
ਕੈਨੇਡਾ ਦੇ ਸਰੀ (Surrey) ਵਿੱਚ ਵਧ ਰਹੇ ਜਬਰੀ ਵਸੂਲੀ ਅਤੇ ਫ਼ਿਰੌਤੀਆਂ ਦੇ ਮਾਮਲਿਆਂ ’ਤੇ ਨਕੇਲ ਕੱਸਦੇ ਹੋਏ ਸਰੀ ਪੁਲੀਸ ਸਰਵਿਸ (SPS) ਨੇ ਇੱਕ 20 ਸਾਲਾ ਪੰਜਾਬੀ ਨੌਜਵਾਨ ਨੂੰ ਡਿਪੋਰਟ ਕਰ ਦਿੱਤਾ ਹੈ। ਪੁਲੀਸ ਨੇ ਇਸ ਨੌਜਵਾਨ ਦੀ ਪਛਾਣ ਪ੍ਰਭਜੋਤ ਸਿੰਘ (20) ਵਜੋਂ ਕੀਤੀ ਹੈ ਅਤੇ ਉਸ ਦੀ ਤਸਵੀਰ ਜਨਤਕ ਕਰਦਿਆਂ ਉਸ ਦੇ ਸਾਥੀਆਂ ਬਾਰੇ ਜਾਣਕਾਰੀ ਮੰਗੀ ਹੈ।
ਪਤਾ ਲੱਗਿਆ ਹੈ ਕਿ ਪ੍ਰਭਜੋਤ ਸਿੰਘ ਨੂੰ ਸਰੀ ਪੁਲੀਸ ਨੇ ਇਸ ਸਾਲ ਦੇ ਸ਼ੁਰੂ ਵਿੱਚ ਗ੍ਰਿਫ਼ਤਾਰ ਕੀਤਾ ਸੀ ਅਤੇ ਜਾਂਚ ਦੌਰਾਨ ਸਾਹਮਣੇ ਆਏ ਤੱਥਾਂ ਅਤੇ ਖ਼ੁਫ਼ੀਆ ਜਾਣਕਾਰੀ ਨੂੰ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (CBSA) ਨਾਲ ਸਾਂਝਾ ਕੀਤਾ ਗਿਆ, ਜਿਸ ਤੋਂ ਬਾਅਦ ਉਸ ਦਾ ਕਾਨੂੰਨੀ ਰੁਤਬਾ (Visa/Status) ਖ਼ਤਮ ਕਰਕੇ ਉਸ ਨੂੰ ਦੇਸ਼ ਵਿੱਚੋਂ ਕੱਢ ਦਿੱਤਾ ਗਿਆ। SPS ਚੀਫ਼ ਕੰਸਟੇਬਲ ਨੌਰਮ ਲਿਪਿੰਸਕੀ ਨੇ ਕਿਹਾ ਕਿ ਪੁਲੀਸ ਇਸ ਗੰਭੀਰ ਸੰਕਟ ਨਾਲ ਨਜਿੱਠਣ ਲਈ ਵਚਨਬੱਧ ਹੈ ਅਤੇ ਅਪਰਾਧਿਕ ਨੈੱਟਵਰਕਾਂ ਦੀਆਂ ਜੜ੍ਹਾਂ ਤੱਕ ਪਹੁੰਚਣ ਲਈ ਹੋਰ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ।
ਦੱਸ ਦੇਈਏ ਕਿ ਪਿਛਲੇ ਕੁਝ ਸਮੇਂ ਤੋਂ ਕੈਨੇਡਾ ‘ਚ ਵੱਸਦੇ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਅਤੇ ਸਿੱਖ ਇਹਨਾਂ ਹਮਲਿਆਂ ਦੇ ਪਿੱਛੇ ਭਾਰਤੀ ਏਜੰਸੀਆਂ ਦੇ ਹੱਥਠੋਕਿਆਂ ‘ਤੇ ਦੋਸ਼ ਲਗਾਉਂਦੇ ਆ ਰਹੇ ਨੇ, ਜਿੱਥੇ ਇੱਕ ਪਾਸੇ ਭਾਈ ਨਿੱਜਰ ਦਾ ਕਤਲ ਕੀਤਾ ਗਿਆ ਉਥੇ ਹੀ ਦੂਜੇ ਪਾਸੇ ਆਰਥਿਕ ਤੌਰ ‘ਤੇ ਕਾਮਯਾਬ ਪੰਜਾਬੀ ਅਤੇ ਸਿੱਖਾਂ ਨੂੰ ਉਹਨਾਂ ਕੋਲੋਂ ਫਿਰੌਤੀਆਂ ਮੰਗ ਮੰਗ ਕੇ, ਉਹਨਾਂ ਦੇ ਘਰਾਂ ‘ਤੇ ਗੋਲੀਆਂ ਚਲਾ ਕੇ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ, ਜਿਥੇ ਇੱਕ ਪਾਸੇ ਸਿੱਖ ਪੀੜਤ ਨੇ ਦੂਜੇ ਪਾਸੇ ਇਲਜ਼ਾਮ ਵੀ ਸਿੱਖਾਂ ਦੇ ਮੁੰਡੇ ਕੁੜੀਆਂ ਸਿਰ ਮੜ੍ਹਿਆ ਜਾਂਦਾ ਹੈ ਅਤੇ ਇਸ ਮਾਮਲੇ ‘ਚ ਭਾਰਤੀ ਤੰਤਰ ਦੇ ਦੋਵੇਂ ਹੱਥੀਂ ਲੱਡੂ ਨੇ, ਸਿੱਖ ਨੌਜਵਾਨਾਂ ਨੂੰ ਇਹਨਾਂ ਲੂੰਬੜ ਚਾਲਾਂ ਨੂੰ ਸਮਝਣਾ ਚਾਹੀਦਾ ਹੈ ।