
Venkata Vasamsetty ਦਾ ਨਹੀਂ ਹੈ ਕੋਈ ਅਪਰਾਧਿਕ ਰਿਕਾਰਡ, ਅਦਾਲਤੀ ਕੇਸ ਖ਼ਤਮ ਹੋਣ ਤੋਂ ਬਾਅਦ ਵੀ ਕੀਤਾ ਗ੍ਰਿਫ਼ਤਾਰ
ਹਿਰਾਸਤ ‘ਚ ਲਈ ਗਈ ਔਰਤ ਦੀ ਧੀ Yashaswini Vasamsetty ਹੈ ਇਮੀਗ੍ਰੇਸ਼ਨ ਵਕੀਲ
11 ਅਗਸਤ ਨੂੰ ਨਾਰਥ ਕੈਰੋਲੀਨਾ ਦੇ ਸ਼ਾਰਲੋਟ ਸਥਿਤ ‘ਅਮਰੀਕੀ ਇਮੀਗ੍ਰੇਸ਼ਨ ਐਂਡ ਕਸਟਮਜ਼ ਐਨਫੋਰਸਮੈਂਟ’ (ICE) ਦੇ ਦਫ਼ਤਰ ‘ਚ ਰੈਗੂਲਰ ਚੈੱਕ-ਇਨ ਦੌਰਾਨ 27 ਸਾਲਾਂ ਤੋਂ ਅਮਰੀਕਾ ‘ਚ ਰਹਿ ਰਹੀ ਭਾਰਤੀ ਮੂਲ ਦੀ ਔਰਤ ਵੇਂਕਟਾ ਨਰਸਮੰਬਾ ਵਾਸਮਸੈੱਟੀ ਨੂੰ ਹਿਰਾਸਤ ‘ਚ ਲੈ ਲਿਆ ਗਿਆ। ਦੋ ਦੋਹਤੇ ਦੋਹਤੀਆਂ ਦੀ ਨਾਨੀ ਵਾਸਮਸੈੱਟੀ 2013 ਤੋਂ ਅਮਰੀਕਾ ਦੀ ਕਾਨੂੰਨੀ ਪੱਕੀ ਨਿਵਾਸੀ (LPR) ਹੈ। ਮਈ ‘ਚ ਇੱਕ ਇਮੀਗ੍ਰੇਸ਼ਨ ਜੱਜ ਵੱਲੋਂ ਉਸ ਦੇ ਖ਼ਿਲਾਫ਼ ਡਿਪੋਰਟੇਸ਼ਨ (ਦੇਸ਼ ਨਿਕਾਲੇ) ਦਾ ਕੇਸ ਰੱਦ ਕਰਨ ਦੇ ਬਾਵਜੂਦ ਉਸ ਨੂੰ ਲੰਪਕਿਨ (ਜਾਰਜੀਆ) ਦੀ ਇੱਕ ਇਮੀਗ੍ਰੇਸ਼ਨ ਹਿਰਾਸਤ ਕੇਂਦਰ ‘ਚ ਰੱਖਿਆ ਗਿਆ ਹੈ।
ਉਸ ਨੂੰ ਹਿਰਾਸਤ ‘ਚ ਕਿਉਂ ਲਿਆ ਗਿਆ?
ਇਹ ਮਾਮਲਾ ਵਾਸਮਸੈੱਟੀ ਦੇ ਜੁਲਾਈ 2022 ਤੋਂ ਫਰਵਰੀ 2023 ਦਰਮਿਆਨ ਭਾਰਤ ‘ਚ ਲਗਭਗ 7 ਮਹੀਨੇ ਠਹਿਰਨ ਨਾਲ ਜੁੜਿਆ ਹੋਇਆ ਹੈ। ਇਮੀਗ੍ਰੇਸ਼ਨ ਵਕੀਲ ਜ਼ੋਈ ਜੀ ਵਿਲਸਨ ਦੇ ਦੱਸਣ ਮੁਤਾਬਿਕ ਉਹ ਭਾਰਤ ਉਸ ਦੇ ਬਜ਼ੁਰਗ ਮਾਪਿਆਂ ਦੀ ਦੇਖਭਾਲ ਕਰਨ ਗਈ ਸੀ ਜੋ ਕਿ ਗੰਭੀਰ ਰੂਪ ‘ਚ ਬੀਮਾਰ ਸਨ ਅਤੇ ਉਨ੍ਹਾਂ ਨੂੰ ਦੇਖਭਾਲ ਦੀ ਲੋੜ ਸੀ।ਨਵੰਬਰ 2022 ‘ਚ ਭਾਰਤ ‘ਚ ਕੋਵਿਡ-19 ਨਾਲ ਸੰਕ੍ਰਮਿਤ ਹੋਣ ਅਤੇ ਲਗਭਗ ਦੋ ਹਫ਼ਤਿਆਂ ਤੱਕ ਹਸਪਤਾਲ ‘ਚ ਭਰਤੀ ਰਹਿਣ ਕਾਰਨ ਉਸ ਦੀ ਵਾਪਸੀ ‘ਚ ਦੇਰੀ ਹੋਈ ਅਤੇ ਉਹ ਫਰਵਰੀ 2023 ‘ਚ ਰਾਲੇ-ਡਰਹਮ ਅੰਤਰਰਾਸ਼ਟਰੀ ਹਵਾਈ ਅੱਡੇ ਰਾਹੀਂ ਅਮਰੀਕਾ ਪਰਤੀ। ਅਮਰੀਕੀ ਅਧਿਕਾਰੀਆਂ ਨੇ ਦੋਸ਼ ਲਗਾਇਆ ਕਿ ਉਸ ਦੀ ਲੰਬੀ ਗੈਰ-ਹਾਜ਼ਰੀ ਤੋਂ ਪਤਾ ਲੱਗਦਾ ਹੈ ਕਿ ਉਸ ਨੇ ਆਪਣੀ ਪੱਕੀ ਰਿਹਾਇਸ਼ ਛੱਡ ਦਿੱਤੀ ਸੀ। ਵਾਸਮਸੈੱਟੀ ਨੇ ਇਸ ਦੋਸ਼ ਦਾ ਖੰਡਨ ਕੀਤਾ ਅਤੇ ਅਮਰੀਕਾ ਨਾਲ ਆਪਣੇ ਲਗਾਤਾਰ ਸਬੰਧਾਂ ਦੇ ਸਬੂਤ ਪੇਸ਼ ਕੀਤੇ। ਵਿਲਸਨ ਨੇ ਦੱਸਿਆ ਕਿ ਜਦੋਂ ਉਹ ਭਾਰਤ ਗਈ ਸੀ, ਉਦੋਂ ਉਹ ਨਾਰਥ ਕੈਰੋਲੀਨਾ ‘ਚ ਘਰ ਖਰੀਦਣ ਦੀ ਪ੍ਰਕਿਰਿਆ ‘ਚ ਸੀ ਅਤੇ ਭਾਰਤ ‘ਚ ਰਹਿੰਦਿਆਂ ਹੀ ਉਸ ਨੇ ਖਰੀਦਦਾਰੀ ਪੂਰੀ ਕੀਤੀ ਸੀ।
ਵੇਂਕਟਾ ਵਾਸਮਸੈੱਟੀ ਕੌਣ ਹੈ?
ਇਮੀਗ੍ਰੇਸ਼ਨ ਵਕੀਲ ਜ਼ੋਈ ਜੀ ਵਿਲਸਨ (ਜੋ ਵਾਸਮਸੈੱਟੀ ਦੀ ਬੇਟੀ ਯਸ਼ਸਵਿਨੀ ਦੀ ਦੋਸਤ ਅਤੇ ਸਾਬਕਾ ਸਹਿਕਰਮੀ ਹੈ) ਦੀ ਇੱਕ ਲਿੰਕਡਇਨ ਪੋਸਟ ਅਨੁਸਾਰ, ਵਾਸਮਸੈੱਟੀ 27 ਸਾਲਾਂ ਤੋਂ ਵੱਧ ਸਮੇਂ ਤੋਂ ਅਮਰੀਕਾ ‘ਚ ਰਹਿ ਰਹੀ ਹੈ ਅਤੇ ਇੱਕ ਸਰਕਾਰੀ ਸਕੂਲ ‘ਚ ਵਿਸ਼ੇਸ਼ ਲੋੜਾਂ ਵਾਲੇ (Special Needs) ਬੱਚਿਆਂ ਦੀ ਅਧਿਆਪਕਾ ਵਜੋਂ ਕੰਮ ਕਰਦੀ ਹੈ। ਵਿਲਸਨ ਨੇ ਦੱਸਿਆ ਕਿ ਉਸ ਨੂੰ ਪਰਿਵਾਰ ਵੱਲੋਂ ਇਸ ਕੇਸ ਬਾਰੇ ਜਨਤਕ ਤੌਰ ‘ਤੇ ਗੱਲ ਕਰਨ ਦੀ ਇਜਾਜ਼ਤ ਮਿਲੀ ਹੈ।
ਵਿਲਸਨ ਨੇ ਕਿਹਾ ਕਿ ਵਾਸਮਸੈੱਟੀ ਦਾ ਕੋਈ ਅਪਰਾਧਿਕ ਰਿਕਾਰਡ ਨਹੀਂ ਹੈ ਅਤੇ ਅਮਰੀਕਾ ‘ਚ ਰਹਿਣ ਦੌਰਾਨ ਉਸ ਨੇ ਹਮੇਸ਼ਾ ਕਾਨੂੰਨੀ ਇਮੀਗ੍ਰੇਸ਼ਨ ਸਥਿਤੀ ਬਣਾਏ ਰੱਖੀ ਹੈ। ਉਸ ਦੇ ਦੋ ਅਮਰੀਕੀ ਨਾਗਰਿਕ ਬੱਚੇ ਅਤੇ ਦੋ ਅਮਰੀਕੀ ਨਾਗਰਿਕ ਪੋਤੇ-ਪੋਤੀਆਂ ਹਨ। ਵਾਸਮਸੈੱਟੀ ਵਿਰੁੱਧ ਦੇਸ਼ ਨਿਕਾਲੇ ਦੀ ਕਾਰਵਾਈ ਸ਼ੁਰੂ ਕੀਤੀ ਗਈ ਸੀ, ਪਰ ਵਿਲਸਨ ਅਨੁਸਾਰ, ‘ਡਿਪਾਰਟਮੈਂਟ ਆਫ਼ ਹੋਮਲੈਂਡ ਸਕਿਓਰਿਟੀ’ ਵੱਲੋਂ ਆਪਣੇ ਕੇਸ ਦੇ ਸਮਰਥਨ ‘ਚ ਸਬੂਤ ਪੇਸ਼ ਕਰਨ ਦੀ ਸਮਾਂ-ਸੀਮਾ ਖੁੰਝਣ ਤੋਂ ਬਾਅਦ ਮਈ 2026 ‘ਚ ਇਮੀਗ੍ਰੇਸ਼ਨ ਜੱਜ ਨੇ ਕੇਸ ਖ਼ਤਮ ਕਰ ਦਿੱਤਾ ਸੀ।
ਕੇਸ ਰੱਦ ਹੋਣ ਤੋਂ ਬਾਅਦ ਵੀ ਵਾਸਮਸੈੱਟੀ ਨਿਯਮਤ ICE ਚੈੱਕ-ਇਨ ‘ਚ ਸ਼ਾਮਲ ਹੁੰਦੀ ਰਹੀ। 11 ਅਗਸਤ ਨੂੰ ਜਦੋਂ ਉਹ ਸ਼ਾਰਲੋਟ ICE ਦਫ਼ਤਰ ‘ਚ ਰਿਪੋਰਟ ਕਰਨ ਗਈ ਤਾਂ ਉਸ ਨੂੰ ਹਿਰਾਸਤ ‘ਚ ਲੈ ਲਿਆ ਗਿਆ। ਉਸ ਦੀ ਕਾਨੂੰਨੀ ਟੀਮ ਨੇ 13 ਅਗਸਤ ਨੂੰ ਇੱਕ ਸੰਕਟਕਾਲੀਨ ‘ਹੈਬੀਅਸ ਕਾਰਪਸ’ (Habeas Corpus) ਪਟੀਸ਼ਨ ਦਾਇਰ ਕਰਕੇ ਉਸ ਦੀ ਲਗਾਤਾਰ ਹਿਰਾਸਤ ਨੂੰ ਚੁਣੌਤੀ ਦਿੱਤੀ ਹੈ।