
ਚੀਨ ਦੇ ਸ਼ੇਨਜ਼ੇਨ ’ਚ ਚੱਲ ਰਹੇ ਏਸ਼ੀਆ-ਪ੍ਰਸ਼ਾਂਤ ਆਰਥਿਕ ਸਹਿਯੋਗ (ਏਪੈਕ) ਸਿਖਰ ਸੰਮੇਲਨ ਦੌਰਾਨ ਕਾਰੋਬਾਰੀਆਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਚੀਨੀ ਰਾਸ਼ਟਰਪਤੀ ਸ਼ੀ ਜਿੰਨਪਿੰਗ ਨੇ ਖੁੱਲ੍ਹੇ ਵਪਾਰ ਅਤੇ ਸਾਵੇਂ ਵਿਕਾਸ ਦੀ ਵਕਾਲਤ ਕੀਤੀ। ਉਨ੍ਹਾਂ ਕਿਹਾ ਕਿ ਖੇਤਰ ਦੀ ਸਥਿਰਤਾ ਲਈ ਆਪਸੀ ਸਹਿਯੋਗ ਬਹੁਤ ਜ਼ਰੂਰੀ ਹੈ। ਇਸ ਸੰਮੇਲਨ ’ਚ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਸਮੇਤ ਕਈ ਆਗੂ ਹਿੱਸਾ ਲੈ ਰਹੇ ਹਨ। ਟਰੰਪ, ਪੂਤਿਨ ਅਤੇ ਸ਼ੀ ਵਿਚਕਾਰ ਵੀਰਵਾਰ ਨੂੰ ਹੋਣ ਵਾਲੀ ਮੀਟਿੰਗ ’ਤੇ ਪੂਰੀ ਦੁਨੀਆ ਦੀ ਨਜ਼ਰ ਹੈ।
ਸ਼ੀ ਨੇ ਕਿਹਾ ਕਿ ਚੀਨ ਆਪਣੇ ਟੈਰਿਫ ਘਟਾਉਣ ਦੇ ਨਾਲ ਨਾਲ ਬਾਜ਼ਾਰ ਤੱਕ ਪਹੁੰਚ ਵਧਾਏਗਾ। ਇਸ ਦੇ ਨਾਲ ਆਲਮੀ ਨਿਵੇਸ਼ਕਾਂ ਲਈ ਹਾਲਾਤ ਹੋਰ ਬਿਹਤਰ ਬਣਾਏ ਜਾਣਗੇ। ਸ਼ੀ ਅਤੇ ਏਪੈਕ ਦੇ ਹੋਰ ਆਗੂਆਂ ਨੇ ਅਮਰੀਕਾ ਦੀ ਸਿੱਧੀ ਆਲੋਚਨਾ ਕੀਤੇ ਬਿਨਾਂ ਆਖਿਆ ਕਿ ਬਾਜ਼ਾਰਾਂ ਦੀ ਸੁਰੱਖਿਆ ਲਈ ਵਧੇਰੇ ਖੁੱਲ੍ਹੀ ਪਹੁੰਚ ਅਪਣਾਉਣ ਦੀ ਲੋੜ ਹੈ। ਉਧਰ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਪੱਛਮੀ ਮੁਲਕਾਂ ਵੱਲੋਂ ਲਾਈਆਂ ਗਈਆਂ ਪਾਬੰਦੀਆਂ ਦੀ ਆਲੋਚਨਾ ਕਰਦਿਆਂ ਕਿਹਾ ਕਿ ਏਸ਼ੀਆ-ਪ੍ਰਸ਼ਾਂਤ ਖੇਤਰ ਰੂਸ ਦੇ ਵਪਾਰ ਲਈ ਬਹੁਤ ਅਹਿਮ ਹੈ।
ਇਸ ਦੌਰਾਨ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਅਤੇ ਚੀਨ ਨੇ ਵਸਤਾਂ ’ਤੇ ਟੈਰਿਫ ਘਟਾਉਣ ਦਾ ਸਮਝੌਤਾ ਕੀਤਾ ਹੈ। ਮਲੇਸ਼ੀਆ ਦੇ ਪ੍ਰਧਾਨ ਮੰਤਰੀ ਅਨਵਰ ਇਬਰਾਹਿਮ ਨੇ ਜ਼ੋਰ ਦਿੱਤਾ ਕਿ ਵੱਡੇ ਅਰਥਚਾਰਿਆਂ ਨੂੰ ਨਿਰਪੱਖ ਵਿਕਾਸ ਉਤਸ਼ਾਹਿਤ ਕਰਨਾ ਚਾਹੀਦਾ ਹੈ।