ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉਪ ਰਾਸ਼ਟਰਪਤੀ ਜੇ.ਡੀ. ਵੈਂਸ ਨੇ ਟੈਕਸਦਾਤਾਵਾਂ ਦੇ ਪੈਸੇ ਨਾਲ ਹੋਣ ਵਾਲੀ ਧੋਖਾਧੜੀ ਨੂੰ ਠੱਲ੍ਹ ਪਾਉਣ ਲਈ 25 ਮਿਲੀਅਨ ਡਾਲਰ ਦੇ ਇੱਕ ਨਵੇਂ ‘ਫਰਾਡ ਹ੍ਹਿਸਲਬਲੋਅਰ ਇਨਸੈਂਟਿਵ ਪ੍ਰੋਗਰਾਮ’ (WHIP) ਦਾ ਐਲਾਨ ਕੀਤਾ ਹੈ। ਇਸ ਪ੍ਰੋਗਰਾਮ ਤਹਿਤ ਸਰਕਾਰੀ ਫੰਡਾਂ ਦੀ ਦੁਰਵਰਤੋਂ ਜਾਂ ਧੋਖਾਧੜੀ ਬਾਰੇ ਸਹੀ ਜਾਣਕਾਰੀ (ਸੁਰਾਗ) ਦੇਣ ਵਾਲੇ ਆਮ ਨਾਗਰਿਕਾਂ ਨੂੰ ਨਕਦ ਇਨਾਮ ਦਿੱਤੇ ਜਾਣਗੇ।

ਵ੍ਹਾਈਟ ਹਾਊਸ ਦੇ ਅਧਿਕਾਰੀਆਂ ਮੁਤਾਬਕ, ਜੇਕਰ ਕਿਸੇ ਵਿਅਕਤੀ ਵੱਲੋਂ ਦਿੱਤੀ ਗਈ ਸੂਚਨਾ ਕਿਸੇ ਸਫ਼ਲ ਧੋਖਾਧੜੀ ਦੇ ਦੋਸ਼ ਜਾਂ ਵੱਡੀ ਸੰਘੀ ਕਾਰਵਾਈ ਵੱਲ ਲੈ ਕੇ ਜਾਂਦੀ ਹੈ, ਤਾਂ ਸੂਚਨਾ ਦੇਣ ਵਾਲੇ ਨੂੰ 30,000 ਡਾਲਰ ਤੱਕ ਦਾ ਇਨਾਮ ਦਿੱਤਾ ਜਾ ਸਕਦਾ ਹੈ।

ਇਸ ਨਵੇਂ ਪ੍ਰੋਗਰਾਮ ਦਾ ਸੰਚਾਲਨ ਅਮਰੀਕੀ ਨਿਆਂ ਵਿਭਾਗ (Justice Department) ਵੱਲੋਂ ਕੀਤਾ ਜਾਵੇਗਾ ਅਤੇ ਲੋਕ ਆਪਣੇ ਸੁਰਾਗ fraud.gov ਵੈੱਬਸਾਈਟ ਰਾਹੀਂ ਦਰਜ ਕਰਵਾ ਸਕਣਗੇ। ਇਸ ਪਹਿਲਕਦਮੀ ਦਾ ਮੁੱਖ ਉਦੇਸ਼ ਆਮ ਨਾਗਰਿਕਾਂ ਅਤੇ ਸੁਤੰਤਰ ਪੱਤਰਕਾਰਾਂ ਨੂੰ ਟੈਕਸਦਾਤਾਵਾਂ ਦੇ ਫੰਡਾਂ ਨਾਲ ਜੁੜੀ ਧੋਖਾਧੜੀ ਨੂੰ ਸਾਹਮਣੇ ਲਿਆਉਣ ਲਈ ਉਤਸ਼ਾਹਿਤ ਕਰਨਾ ਹੈ।