਜਾਹਰ ਨਾ ਕੀਤਾ | ਏਜੰਟਾਂ ਵੱਲੋਂ ਅਮਰੀਕੀ ਨਾਗਰਿਕਾਂ ਨੂੰ ਗ਼ਲਤ ਅਤੇ ਹਿੰਸਕ ਤਰੀਕੇ ਦੇ ਨਾਲ ਹਿਰਾਸਤ ‘ਚ ਲੈਣ ਦੇ ਤਰੀਕੇ ਤੋਂ ਅਮਰੀਕੀ ਲੋਕ ਖਾਸੇ ਔਖੇ ਨੇ |