ਸੈਕਰਾਮੈਂਟੋ, ਕੈਲੀਫੋਰਨੀਆ — ਅਮਰੀਕੀ ਅਟਾਰਨੀ ਏਰਿਕ ਗ੍ਰਾਂਟ ਨੇ ਐਲਾਨ ਕੀਤਾ ਕਿ ਡੇਵਿਸ ਦੇ ਰਹਿਣ ਵਾਲੇ 60 ਸਾਲਾ ਪਰਮਪ੍ਰੀਤ ਸਿੰਘ ਨੂੰ ਯੂ.ਐੱਸ. ਡਿਸਟ੍ਰਿਕਟ ਜੱਜ ਜੌਨ ਏ. ਮੈਂਡੇਜ਼ ਵੱਲੋਂ ਕੋਕੀਨ, ਹੈਰੋਇਨ, ਅਫ਼ੀਮ (opium), ਅਤੇ ਕੇਟਾਮਾਈਨ (ketamine) ਵੰਡਣ ਅਤੇ ਰੱਖਣ ਦੀ ਸਾਜ਼ਿਸ਼ ਰਚਣ ਦੇ ਦੋਸ਼ ਹੇਠ 10 ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ ਅਤੇ $20 ਲੱਖ (2 Million Dollars) ਜ਼ਬਤ ਕਰਨ ਦਾ ਹੁਕਮ ਦਿੱਤਾ ਗਿਆ ਹੈ।

ਅਦਾਲਤੀ ਦਸਤਾਵੇਜ਼ਾਂ ਅਨੁਸਾਰ, ਪਰਮਪ੍ਰੀਤ ਸਿੰਘ ਕੈਨੇਡਾ ਵਿੱਚ ਕੋਕੀਨ, ਹੈਰੋਇਨ, ਅਫ਼ੀਮ ਅਤੇ ਕੇਟਾਮਾਈਨ ਨਾਲ ਸਬੰਧਤ ਡਰੱਗ ਦੇ ਸੌਦਿਆਂ ਦਾ ਤਾਲਮੇਲ ਕਰਨ ਵਾਲੀ ਸਾਜ਼ਿਸ਼ ਦਾ ਮੁਖੀ ਅਤੇ ਪ੍ਰਬੰਧਕ ਸੀ, ਜੋ ਦਸਤਾਵੇਜ਼ ਮੀਡੀਆ ਸਾਹਮਣੇ ਨਸ਼ਰ ਕੀਤੇ ਗਏ ਹਨ, ਉਨ੍ਹਾਂ ਦੇ ਮੁਤਾਬਿਕ ਉਹ ਅਤੇ ਉਸ ਦੇ ਸਹਿ-ਦੋਸ਼ੀ—ਰਣਵੀਰ ਸਿੰਘ (43, ਸੈਕਰਾਮੈਂਟੋ) ਅਤੇ ਅਮਨਦੀਪ ਮੁਲਤਾਨੀ (38, ਰੋਜ਼ਵਿਲ)—ਅਤੇ ਹੋਰਾਂ ਨੇ ਕੈਲੀਫੋਰਨੀਆ ਤੋਂ ਐਨਕ੍ਰਿਪਟਡ ਮੋਬਾਈਲ ਐਪਸ ਦੀ ਵਰਤੋਂ ਕਰਕੇ ਇਹ ਲੈਣ-ਦੇਣ ਤੈਅ ਕਰਕੇ ਅਕਤੂਬਰ 2020 ਤੋਂ ਅਪ੍ਰੈਲ 2021 ਦੇ ਵਿਚਕਾਰ, ਉਹਨਾਂ ਨੇ ਅੰਡਰਕਵਰ ਅਧਿਕਾਰੀਆਂ ਨਾਲ ਕੈਨੇਡਾ ਅਤੇ ਸੈਕਰਾਮੈਂਟੋ ਵਿੱਚ ਸੌਦੇ ਕੀਤੇ, ਜਿਨ੍ਹਾਂ ਵਿੱਚ ਲਗਭਗ 10 ਕਿਲੋਗ੍ਰਾਮ ਕੋਕੀਨ, 1.5 ਕਿਲੋਗ੍ਰਾਮ ਅਫ਼ੀਮ, 2 ਕਿਲੋਗ੍ਰਾਮ ਕੇਟਾਮਾਈਨ ਅਤੇ ਹੈਰੋਇਨ ਦੇ ਨਮੂਨੇ ਵੇਚੇ ਗਏ। ਇਸ ਨਾਲ ਕੈਨੇਡੀਅਨ ਕਰੰਸੀ ਵਿੱਚ $637,600 ਅਤੇ ਅਮਰੀਕੀ ਡਾਲਰਾਂ ਵਿੱਚ $75,190 ਦੀ ਕਮਾਈ ਹੋਈ।

ਇਸ ਤੋਂ ਇਲਾਵਾ, ਸਤੰਬਰ 2020 ਤੋਂ ਅਪ੍ਰੈਲ 2021 ਦੇ ਵਿਚਕਾਰ, ਪਰਮਪ੍ਰੀਤ ਸਿੰਘ ਅਤੇ ਉਸ ਦੇ ਸਹਿ-ਦੋਸ਼ੀਆਂ ਨੇ ਵਾਰ-ਵਾਰ 100 ਕਿਲੋਗ੍ਰਾਮ ਤੱਕ ਕੋਕੀਨ, 25 ਕਿਲੋਗ੍ਰਾਮ ਤੱਕ ਹੈਰੋਇਨ, 100 ਕਿਲੋਗ੍ਰਾਮ ਤੱਕ ਅਫ਼ੀਮ, ਅਤੇ 200 ਕਿਲੋਗ੍ਰਾਮ ਤੱਕ ਕੇਟਾਮਾਈਨ ਵੇਚਣ ਦੀ ਪੇਸ਼ਕਸ਼ ਕੀਤੀ।

ਡਰੱਗ ਐਨਫੋਰਸਮੈਂਟ ਐਡਮਿਨਿਸਟ੍ਰੇਸ਼ਨ (DEA) ਨੇ ਇਹ ਜਾਂਚ ਹੋਮਲੈਂਡ ਸਿਕਿਓਰਿਟੀ ਇਨਵੈਸਟੀਗੇਸ਼ਨਜ਼ (HSI), ਐਫ.ਬੀ.ਆਈ. (FBI), ਕੈਨੇਡਾ ਦੀ ਯੌਰਕ ਰੀਜਨਲ ਪੁਲਿਸ, ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ (RCMP), ਅਤੇ ਪਲੇਸਰ ਕਾਊਂਟੀ ਸਪੈਸ਼ਲ ਇਨਵੈਸਟੀਗੇਸ਼ਨਜ਼ ਯੂਨਿਟ ਦੀ ਮਦਦ ਨਾਲ ਕੀਤੀ। ਇਸ ਕੇਸ ਦੀ ਪੈਰਵੀ ਸਹਾਇਕ ਯੂ.ਐੱਸ. ਅਟਾਰਨੀ ਡੇਵਿਡ ਡਬਲਯੂ. ਸਪੈਂਸਰ (David W. Spencer) ਨੇ ਕੀਤੀ।

ਪਰਮਪ੍ਰੀਤ ਸਿੰਘ ਨੇ ਇਹਨਾਂ ਦੋਸ਼ਾਂ ਦੇ ਸਬੰਧ ‘ਚ 9 ਸਤੰਬਰ 2025 ਨੂੰ ਦੋਸ਼ ਕਬੂਲ ਕੀਤਾ ਸੀ। ਮੁਲਤਾਨੀ ਨੇ 13 ਦਸੰਬਰ 2022 ਨੂੰ ਦੋਸ਼ ਕਬੂਲ ਕੀਤਾ ਅਤੇ ਅਮਰੀਕੀ ਸਰਕਾਰ ਨਾਲ ਪੂਰਾ ਸਹਿਯੋਗ ਕਰਨ ਲਈ ਸਹਿਮਤੀ ਦਿੱਤੀ। 4 ਸਾਲ ਅਤੇ 8 ਮਹੀਨਿਆਂ ਤੋਂ ਵੱਧ ਸਮਾਂ ਹਿਰਾਸਤ ਵਿੱਚ ਬਿਤਾਉਣ ਤੋਂ ਬਾਅਦ, 10 ਦਸੰਬਰ 2025 ਨੂੰ ਉਸ ਨੂੰ ਬਿਤਾਏ ਸਮੇਂ ਦੀ ਸਜ਼ਾ ਸੁਣਾਈ ਗਈ। 15 ਅਕਤੂਬਰ 2025 ਨੂੰ, ਇੱਕ ਜਿਊਰੀ ਨੇ ਰਣਵੀਰ ਸਿੰਘ ਨੂੰ ਕੋਕੀਨ ਅਤੇ ਕੇਟਾਮਾਈਨ ਵੰਡਣ ਦੀ ਸਾਜ਼ਿਸ਼ ਅਤੇ ਕੋਕੀਨ ਵੰਡਣ ਦੇ ਇੱਕ ਮਾਮਲੇ ਵਿੱਚ ਦੋਸ਼ੀ ਪਾਇਆ। ਉਸ ਨੂੰ ਸਜ਼ਾ ਸੁਣਾਏ ਜਾਣ ਦੀ ਤਾਰੀਖ਼ 1 ਦਸੰਬਰ 2026 ਤੈਅ ਕੀਤੀ ਗਈ ਹੈ। ਰਣਵੀਰ ਸਿੰਘ ਨੂੰ ਵੱਧ ਤੋਂ ਵੱਧ ਉਮਰ ਕੈਦ ਦੀ ਸਜ਼ਾ ਅਤੇ $1 ਕਰੋੜ ($10 Million) ਦਾ ਜੁਰਮਾਨਾ ਹੋ ਸਕਦਾ ਹੈ।