ਕੈਨੇਡੀਅਨ ਸੰਸਦ ਦੇ ਨਵੇਂ ਸੈਸ਼ਨ ਤੋਂ ਪਹਿਲਾਂ ਦੇਸ਼ ਭਰ ਦੇ 11 ਸ਼ਹਿਰਾਂ ’ਚ ਗੂੰਜੇ ਪ੍ਰਵਾਸੀਆਂ ਦੇ ਨਾਅਰੇ
ਕੈਨੇਡਾ ‘ਚ ਇਸ ਵੇਲੇ ਪਰਵਾਸ ਕਾਫੀ ਵੱਡਾ ਮੁੱਦਾ ਬਣਿਆ ਹੋਇਆ ਹੈ ਅਤੇ ਦੇਸ਼ ਦੀ ਸੰਸਦ ਦਾ ਨਵਾਂ ਸੈਸ਼ਨ ਸ਼ੁਰੂ ਹੋਣ ਜਾ ਰਿਹਾ ਹੈ ਜਿਸਤੋਂ ਪਹਿਲਾਂ ਐਤਵਾਰ ਨੂੰ ਦੇਸ਼ ਦੇ ਕਈ ਸ਼ਹਿਰਾਂ ਵਿੱਚ ਹਜ਼ਾਰਾਂ ਪਰਵਾਸੀਆਂ, ਕੌਮਾਂਤਰੀ ਵਿਦਿਆਰਥੀਆਂ, ਸ਼ਰਨਾਰਥੀਆਂ ਅਤੇ ਗੈਰ-ਦਸਤਾਵੇਜ਼ੀ ਲੋਕਾਂ ਨੇ ਰੋਸ ਮੁਜਾਹਰੇ ਕੀਤੇ ਅਤੇ ਮੰਗ ਕੀਤੀ ਕਿ ਕੈਨੇਡਾ ਵਿੱਚ ਰਹਿ ਰਹੇ ਸਾਰੇ ਪਰਵਾਸੀਆਂ ਲਈ ਪੱਕੀ ਰਿਹਾਇਸ਼ (PR) ਦਾ ਰਸਤਾ ਖੋਲ੍ਹਿਆ ਜਾਵੇ ਅਤੇ ਡਿਪੋਰਟੇਸ਼ਨ ਨੂੰ ਰੋਕਿਆ ਜਾਵੇ । ਜਥੇਬੰਦੀ ਦੀ ਆਗੂ ਸਰੋਮ ਰੋਹ ਨੇ ਕਿਹਾ ਕਿ ਲਗਭਗ 17 ਲੱਖ ਲੋਕ ਇਸ ਸਮੇਂ ਅਸਥਾਈ ਵਰਕ ਜਾਂ ਸਟੱਡੀ ਪਰਮਿਟਾਂ ’ਤੇ ਕੈਨੇਡਾ ਵਿੱਚ ਰਹਿ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਲੋਕ ਖੇਤੀਬਾੜੀ, ਬੱਚਿਆਂ ਅਤੇ ਬਜ਼ੁਰਗਾਂ ਦੀ ਦੇਖਭਾਲ ਅਤੇ ਹੋਰ ਜ਼ਰੂਰੀ ਸੇਵਾਵਾਂ ਵਿੱਚ ਕੰਮ ਕਰ ਰਹੇ ਹਨ, ਪਰ ਆਪਣੇ ਭਵਿੱਖ ਨੂੰ ਲੈ ਕੇ ਅਨਿਸ਼ਚਿਤਤਾ ਦਾ ਸਾਹਮਣਾ ਕਰ ਰਹੇ ਹਨ। ਕੈਨੇਡਾ ਦੇ ਵੱਖ ਵੱਖ ਸ਼ਹਿਰਾਂ ਤੋਂ ਇਲਾਵਾ ਟੋਰਾਂਟੋ ਵਿੱਚ ਮਾਰਚ ਦੁਪਹਿਰ 2 ਵਜੇ ਕ੍ਰਿਸਟੀ ਪਿਟਸ ਪਾਰਕ ਤੋਂ ਸ਼ੁਰੂ ਹੋ ਕੇ ਡਫਰਿਨ ਗਰੋਵ ਪਾਰਕ ਤੱਕ ਗਿਆ ਜਿਸ ‘ਚ ਟੋਰਾਂਟੋ ਪੁਲੀਸ ਮੁਤਾਬਕ ਕਰੀਬ 600 ਲੋਕਾਂ ਨੇ ਇਸ ਵਿੱਚ ਹਿੱਸਾ ਲਿਆ। ਮਾਈਗ੍ਰੈਂਟ ਵਰਕਰਜ਼ ਅਲਾਇੰਸ ਫ਼ਾਰ ਚੇਂਜ ਦੀ ਅਗਵਾਈ ਹੇਠ ਦੇਸ਼ ਭਰ ਵਿੱਚ ਇਸੇ ਮੁੱਦੇ ’ਤੇ 10 ਤੋਂ ਵੱਧ ਮਾਰਚ ਕੱਢੇ ਗਏ।