ਅਮਰੀਕਾ ਦੇ ਸਿਆਟਲ ’ਚ ਸਪੇਸ ਨੀਡਲ ਨੇੜੇ ਲੱਗੇ ਭੀੜ-ਭੜੱਕੇ ਵਾਲੇ ਫੂਡ ਫੈਸਟੀਵਲ ਦੌਰਾਨ ਹੋਈ ਗੋਲੀਬਾਰੀ ਦੀ ਇੱਕ ਘਟਨਾ ਵਾਪਰੀ ਹੈ ਜਿਸ ਵਿੱਚ ’ਚ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਤੇ ਇੱਕ ਬੱਚੇ ਸਮੇਤ ਚਾਰ ਵਿਅਕਤੀ ਜ਼ਖ਼ਮੀ ਹੋ ਗਏ। ਪੁਲੀਸ ਮੁਤਾਬਕ ਇਹ ਗੋਲੀਬਾਰੀ ਦੋ ਸ਼ੱਕੀਆਂ ਵਿਚਕਾਰ ਆਪਸੀ ਝੜਪ ਦੌਰਾਨ ਹੋਈ। ਸਿਆਟਲ ਦੇ ਸਹਾਇਕ ਪੁਲੀਸ ਮੁਖੀ ਟਾਇਰੋਨ ਡੇਵਿਸ ਨੇ ਨਿਊਜ਼ ਕਾਨਫਰੰਸ ਦੌਰਾਨ ਦੱਸਿਆ ਕਿ ਸੁਰੱਖਿਆ ਕਰਮੀਆਂ ਨੇ ਇੱਕ ਸ਼ੱਕੀ ਨੂੰ ਕਾਬੂ ਕਰ ਲਿਆ ਅਤੇ ਦੂਜਾ ਫ਼ਰਾਰ ਹੋਣ ਵਿੱਚ ਕਾਮਯਾਬ ਰਿਹਾ। ਪੁਲੀਸ ਅਧਿਕਾਰੀ ਨੇ ਭਰੋਸਾ ਦਿੱਤਾ ਹੈ ਕਿ ਹੁਣ ਲੋਕਾਂ ਨੂੰ ਕੋਈ ਖ਼ਤਰਾ ਨਹੀਂ ਹੈ। ਗੋਲੀਆਂ ਚੱਲਣ ਮਗਰੋਂ ਹਫੜਾ-ਦਫੜੀ ਦਾ ਮਾਹੌਲ ਬਣ ਗਿਆ ਸੀ ਅਤੇ ਲੋਕ ਬੱਚਣ ਲਈ ਸੁਰੱਖਿਅਤ ਥਾਂ ਦੀ ਭਾਲ ਕਰਨ ਲੱਗ ਪਏ ਸਨ, ਪਤਾ ਲੱਗਿਆ ਹੈ ਕਿ ਦੋ ਵਿਅਕਤੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਸੀ, ਤੀਜੇ ਨੇ ਹਸਪਤਾਲ ’ਚ ਦਮ ਤੋੜਿਆ। ਸਿਆਟਲ ਫਾਇਰ ਵਿਭਾਗ ਦੇ ਤਰਜਮਾਨ ਗਰੇਸ ਨੂਨੇਜ਼ ਨੇ ਕਿਹਾ ਕਿ ਗੋਲੀਬਾਰੀ ’ਚ ਦੋ ਸਾਲ ਦੇ ਬੱਚੇ ਸਮੇਤ ਚਾਰ ਵਿਅਕਤੀ ਜ਼ਖ਼ਮੀ ਹੋਏ ਹਨ, ਜਿਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ ਅਤੇ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਇਹ ਘਟਨਾ ਤਿੰਨ ਦਿਨਾਂ ਤੱਕ ਚੱਲਣ ਵਾਲੇ ਮਸ਼ਹੂਰ ‘ਬਾਈਟ ਆਫ ਸਿਆਟਲ’ ਫੈਸਟੀਵਲ ਦੇ ਆਖ਼ਰੀ ਪਲਾਂ ’ਚ ਵਾਪਰੀ ਜਿਸ ਤੋਂ ਬਾਅਦ ਪੂਰੇ ਇਲਾਕੇ ਨੂੰ ਖਾਲੀ ਕਰਵਾ ਲਿਆ ਗਿਆ।