
ਅਮਰੀਕੀ ਧਰਤੀ ‘ਤੇ ਖਾਲਿਸਤਾਨੀ ਕਾਰਕੁੰਨ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਸਾਜ਼ਿਸ਼ ਰਚਣ ਵਿੱਚ ਸ਼ਾਮਲ ਹੋਣ ਦੇ ਦੋਸ਼ੀ ਭਾਰਤੀ ਨਾਗਰਿਕ ਨਿਖਿਲ ਗੁਪਤਾ ਨੂੰ ਇੱਥੇ ਸ਼ੁੱਕਰਵਾਰ ਨੂੰ ਇੱਕ ਸੰਘੀ (ਫੈਡਰਲ) ਅਦਾਲਤ ਵੱਲੋਂ 235 ਮਹੀਨੇ (ਕਰੀਬ ਸਾਢੇ 19 ਸਾਲ) ਕੈਦ ਦੀ ਸਜ਼ਾ ਸੁਣਾਈ ਹੈ। ਨਿਊਯਾਰਕ ਦੇ ਦੱਖਣੀ ਜ਼ਿਲ੍ਹੇ ) ਦੇ ਅਮਰੀਕੀ ਜ਼ਿਲ੍ਹਾ ਜੱਜ ਵਿਕਟਰ ਮਾਰੇਰੋ ਵੱਲੋਂ ਇਹ ਫ਼ੈਸਲਾ ਸੁਣਾਇਆ ਗਿਆ। ਜ਼ਿਕਰਯੋਗ ਹੈ ਕਿ ਨਿਖਿਲ ਗੁਪਤਾ ਨੇ ਬੀਤੀ ਫਰਵਰੀ ਵਿੱਚ ਸੁਪਾਰੀ ਦੇ ਕੇ ਕਤਲ ਕਰਵਾਉਣ, ਕਤਲ ਦੀ ਸਾਜ਼ਿਸ਼ ਰਚਣ ਅਤੇ ਮਨੀ ਲਾਂਡਰਿੰਗ ਦੀ ਸਾਜ਼ਿਸ਼ ਰਚਣ ਦੇ ਦੋਸ਼ਾਂ ਨੂੰ ਸਵੀਕਾਰ ਕਰ ਲਿਆ ਸੀ।
ਸਰਕਾਰੀ ਵਕੀਲਾਂ ਨੇ ਗੁਪਤਾ ’ਤੇ ਦੋਸ਼ ਲਾਇਆ ਸੀ ਕਿ ਉਸ ਨੇ ਇੱਕ ਭਾਰਤੀ ਸਰਕਾਰੀ ਅਧਿਕਾਰੀ ਵਿਕਾਸ ਯਾਦਵ ਨਾਲ ਮਿਲ ਕੇ ਨਿਊਯਾਰਕ ਸਥਿਤ ‘ਸਿੱਖਸ ਫਾਰ ਜਸਟਿਸ’ ਦੇ ਵਕੀਲ ਅਤੇ ਅਮਰੀਕੀ-ਕੈਨੇਡੀਅਨ ਦੋਹਰੀ ਨਾਗਰਿਕਤਾ ਰੱਖਣ ਵਾਲੇ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਵਿਉਂਤ ਘੜੀ ਸੀ। ਅਦਾਲਤੀ ਦਸਤਾਵੇਜ਼ਾਂ ਅਨੁਸਾਰ ਗੁਪਤਾ ਅਤੇ ਯਾਦਵ ਨੇ ਇੱਕ ਕਥਿਤ ਸ਼ੂਟਰ ਨੂੰ ਪੇਸ਼ਗੀ ਵਜੋਂ 15,000 ਅਮਰੀਕੀ ਡਾਲਰ ਨਕਦ ਪਹੁੰਚਾਉਣ ਦਾ ਪ੍ਰਬੰਧ ਕੀਤਾ ਸੀ, ਪਰ ਉਹ ਸ਼ੂਟਰ ਅਸਲ ਵਿੱਚ ਅਮਰੀਕੀ ਕਾਨੂੰਨ ਲਾਗੂ ਕਰਨ ਵਾਲੀ ਏਜੰਸੀ ਦਾ ਇੱਕ ਗੁਪਤ ਅਧਿਕਾਰੀ ਨਿਕਲਿਆ। ਇਸ ਮਾਮਲੇ ਵਿੱਚ ਵਿਕਾਸ ਯਾਦਵ ਨੂੰ ਵੀ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਗਿਆ ਹੈ, ਪਰ ਉਹ ਅਜੇ ਅਮਰੀਕੀ ਹਿਰਾਸਤ ਵਿੱਚ ਨਹੀਂ ਹੈ। ਦੂਜੇ ਪਾਸੇ, ਭਾਰਤ ਸਰਕਾਰ ਨੇ ਅਜਿਹੀ ਕਿਸੇ ਵੀ ਸਾਜ਼ਿਸ਼ ਤੋਂ ਖ਼ੁਦ ਨੂੰ ਪੂਰੀ ਤਰ੍ਹਾਂ ਵੱਖ ਕਰਦਿਆਂ ਸਪੱਸ਼ਟ ਕੀਤਾ ਹੈ ਕਿ ਇਹ ਭਾਰਤ ਦੀ ਸਰਕਾਰੀ ਨੀਤੀ ਦੇ ਖ਼ਿਲਾਫ਼ ਹੈ।
ਮੈਨਹਟਨ ਅਮਰੀਕੀ ਅਟਾਰਨੀ ਦਫ਼ਤਰ ਦੇ ਸਰਕਾਰੀ ਵਕੀਲਾਂ ਨੇ ਗੁਪਤਾ ਲਈ ਲਗਭਗ 24 ਸਾਲ ਕੈਦ ਦੀ ਸਜ਼ਾ ਦੀ ਸਿਫ਼ਾਰਸ਼ ਕੀਤੀ ਸੀ। ਸੁਣਵਾਈ ਦੌਰਾਨ ਸਰਕਾਰੀ ਵਕੀਲ ਐਸ਼ਲੇ ਨਿਕੋਲਸ ਨੇ ਕਿਹਾ ਕਿ ਇਹ ਮਾਮਲਾ ਅਮਰੀਕੀ ਕਦਰਾਂ-ਕੀਮਤਾਂ ਦੀ ਬੁਨਿਆਦ ਨਾਲ ਜੁੜਿਆ ਹੋਇਆ ਹੈ ਅਤੇ ਦੇਸ਼ ਵਿੱਚ ਕਿਸੇ ਦੀ ਆਵਾਜ਼ ਦਬਾਉਣ ਲਈ ਹਿੰਸਾ ਦੀ ਵਰਤੋਂ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।
ਅਦਾਲਤ ਨੂੰ ਸੰਬੋਧਨ ਕਰਦਿਆਂ ਨਿਖਿਲ ਗੁਪਤਾ ਨੇ ਭਾਰਤ ਦੀ ਆਜ਼ਾਦੀ ਦੇ ਨਾਇਕ ਮਹਾਤਮਾ ਗਾਂਧੀ ਵੱਲੋਂ ਦਿਖਾਏ ਗਏ ਅਹਿੰਸਾ ਦੇ ਮਾਰਗ ਤੋਂ ਭਟਕਣ ’ਤੇ ਡੂੰਘਾ ਅਫ਼ਸੋਸ ਪ੍ਰਗਟ ਕੀਤਾ। ਗੁਪਤਾ ਨੇ ਕਿਹਾ, “ਮੈਂ ਸ੍ਰੀ ਪੰਨੂ ਤੋਂ ਮੁਆਫ਼ੀ ਮੰਗਦਾ ਹਾਂ, ਮੈਂ ਉਨ੍ਹਾਂ ਭਾਈਚਾਰਿਆਂ ਤੋਂ ਮੁਆਫ਼ੀ ਮੰਗਦਾ ਹਾਂ ਜਿਨ੍ਹਾਂ ਨੂੰ ਮੈਂ ਠੇਸ ਪਹੁੰਚਾਈ ਹੈ ਅਤੇ ਮੈਂ ਆਪਣੇ ਪਰਿਵਾਰ ਤੋਂ ਵੀ ਮੁਆਫ਼ੀ ਮੰਗਦਾ ਹਾਂ।” ਦੂਜੇ ਪਾਸੇ, ਗੁਰਪਤਵੰਤ ਸਿੰਘ ਪੰਨੂ ਨੇ ਅਦਾਲਤ ਵਿੱਚ ਕਿਹਾ ਕਿ ਉਹ ਗੁਪਤਾ ਖ਼ਿਲਾਫ਼ ਮੁਕੱਦਮਾ ਚਲਾਉਣ ਲਈ ਅਮਰੀਕਾ ਦਾ ਧੰਨਵਾਦੀ ਹੈ ਅਤੇ ਉਹ ਭਵਿੱਖ ਵਿੱਚ ਵੀ ਆਪਣੀ ਮੁਹਿੰਮ ਜਾਰੀ ਰੱਖੇਗਾ।