
ਅਮਰੀਕਾ ਦੇ ਹੋਮਲੈਂਡ ਸਿਕਿਓਰਿਟੀ ਵਿਭਾਗ (DHS) ਨੇ ਸੋਸ਼ਲ ਮੀਡੀਆ ’ਤੇ ਇੱਕ ਪੋਸਟਰ ਸਾਂਝਾ ਕੀਤਾ ਜਿਸ ‘ਟਰਾਂਸਫਾਰਮਰਜ਼’ ਫਿਲਮ ਦੀ ਤਰਜ਼ ’ਤੇ ਇੱਕ ਚਿਤਾਵਨੀ ਲਿਖੀ ਗਈ ਹੈ – “ਸੈਲਫ-ਡੀਪੋਰਟ ਜਾਂ ਨਤੀਜੇ ਭੁਗਤੋ’ (Self-deport or find out)। ਇਸ ਦੇ ਨਾਲ ਹੀ ਪੋਸਟਰ ਵਿੱਚ ਖਾਸ ਤੌਰ ’ਤੇ ਲਿਖਿਆ ਗਿਆ ਹੈ, “ਸਾਡੀਆਂ ਸੜਕਾਂ ਤੋਂ ਹਟ ਜਾਓ, ਤੁਹਾਨੂੰ ਡਰਾਈਵਿੰਗ ਨਹੀਂ ਆਉਂਦੀ, ਮਿਸਟਰ ਸਿੰਘ”। ਇਸ ਪੋਸਟਰ ‘ਤੇ ਅਮਰੀਕਾ ਸਮੇਤ ਦੁਨੀਆਂ ਦੇ ਵੱਖ ਵੱਖ ਮੁਲਕਾਂ ‘ਚ ਵੱਸਦੇ ਸਿੱਖਾਂ ਨੇ ਸਖ਼ਤ ਇਤਰਾਜ਼ ਜਤਾਇਆ ਹੈ ਤੇ ਸਿੱਖ ਜਥੇਬੰਦੀਆਂ ਅਤੇ ਪੰਜਾਬੀਆਂ ਨੇ ਨਸਲਵਾਦੀ ਅਤੇ ਭਾਰਤ-ਵਿਰੋਧੀ ਸੁਨੇਹਾ ਦੇਣ ਦੇ ਗੰਭੀਰ ਦੋਸ਼ ਲਗਾਏ ਹਨ ਤੇ ਉਹਨਾਂ ਦਾ ਕਹਿਣਾ ਹੈ ਕਿ ‘ਸਿੰਘ’ ਸਰਨੇਮ ਦੀ ਇਹ ਵਰਤੋਂ ਕਰਨੀ ਦੱਖਣੀ ਏਸ਼ੀਆਈ ਮੂਲ ਦੇ ਲੋਕਾਂ ਨੂੰ ਗਲਤ ਤਰੀਕੇ ਨਾਲ ਨਿਸ਼ਾਨਾ ਬਣਾਉਂਦਾ ਹੈ।
ਕੁਝ ਚੇਤੰਨ ਸਿੱਖਾਂ ਨੇ ਸੁਆਲ ਚੁੱਕਿਆ ਹੈ ਕਿ ਕੀ ਅਮਰੀਕਾ ਫਾਈਬਰ ਆਪਟਿਕਸ ਦੇ ਮੋਢੀ ਡਾ. ਨਰਿੰਦਰ ਸਿੰਘ ਕਪਾਨੀ; ਅਮਰੀਕੀ ਕਾਂਗਰਸ ਲਈ ਚੁਣੇ ਗਏ ਪਹਿਲੇ ਸਿੱਖ ਅਤੇ ਪਹਿਲੇ ਏਸ਼ਿਆਈ-ਅਮਰੀਕੀ ਦਲੀਪ ਸਿੰਘ ਸੌਂਦ; ਅਤੇ ਨਾਗਰਿਕਤਾ ਅਤੇ ਧਾਰਮਿਕ ਆਜ਼ਾਦੀ ਲਈ ਲੜਨ ਵਾਲੇ ਸਿੱਖ ਅਮਰੀਕੀ ਫ਼ੌਜੀ ਭਗਤ ਸਿੰਘ ਥਿੰਦ ਨੂੰ ਭੁੱਲ ਗਿਆ ਹੈ? “ਸਿੱਖ ਅਮਰੀਕਾ ਵਿੱਚ ਸਿਰਫ਼ ਟਰੱਕ ਚਲਾਉਣ ਲਈ ਨਹੀਂ ਆਏ ਸਨ। ਅਸੀਂ ਵਿਗਿਆਨੀਆਂ, ਕਿਸਾਨਾਂ, ਉੱਦਮੀਆਂ, ਸੈਨਿਕਾਂ, ਲੋਕ ਸੇਵਕਾਂ ਅਤੇ ਰਾਸ਼ਟਰ-ਨਿਰਮਾਤਾਵਾਂ ਵਜੋਂ ਆਏ ਹਾਂ। ਇੱਕ ਸਦੀ ਤੋਂ ਵੱਧ ਸਮੇਂ ਤੋਂ, ਸਿੱਖਾਂ ਨੇ ਅਮਰੀਕਾ ਦੀ ਅਰਥਵਿਵਸਥਾ, ਵਿਗਿਆਨਕ ਤਰੱਕੀ, ਖੇਤੀਬਾੜੀ, ਹਥਿਆਰਬੰਦ ਫ਼ੌਜਾਂ ਅਤੇ ਜਨਤਕ ਜੀਵਨ ਵਿੱਚ ਯੋਗਦਾਨ ਪਾਇਆ ਹੈ।” ਸਿੱਖ ਆਗੂਆਂ ਦਾ ਕਹਿਣਾ ਹੈ ਕਿ ਇਹ ਕਾਰਨਾਮਾ ਮਾਣਮੱਤੇ ਭਾਈਚਾਰੇ ਦਾ ਅਪਮਾਨ ਹੈ ਜਿਸ ਦੇ ਮੈਂਬਰਾਂ ਨੇ ਅਮਰੀਕਾ ਲਈ ਕੰਮ ਕੀਤਾ ਹੈ, ਸੇਵਾ ਕੀਤੀ ਹੈ ਅਤੇ ਕੁਰਬਾਨੀਆਂ ਦਿੱਤੀਆਂ ਹਨ। ਹਰ ਤਰ੍ਹਾਂ ਨਾਲ ਇਮੀਗ੍ਰੇਸ਼ਨ ਕਾਨੂੰਨ ਲਾਗੂ ਕਰੋ ਪਰ ਇਹ ਮਾਣ, ਨਿਰਪੱਖਤਾ ਅਤੇ ਸਤਿਕਾਰ ਨਾਲ ਕਰੋ। ਸਿੱਖ ਪਛਾਣ ਨੂੰ ਕਦੇ ਵੀ ਮਜ਼ਾਕ ਦਾ ਪਾਤਰ ਨਹੀਂ ਬਣਾਉਣਾ ਚਾਹੀਦਾ।”