ਚੀਨ ਪਹੁੰਚੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਨਿੱਘਾ ਸਵਾਗਤ, ਇਰਾਨ ਜੰਗ ਅਤੇ ਵਪਾਰ ਸਮੇਤ ਕਈ ਅਹਿਮ ਮੁੱਦਿਆਂ ‘ਤੇ ਹੋਵੇਗੀ ਚਰਚਾ
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਬੁੱਧਵਾਰ ਨੂੰ ਤਿੰਨ ਦਿਨਾਂ ਦੇ ਸਰਕਾਰੀ ਦੌਰੇ ’ਤੇ ਚੀਨ ਪਹੁੰਚ ਗਏ ਹਨ। ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਸੱਦੇ ’ਤੇ ਚੀਨ ਪਹੁੰਚੇ ਟਰੰਪ ਦਾ ਹਵਾਈ ਅੱਡੇ ’ਤੇ ਲਾਲ ਕਾਲੀਨ ਵਿਛਾ ਕੇ ਨਿੱਘਾ ਸਵਾਗਤ ਕੀਤਾ ਗਿਆ। ਚੀਨ ਦੇ ਉਪ ਰਾਸ਼ਟਰਪਤੀ ਹਾਨ ਜ਼ੇਂਗ ਨੇ ਉਨ੍ਹਾਂ ਦਾ ਸਵਾਗਤ ਕੀਤਾ। ਇਸ ਮੌਕੇ ਸੈਂਕੜੇ ਨੌਜਵਾਨਾਂ ਨੇ ਦੋਵਾਂ ਮੁਲਕਾਂ ਦੇ ਝੰਡੇ ਲਹਿਰਾ ਕੇ ਟਰੰਪ ਨੂੰ ਜੀ ਆਇਆਂ ਆਖਿਆ। ਟਰੰਪ ਵੀਰਵਾਰ ਨੂੰ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਮੁਲਾਕਾਤ ਕਰਨਗੇ ਅਤੇ ਦੋਵੇ ਆਗੂਆਂ ਵਿਚਾਲੇ ਸ਼ੁੱਕਰਵਾਰ ਨੂੰ ਵੀ ਗੱਲਬਾਤ ਜਾਰੀ ਰਹੇਗੀ। ਨੌਂ ਸਾਲਾਂ ਵਿੱਚ ਟਰੰਪ ਦਾ ਇਹ ਚੀਨ ਦਾ ਦੂਜਾ ਦੌਰਾ ਹੈ। ਇਸ ਦਾ ਮੁੱਖ ਮਕਸਦ ਦੋਵੇਂ ਮੁਲਕਾਂ ਵਿਚਾਲੇ ਟੈਰਿਫ ਦੇ ਮੁੱਦੇ ਉੱਤੇ ਚੱਲ ਰਹੇ ਵਿਵਾਦ ਖ਼ਤਮ ਕਰਨਾ ਅਤੇ ਵੱਡਾ ਵਪਾਰਕ ਸਮਝੌਤਾ ਕਰਨਾ ਹੈ। ਜ਼ਿਕਰਯੋਗ ਹੈ ਕਿ ਚੀਨ ਦੀ ਅਮਰੀਕਾ ਨੂੰ ਹੋਣ ਵਾਲੀ 525 ਅਰਬ ਡਾਲਰ ਤੋਂ ਵੱਧ ਦੀ ਬਰਾਮਦ ਵਪਾਰਕ ਜੰਗ ਕਾਰਨ ਪ੍ਰਭਾਵਿਤ ਹੋਈ ਹੈ। ਇਸ ਤੋਂ ਇਲਾਵਾ ਦੋਵੇਂ ਆਗੂ ਇਰਾਨ ਜੰਗ ਸਮੇਤ ਕਈ ਅਹਿਮ ਆਲਮੀ ਮੁੱਦਿਆਂ ਬਾਰੇ ਵੀ ਚਰਚਾ ਕਰਨਗੇ। ਟਰੰਪ ਦੇ ਦੌਰੇ ਤੋਂ ਪਹਿਲਾਂ ਚੀਨੀ ਉਪ ਪ੍ਰਧਾਨ ਮੰਤਰੀ ਹੇ ਲਿਫੇਂਗ ਅਤੇ ਸਕੌਟ ਬੇਸੈਂਟ ਨੇ ਦੱਖਣੀ ਕੋਰੀਆ ’ਚ ਵਪਾਰ ਸਮਝੌਤੇ ਦੇ ਅੰਤਿਮ ਗੇੜ ਦੀ ਵਾਰਤਾ ਮੁਕੰਮਲ ਕੀਤੀ ਜਿਸ ਦੇ ਵੇਰਵੇ ਸਾਹਮਣੇ ਨਹੀਂ ਆਏ ਹਨ। ਦੁਨੀਆ ਦੇ ਦੋ ਸਭ ਤੋਂ ਵੱਡੇ ਅਰਥਚਾਰਿਆਂ ਦੇ ਆਗੂਆਂ ਵਿਚਾਲੇ ਇਹ ਸੱਤਵੀਂ ਆਹਮੋ-ਸਾਹਮਣੀ ਮੁਲਾਕਾਤ ਹੋਵੇਗੀ। ਵ੍ਹਾਈਟ ਹਾਊਸ ਮੁਤਾਬਕ ਅਮਰੀਕਾ ਇਸ ਸਾਲ ਦੇ ਅਖ਼ੀਰ ਵਿੱਚ ਚੀਨੀ ਰਾਸ਼ਟਰਪਤੀ ਦੇ ਦੌਰੇ ਦੀ ਮੇਜ਼ਬਾਨੀ ਕਰਨ ਦੀ ਯੋਜਨਾ ਬਣਾ ਰਿਹਾ ਹੈ।