
ਯੂਕਰੇਨ ਨੇ ਲੀਬੀਆ ਦੇ ਤੱਟ ਨੇੜੇ ਦੋ ਰੂਸੀ ਜਹਾਜ਼ਾਂ ‘ਤੇ ਸਮੁੰਦਰੀ ਡਰੋਨਾਂ ਨਾਲ ਹਮਲਾ ਕਰਨ ਦੀ ਪੁਸ਼ਟੀ ਕੀਤੀ ਹੈ। ਇਸ ਕਾਰਵਾਈ ਵਿੱਚ ਰੂਸ ਦੇ ਸਭ ਤੋਂ ਨਵੇਂ ਜੰਗੀ ਜਹਾਜ਼ਾਂ ਵਿੱਚੋਂ ਇੱਕ, ‘ਮਰਕਰੀ’ (Merkury) ਕਾਰਵੇਟ ਜੰਗੀ ਜਹਾਜ਼ ਡੁੱਬ ਗਿਆ ਹੈ। ਯੂਕਰੇਨ ਦੀ ਸੁਰੱਖਿਆ ਸੇਵਾ (SBU) ਮੁਤਾਬਕ, ਇਹ ਕਾਰਵਾਈ ਐਤਵਾਰ ਨੂੰ ਬੈਂਗਾਜ਼ੀ (Benghazi) ਨੇਵਲ ਬੇਸ ਨੇੜੇ ਕੀਤੀ ਗਈ, ਜਿੱਥੇ ਇੱਕ ਮਦਰਸ਼ਿਪ ਤੋਂ ਦੇਸ਼ ਵਿੱਚ ਹੀ ਬਣੇ ਸੱਤ ਸਮੁੰਦਰੀ ਡਰੋਨ ਦਾਗੇ ਗਏ। ਯੂਕਰੇਨੀ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਇਸ ਮੁਹਿੰਮ ਨੂੰ “ਬੇਮਿਸਾਲ” ਦੱਸਿਆ ਹੈ ਅਤੇ ਕਿਹਾ ਹੈ ਕਿ ਯੂਕਰੇਨ ਰੂਸੀ ਹਮਲਾਵਰ ਕਾਰਵਾਈ ਦਾ ਜਵਾਬ ਦੇ ਰਿਹਾ ਹੈ ਅਤੇ ਆਪਣੇ ਹਥਿਆਰ ਖੁਦ ਵਿਕਸਤ ਕਰ ਰਿਹਾ ਹੈ। ਜ਼ੇਲੇਂਸਕੀ ਵੱਲੋਂ ਜਾਰੀ ਕੀਤੀ ਗਈ ਵੀਡੀਓ ਫੁਟੇਜ ਵਿੱਚ ਡਰੋਨਾਂ ਨੂੰ ਜੰਗੀ ਜਹਾਜ਼ ਨਾਲ ਟਕਰਾਉਂਦੇ ਅਤੇ ਵੱਡੇ ਧਮਾਕੇ ਹੁੰਦੇ ਦੇਖਿਆ ਜਾ ਸਕਦਾ ਹੈ।
ਜ਼ੇਲੇਂਸਕੀ ਨੇ ਇਹ ਵੀ ਦੱਸਿਆ ਕਿ ਦੂਜਾ ਨਿਸ਼ਾਨਾ ਬਣਾਇਆ ਗਿਆ ਜਹਾਜ਼ ‘MV Angara’ ਨਾਮਕ ਸੁੱਕੇ ਮਾਲ ਵਾਲਾ ਜਹਾਜ਼ ਸੀ, ਜਿਸ ਦੀ ਵਰਤੋਂ ਰੂਸ ਵੱਲੋਂ ਹਥਿਆਰ ਢੋਣ ਲਈ ਕੀਤੀ ਜਾ ਰਹੀ ਸੀ। ਖ਼ਾਸ ਗੱਲ ਇਹ ਹੈ ਕਿ ਇਹ ਹਮਲਾ ਯੂਕਰੇਨ ਦੇ ਮੋਰਚੇ ਤੋਂ ਲਗਭਗ 1,500 ਮੀਲ ਯਾਨੀ 2,400 ਕਿਲੋਮੀਟਰ ਦੂਰ ਕੀਤਾ ਗਿਆ, ਜੋ ਯੂਕਰੇਨ ਦੀ ਲੰਬੀ ਦੂਰੀ ਦੀ ਸਮਰੱਥਾ ਨੂੰ ਦਰਸਾਉਂਦਾ ਹੈ। ਇੰਸਟੀਚਿਊਟ ਫ਼ਾਰ ਦ ਸਟੱਡੀ ਆਫ਼ ਵਾਰ (ISW) ਮੁਤਾਬਕ, ‘ਮਰਕਰੀ’ ਜਹਾਜ਼ ਰੂਸ ਅਤੇ ਪੂਰਬੀ ਲੀਬੀਆ ਵਿਚਕਾਰ ਹੋਏ ਸਹਿਯੋਗ ਸਮਝੌਤੇ ਤਹਿਤ ਬਾਲਣ ਅਤੇ ਰਸਦ ਲੈਣ ਲਈ ਉੱਥੇ ਰੁਕਿਆ ਹੋਇਆ ਸੀ। ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਇਸ ਜਹਾਜ਼ ਵਿੱਚ ਨਿੱਜੀ ਦਿਲਚਸਪੀ ਲੈਂਦੇ ਰਹੇ ਹਨ ਅਤੇ ਰੂਸੀ ਮੀਡੀਆ ਇਸ ਨੂੰ ਆਧੁਨਿਕ ਮਿਜ਼ਾਈਲ ਕਾਰਵੇਟ ਵਜੋਂ ਪੇਸ਼ ਕਰਦਾ ਰਿਹਾ ਹੈ।
ਦੂਜੇ ਪਾਸੇ, ਤ੍ਰਿਪੋਲੀ ਸਥਿਤ ਲੀਬੀਆ ਦੀ ਸੰਯੁਕਤ ਰਾਸ਼ਟਰ-ਮਾਨਤਾ ਪ੍ਰਾਪਤ ਸਰਕਾਰ ਨੇ ਆਪਣੇ ਜਲ ਖੇਤਰ ਵਿੱਚ ਕਿਸੇ ਵੀ ਵਿਦੇਸ਼ੀ ਫ਼ੌਜੀ ਕਾਰਵਾਈ ਦੀ ਨਿਖੇਧੀ ਕੀਤੀ ਹੈ, ਜਦਕਿ ਲੀਬੀਆ ਵਿੱਚ ਸੰਯੁਕਤ ਰਾਸ਼ਟਰ ਮਿਸ਼ਨ (UNSMIL) ਨੇ ਹਮਲੇ ‘ਤੇ ਚਿੰਤਾ ਪ੍ਰਗਟਾਉਂਦਿਆਂ ਸੁਤੰਤਰ ਅਤੇ ਪਾਰਦਰਸ਼ੀ ਜਾਂਚ ਦੀ ਮੰਗ ਕੀਤੀ ਹੈ। ਫਿਲਹਾਲ ਰੂਸ ਵੱਲੋਂ ਇਸ ਹਮਲੇ ਬਾਰੇ ਕੋਈ ਅਧਿਕਾਰਤ ਟਿੱਪਣੀ ਸਾਹਮਣੇ ਨਹੀਂ ਆਈ।