ਇੰਗਲੈਂਡ ਦੇ ਲੀਡਜ਼ ਸ਼ਹਿਰ ਵਿੱਚ ਖ਼ਤਰਨਾਕ ਢੰਗ ਨਾਲ ਕਾਰਾਂ ਚਲਾਉਣ ਕਾਰਨ ਮਾਂ-ਧੀ ਦੀ ਮੌਤ ਦੇ ਮਾਮਲੇ ਵਿੱਚ ਭਾਰਤੀ ਮੂਲ ਦੇ ਦੋ ਵਿਅਕਤੀਆਂ ਨੂੰ ਕੁੱਲ 28 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। 27 ਸਾਲਾ ਜੁਸਟੀਨਾ ਹੁਲਬੋਜ ਅਤੇ ਉਸ ਦੀ ਚਾਰ ਸਾਲਾ ਧੀ ਲੀਨਾ ਚੇਪਚੋਰ ਦੀ ਜਨਵਰੀ 2023 ਵਿੱਚ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਸੀ।
ਹਰਦੀਪ ਭਾਚੂ (29) ਨੇ ਖ਼ਤਰਨਾਕ ਢੰਗ ਨਾਲ ਗੱਡੀ ਚਲਾਉਣ ਕਾਰਨ ਮਾਂ-ਧੀ ਦੀ ਮੌਤ ਹੋਣ ਦਾ ਦੋਸ਼ ਕਬੂਲ ਕਰ ਲਿਆ ਸੀ। ਲੀਡਜ਼ ਕਰਾਊਨ ਕੋਰਟ ਨੇ ਸੋਮਵਾਰ ਨੂੰ ਉਸ ਨੂੰ 12 ਸਾਲ ਦੀ ਕੈਦ ਸੁਣਾਈ। ਦੂਜੇ ਮੁਲਜ਼ਮ ਜਸਕਮਲ ਰਿਆਤ (37) ਨੂੰ ਹਾਦਸੇ ਤੋਂ ਠੀਕ ਪਹਿਲਾਂ ਭਾਚੂ ਨਾਲ ਕਾਰਾਂ ਦੀ ਰੇਸ ਲਾਉਣ ਦੇ ਮਾਮਲੇ ਵਿੱਚ ਦੋਸ਼ੀ ਕਰਾਰ ਦਿੰਦਿਆਂ 16 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ।
ਜੱਜ ਰੇਅ ਸਿੰਘ ਨੇ ਦੋਵਾਂ ਨੂੰ ਸਜ਼ਾ ਸੁਣਾਉਂਦਿਆਂ ਕਿਹਾ, “ਸੜਕ ਕੋਈ ਰੇਸ ਟਰੈਕ ਨਹੀਂ ਹੈ। ਵੱਡੀ ਤੇ ਮਜ਼ਬੂਤ ਕਾਰ ਹੋਣ ਦਾ ਮਤਲਬ ਇਹ ਨਹੀਂ ਕਿ ਜਨਤਕ ਸੜਕ ’ਤੇ ਉਸ ਦੀ ਹੱਦ ਪਰਖੀ ਜਾਵੇ।” ਉਨ੍ਹਾਂ ਕਿਹਾ ਕਿ ਬੇਹੱਦ ਤੇਜ਼ ਰਫ਼ਤਾਰ ਨਾਲ ਮੁਕਾਬਲੇਬਾਜ਼ੀ ਕਰਦਿਆਂ ਗੱਡੀ ਚਲਾਉਣ ਦੇ ਨਤੀਜੇ ਨਾ ਪਲਟੇ ਜਾ ਸਕਣ ਵਾਲੇ ਹੋ ਸਕਦੇ ਹਨ, ਜਿਵੇਂ ਕਿ ਇਸ ਮਾਮਲੇ ਵਿੱਚ ਹੋਇਆ।
ਜਨਵਰੀ 2023 ਵਿੱਚ ਭਾਚੂ ਆਪਣੀ ਕਾਰ ਤੋਂ ਸੰਤੁਲਨ ਗੁਆ ਬੈਠਾ ਅਤੇ ਸਕੌਟ ਹਾਲ ਰੋਡ ’ਤੇ ਸਕੂਲ ਜਾ ਰਹੀਆਂ ਜੁਸਟੀਨਾ ਤੇ ਲੀਨਾ ਨੂੰ ਟੱਕਰ ਮਾਰਨ ਮਗਰੋਂ ਕਾਰ ਜੈਗੁਆਰ ਕਾਰ ਡੀਲਰਸ਼ਿਪ ਦੀ ਕੰਧ ਨਾਲ ਜਾ ਟਕਰਾਈ। ਮਾਂ-ਧੀ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਹਾਦਸੇ ਮਗਰੋਂ ਰੁਕਣ ਦੀ ਥਾਂ ਚਲਾ ਗਿਆ ਸੀ ਰਿਆਤ
ਪੱਛਮੀ ਯੌਰਕਸ਼ਾਇਰ ਪੁਲੀਸ ਨੇ ਲੋਕਾਂ ਵੱਲੋਂ ਦਿੱਤੀ ਡੈਸ਼ਕੈਮ ਅਤੇ ਸੀਸੀਟੀਵੀ ਫੁਟੇਜ ਦੀ ਮਦਦ ਨਾਲ ਕਾਲੀ ਬੀਐੱਮਡਬਲਿਊ ਕਾਰ ਚਲਾ ਰਹੇ ਰਿਆਤ ਦੀ ਪਛਾਣ ਕੀਤੀ। ਭਾਚੂ ਦੀ ਕਾਰ ਵਿੱਚ ਲੱਗੇ ਕੈਮਰੇ ਦੀ ਰਿਕਾਰਡਿੰਗ ਵਿੱਚ ਦੋਵਾਂ ਨੂੰ ਟਰੈਫਿਕ ਲਾਈਟਾਂ ’ਤੇ ਰੁਕਿਆਂ ਗੱਲਬਾਤ ਕਰਦਿਆਂ ਸੁਣਿਆ ਗਿਆ। ਇਸ ਦੌਰਾਨ ਭਾਚੂ ਆਪਣੀ ਔਡੀ ਕਾਰ ਦੀ 560 ਹਾਰਸਪਾਵਰ ਸਮਰੱਥਾ ਬਾਰੇ ਸ਼ੇਖ਼ੀ ਮਾਰ ਰਿਹਾ ਸੀ।
ਪੁਲੀਸ ਅਧਿਕਾਰੀ ਪੌਲ ਕੋਨਰੋਏ ਨੇ ਕਿਹਾ ਕਿ ਦੋਵਾਂ ਨੇ ਤੇਜ਼ ਕਾਰਾਂ ਦਿਖਾਉਣ ਲਈ ਭੀੜ-ਭੜੱਕੇ ਵਾਲੀ ਸੜਕ ’ਤੇ ਰੇਸ ਲਾਈ। ਉਨ੍ਹਾਂ ਦੱਸਿਆ ਕਿ ਰਿਆਤ ਹਾਦਸਾ ਦੇਖਣ ਦੇ ਬਾਵਜੂਦ ਰੁਕ ਕੇ ਪੀੜਤਾਂ ਦੀ ਮਦਦ ਕਰਨ ਦੀ ਥਾਂ ਉੱਥੋਂ ਚਲਾ ਗਿਆ ਸੀ। ਦੋਵਾਂ ਨੂੰ ਛੇ-ਛੇ ਸਾਲ ਲਈ ਗੱਡੀ ਚਲਾਉਣ ’ਤੇ ਪਾਬੰਦੀ ਵੀ ਲਾਈ ਗਈ ਹੈ ਅਤੇ ਇਸ ਮਿਆਦ ਮਗਰੋਂ ਉਨ੍ਹਾਂ ਨੂੰ ਮੁੜ ਡਰਾਈਵਿੰਗ ਟੈਸਟ ਦੇਣਾ ਪਵੇਗਾ।
ਮ੍ਰਿਤਕ ਮਾਂ ਦੇ ਮੰਗੇਤਰ ਅਤੇ ਬੱਚੀ ਦੇ ਪਿਤਾ ਨੇ ਕਿਹਾ ਕਿ ਹਾਦਸੇ ਮਗਰੋਂ ਉਸ ਦੀ ਪੂਰੀ ਦੁਨੀਆ ਇਕ ਪਲ ਵਿੱਚ ਉੱਜੜ ਗਈ। ਉਸ ਨੇ ਕਿਹਾ ਕਿ ਦੋਵਾਂ ਦੇ ਜਾਣ ਮਗਰੋਂ ਹਰ ਰੋਜ਼ ਉਸ ਨੂੰ ਖਾਲੀਪਣ ਮਹਿਸੂਸ ਹੁੰਦਾ ਹੈ ਅਤੇ ਇਹ ਦੁੱਖ ਸਾਰੀ ਉਮਰ ਉਸ ਦੇ ਨਾਲ ਰਹੇਗਾ।