ਮੁਆਏ ਥਾਈ ਮੁਕਾਬਲੇ ਦੌਰਾਨ ਸੱਟ ਲੱਗਣ ਕਾਰਨ ਨੌਜਵਾਨ ਪ੍ਰਭਜੋਤ ਸਿੰਘ ਮਾਨ ਦਾ ਦੇਹਾਂਤ, 30 ਤਰੀਕ ਨੂੰ ਫਰੈਜ਼ਨੋ ਵਿਖੇ ਹੋਵੇਗਾ ਅੰਤਿਮ ਸੰਸਕਾਰ
ਪੰਜਾਬੀ ਰੇਡੀਓ ਯੂਐੱਸਏ ਦੇ ਪ੍ਰਸਾਰਣ ਅਨੁਸਾਰ, ਜਕਾਰਾ ਮੂਵਮੈਂਟ ਅਤੇ ਕਮਿਊਨਿਟੀ ਕਾਰਜਾਂ ਨਾਲ ਜੁੜੇ 25 ਸਾਲਾ ਹੋਣਹਾਰ ਨੌਜਵਾਨ ਪ੍ਰਭਜੋਤ ਸਿੰਘ ਮਾਨ ਦਾ ਦੇਹਾਂਤ ਹੋ ਗਿਆ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਉਹ ਸਪੇਨ ਵਿਖੇ ਮੁਆਏ ਥਾਈ ਮਾਰਸ਼ਲ ਆਰਟ ਖੇਡਣ ਗਿਆ ਸੀ, ਜਿੱਥੇ ਲਗਾਤਾਰ ਦੋ ਮੁਕਾਬਲਿਆਂ ਦੌਰਾਨ ਉਸ ਦੇ ਸਿਰ ‘ਤੇ ਗੰਭੀਰ ਸੱਟ ਲੱਗ ਗਈ ਅਤੇ ਉਹ ਕੋਲੈਪਸ ਹੋ ਗਿਆ।
ਸਪੇਨ ਵਿੱਚ ਸ਼ੁਰੂਆਤੀ ਇਲਾਜ ਤੋਂ ਬਾਅਦ ਪਰਿਵਾਰ ਅਤੇ ਭਾਈਚਾਰੇ ਦੇ ਯਤਨਾਂ ਸਦਕਾ ਉਸ ਨੂੰ ਏਅਰਲਿਫਟ ਕਰਕੇ ਸਟੈਨਫਰਡ ਲਿਆਂਦਾ ਗਿਆ ਸੀ, ਜਿੱਥੇ ਬ੍ਰੇਨ ਡੈੱਡ ਹੋਣ ਕਾਰਨ ਆਖ਼ਰਕਾਰ ਉਸ ਦੀ ਮੌਤ ਹੋ ਗਈ। ਪ੍ਰਭਜੋਤ ਸਿੰਘ ਮਾਨ ਭੰਗੜੇ, ਜੀ.ਐੱਸ.ਜੀ. ਅਤੇ ਭੁਝੰਗੀ ਕੈਂਪਾਂ ਸਮੇਤ ਸਿੱਖੀ ਗਤੀਵਿਧੀਆਂ ਨਾਲ ਸਰਗਰਮੀ ਨਾਲ ਜੁੜਿਆ ਹੋਇਆ ਸੀ। ਉਸ ਦੇ ਪਰਿਵਾਰ ਵੱਲੋਂ ਸੰਗਤ ਦੇ ਨਾਮ ਪੱਤਰ ਲਿਖ ਕੇ ਔਖੀ ਘੜੀ ਵਿੱਚ ਮਿਲੇ ਸਹਿਯੋਗ ਲਈ ਕਮਿਊਨਿਟੀ ਦਾ ਦਿਲੋਂ ਧੰਨਵਾਦ ਕੀਤਾ ਗਿਆ ਹੈ।
ਦਿੱਤੀ ਗਈ ਜਾਣਕਾਰੀ ਅਨੁਸਾਰ, ਆਉਂਦੇ ਸੋਮਵਾਰ 30 ਤਰੀਕ ਨੂੰ ਸ਼ਾਂਤ ਭਵਨ ਫਿਊਨਰਲ ਹੋਮ ਫਰੈਜ਼ਨੋ ਵਿਖੇ ਦੁਪਹਿਰ 12:00 ਤੋਂ 2:00 ਵਜੇ ਦਰਮਿਆਨ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ, ਜਿਸ ਉਪਰੰਤ ਗੁਰਦੁਆਰਾ ਸਾਹਿਬ ਸਿੱਖ ਇੰਸਟੀਚਿਊਟ ਫਰੈਜ਼ਨੋ ਵਿਖੇ ਅੰਤਿਮ ਅਰਦਾਸ ਹੋਵੇਗੀ।
