ਅਮਰੀਕਾ ਨੇ ਭਾਰਤੀ ਫੈਂਟਨਾਈਲ ਤਸਕਰੀ ਨੈੱਟਵਰਕ ਨਾਲ ਜੁੜੇ 13 ਲੋਕਾਂ ’ਤੇ ਵੱਡੀ ਕਾਰਵਾਈ ਕਰਦਿਆਂ ਉਨ੍ਹਾਂ ’ਤੇ ਵੀਜ਼ਾ ਪਾਬੰਦੀ ਲਗਾ ਦਿੱਤੀ ਹੈ। ਅਮਰੀਕੀ ਵਿਦੇਸ਼ ਮੰਤਰਾਲੇ ਮੁਤਾਬਕ ਇਹ ਲੋਕ ਇੱਕ ਭਾਰਤੀ ਕੰਪਨੀ ਨਾਲ ਜੁੜੇ ਹੋਏ ਸਨ, ਜਿਸ ’ਤੇ ਪਹਿਲਾਂ ਹੀ ਗੈਰਕਾਨੂੰਨੀ ਨਸ਼ਿਆਂ ਦੀ ਤਸਕਰੀ ਦੇ ਦੋਸ਼ ਲੱਗ ਚੁੱਕੇ ਹਨ। ਨਿਊਯਾਰਕ ਤੋਂ ਸਾਹਮਣੇ ਆਈ ਜਾਣਕਾਰੀ ਮੁਤਾਬਕ, ਅਮਰੀਕਾ ਦੇ ਸਟੇਟ ਡਿਪਾਰਟਮੈਂਟ ਦੇ ਬੁਲਾਰੇ ਟੌਮੀ ਪਿਗਟ ਨੇ ਦੱਸਿਆ ਕਿ ਇਹ 13 ਵਿਅਕਤੀ KS International Traders ਅਤੇ ਉਸਦੇ ਮਾਲਕ ਦੇ ਕਰੀਬੀ ਕਾਰੋਬਾਰੀ ਸਾਥੀ ਹਨ। ਅਮਰੀਕਾ ਵੱਲੋਂ ਲਗਾਏ ਦੋਸ਼ਾਂ ‘ਚ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਨੈੱਟਵਰਕ ਫੈਂਟਨਾਈਲ ਅਤੇ ਹੋਰ ਗੈਰਕਾਨੂੰਨੀ ਨਸ਼ਿਆਂ ਦੀ ਤਸਕਰੀ ਰਾਹੀਂ ਵੱਡੀ ਕਮਾਈ ਕਰ ਰਿਹਾ ਸੀ। ਸਟੇਟ ਡਿਪਾਰਟਮੈਂਟ ਨੇ ਕਿਹਾ ਕਿ ਇਹ ਕਦਮ ਅਮਰੀਕਾ ਅਤੇ ਭਾਰਤ ਦੇ ਸਾਂਝੇ ਯਤਨਾਂ ਦਾ ਹਿੱਸਾ ਹੈ, ਜਿਸਦਾ ਮਕਸਦ ਅੰਤਰਰਾਸ਼ਟਰੀ ਡਰੱਗ ਤਸਕਰੀ ਨੈੱਟਵਰਕ ਨੂੰ ਤੋੜਨਾ ਹੈ। ਹਾਲਾਂਕਿ, ਅਮਰੀਕਾ ਨੇ ਵੀਜ਼ਾ ਪਾਬੰਦੀ ਦਾ ਸਾਹਮਣਾ ਕਰ ਰਹੇ 13 ਲੋਕਾਂ ਦੇ ਨਾਮ ਜਨਤਕ ਨਹੀਂ ਕੀਤੇ। ਇਹ ਪਾਬੰਦੀ ਅਮਰੀਕੀ ਇਮੀਗ੍ਰੇਸ਼ਨ ਕਾਨੂੰਨ ਤਹਿਤ ਲਗਾਈ ਗਈ ਹੈ, ਜਿਸ ਅਧੀਨ ਨਸ਼ਾ ਤਸਕਰੀ ਨਾਲ ਜੁੜੇ ਲੋਕਾਂ ਨੂੰ ਅਮਰੀਕਾ ਵਿੱਚ ਦਾਖਲੇ ਤੋਂ ਰੋਕਿਆ ਜਾ ਸਕਦਾ ਹੈ।

ਯਾਦ ਰਹੇ ਕਿ ਸਤੰਬਰ 2025 ਵਿੱਚ ਅਮਰੀਕੀ ਟ੍ਰੇਜ਼ਰੀ ਡਿਪਾਰਟਮੈਂਟ ਨੇ KS International Traders, ਉਸਦੇ ਮਾਲਕ ਖਿਜ਼ਰ ਮੁਹੰਮਦ ਇਕਬਾਲ ਸ਼ੇਖ ਅਤੇ ਸਾਦਿਕ ਅੱਬਾਸ ਹਬੀਬ ਸਈਦ ’ਤੇ ਪਾਬੰਦੀਆਂ ਲਗਾਈਆਂ ਸਨ। ਅਮਰੀਕੀ ਅਧਿਕਾਰੀਆਂ ਦਾ ਦਾਅਵਾ ਸੀ ਕਿ ਇਹ ਗਿਰੋਹ ਫੈਂਟਨਾਈਲ ਅਤੇ ਮੈਥਐਮਫੇਟਾਮਾਈਨ ਵਾਲੀਆਂ ਨਕਲੀ ਦਵਾਈਆਂ ਅਮਰੀਕਾ ਵਿੱਚ ਸਪਲਾਈ ਕਰਦਾ ਸੀ। CDC ਦੇ ਅੰਕੜਿਆਂ ਮੁਤਾਬਕ, ਅਮਰੀਕਾ ਵਿੱਚ ਪਿਛਲੇ 12 ਮਹੀਨਿਆਂ ਦੌਰਾਨ ਡਰੱਗ ਓਵਰਡੋਜ਼ ਕਾਰਨ 70 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋਈ। ਫੈਂਟਨਾਈਲ ਤਸਕਰੀ ਨੂੰ ਰੋਕਣ ਲਈ ਅਮਰੀਕਾ ਹੁਣ ਭਾਰਤ ਸਮੇਤ ਕਈ ਦੇਸ਼ਾਂ ਨਾਲ ਮਿਲ ਕੇ ਸਖ਼ਤ ਕਾਰਵਾਈ ਕਰ ਰਿਹਾ ਹੈ। ਆਉਣ ਵਾਲੇ ਸਮੇਂ ਵਿੱਚ ਹੋਰ ਵੀ ਕੜੇ ਕਦਮ ਚੁੱਕੇ ਜਾਣ ਦੀ ਸੰਭਾਵਨਾ ਹੈ।