ਅਮਰੀਕਾ ਦੇ ਫਲੋਰੀਡਾ ਸੂਬੇ ‘ਚ ਭਾਰਤੀ ਮੂਲ ਦੇ ਇੱਕ ਬੰਦੇ ਨੂੰ ਅਮਰੀਕੀ ਬਜ਼ੁਰਗਾਂ ਨਾਲ ਧੋਖਾਧੜੀ ਦੇ ਨਾਲ ਜੁੜੇ ਇੱਕ ਮਾਮਲੇ ‘ਚ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ 18 ਸਾਲਾਂ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ | ਪੂਰਾ ਮਾਮਲਾ ਸੁਣ ਕੇ ਤੁਹਾਡੇ ਹੋਸ਼ ਉੱਡ ਜਾਣਗੇ, ਅਸਲ ‘ਚ 23 ਸਾਲਾ ਅਥਰਵ ਸ਼ੈਲੇਸ਼ ਸਾਥਵਨੇ ਨੂੰ ਵਾਇਰ ਧੋਖਾਧੜੀ ਅਤੇ ਮਨੀ ਲਾਂਡਰਿੰਗ ਦੀ ਸਾਜ਼ਿਸ਼ ਰਚਣ ਦੇ ਦੋਸ਼ਾਂ ਤਹਿਤ ਸੰਘੀ ਜੇਲ੍ਹ ਵਿੱਚ 18 ਸਾਲ ਗੁਜ਼ਾਰਨੇ ਪੈਣਗੇ ਕਿਉਂਕਿ ਉਸਨੇ ਇਸ ਸਕੀਮ ਤਹਿਤ ਬਜ਼ੁਰਗਾਂ ਦਾ ਲੱਖਾਂ ਡਾਲਰਾਂ ਦਾ ਸੋਨਾ ਅਤੇ ਨਗਦੀ ਚੋਰੀ ਕਰਕੇ ਉਹਨਾਂ ਨੂੰ ਚੂਨਾ ਲਗਾਇਆ ਸੀ | ਇਸ ਮਾਮਲੇ ਦੀ ਜਾਂਚ ਗੇਨਸਵਿਲ ਪੁਲਿਸ ਵਿਭਾਗ, ਸੰਘੀ ਜਾਂਚ ਬਿਊਰੋ, ਅਤੇ ਅੰਦਰੂਨੀ ਮਾਲੀਆ ਸੇਵਾ-ਅਪਰਾਧਿਕ ਦੁਆਰਾ ਕੀਤੀ ਗਈ ਸੀ |

ਫਲੋਰੀਡਾ ਦੇ ਅਟਾਰਨੀ ਜੌਨ ਪੀ. ਹੀਕਿਨ ਨੇ 26 ਜਨਵਰੀ ਨੂੰ ਅਥਰਵ ਸ਼ੈਲੇਸ਼ ਸਾਥਵਨੇ ਨੂੰ ਵਾਇਰ ਧੋਖਾਧੜੀ ਅਤੇ ਮਨੀ ਲਾਂਡਰਿੰਗ ਦੀ ਸਾਜ਼ਿਸ਼ ਰਚਣ ਦੇ ਦੋਸ਼ਾਂ ਵਿੱਚ ਦਿੱਤੀ 18 ਸਾਲ ਦੀ ਸਜ਼ਾ ਬਾਰੇ ਦੱਸਦਿਆਂ ਕਿਹਾ ਕਿ “ਅਸੀਂ ਉਨ੍ਹਾਂ ਅਪਰਾਧੀਆਂ ਨੂੰ ਬਰਦਾਸ਼ਤ ਨਹੀਂ ਕਰਾਂਗੇ ਜੋ ਸਾਡੇ ਨਾਗਰਿਕਾਂ ਦਾ ਸ਼ਿਕਾਰ ਕਰਦੇ ਹਨ।” ਅਟਾਰਨੀ ਜੌਨ ਪੀ. ਹੀਕਿਨ ਨੇ ਦੱਸਿਆ ਕਿ ਸਾਥਵਾਨੇ ਦੇ ਵਿਦਿਆਰਥੀ ਵੀਜ਼ੇ ਦੀ ਮਿਆਦ ਪੁੱਗ ਚੁੱਕੀ ਸੀ ਪਰ ਫਿਰ ਵੀ ਉਹ ਅਮਰੀਕਾ ‘ਚ ਰੁਕਿਆ ਹੋਇਆ ਸੀ ਇੱਕ ਤਰੀਕੇ ਨਾਲ ਗੈਰ-ਕਾਨੂੰਨੀ ਤੌਰ ‘ਤੇ ਦੇਸ਼ ਵਿੱਚ ਰਹਿ ਰਿਹਾ ਸੀ ਅਤੇ ਇੱਕ ਅੰਤਰਰਾਸ਼ਟਰੀ ਧੋਖਾਧੜੀ ਸਕੀਮ ਵਿੱਚ ਕੋਰੀਅਰ ਵਜੋਂ ਕੰਮ ਕਰਦਾ ਸੀ ਜੋ ਬਜ਼ੁਰਗ ਪੀੜਤਾਂ ਨੂੰ ਨਿਸ਼ਾਨਾ ਬਣਾਉਂਦੀ ਸੀ। ਇਸ ਸਕੀਮ ਦੇ ਹਿੱਸੇ ਵਜੋਂ, ਕਈ ਬਜ਼ੁਰਗ ਪੀੜਤਾਂ ਨੂੰ ਨਕਦੀ, ਸੋਨਾ, ਜਾਂ ਦੋਵੇਂ ਪ੍ਰਾਪਤ ਕਰਨ ਲਈ ਆਪਣੇ ਰਿਟਾਇਰਮੈਂਟ ਖਾਤਿਆਂ ਨੂੰ ਬੰਦ ਕਰਨ ਲਈ ਰਾਜ਼ੀ ਕੀਤਾ ਗਿਆ ਸੀ। ਸਾਥਵਾਨੇ ਹਰੇਕ ਪੀੜਤ ਕੋਲ ਵੱਡੀ ਮਾਤਰਾ ਵਿੱਚ ਨਕਦੀ ਅਤੇ ਸੋਨਾ ਲੈਣ ਲਈ ਜਾਂਦਾ ਸੀ, ਅਤੇ ਫਿਰ ਉਹ ਧੋਖਾਧੜੀ ਨਾਲ ਪ੍ਰਾਪਤ ਕੀਤੀ ਰਕਮ ਨੂੰ ਆਪਣੇ ਸਹਿ-ਸਾਜ਼ਿਸ਼ਕਾਰਾਂ ਨੂੰ ਪਹੁੰਚਾਉਂਦਾ ਸੀ, ਜਿਨ੍ਹਾਂ ਵਿੱਚੋਂ ਕੁਝ ਭਾਰਤ ਤੋਂ ਧੋਖਾਧੜੀ ਯੋਜਨਾ ਨੂੰ ਅੰਜਾਮ ਦੇ ਰਹੇ ਸਨ।

ਇਸਦਾ ਪਰਦਾਫਾਸ਼ ਉਦੋਂ ਹੋਇਆ ਜਦੋਂ ਇੱਕ ਬਜ਼ੁਰਗ ਪੀੜਤ ਨੂੰ ਸ਼ੱਕ ਹੋਇਆ ਕਿ ਇਹ ਸਕੀਮ ਇੱਕ ਘੁਟਾਲਾ ਹੈ, ਤਾਂ ਪੁਲਿਸ ਨੂੰ ਜਾਣਕਾਰੀ ਦੇ ਕੇ ਇੱਕ ਗੁਪਤ ਆਪ੍ਰੇਸ਼ਨ ਸ਼ੁਰੂ ਕੀਤਾ ਗਿਆ ਅਤੇ ਸਾਥਵਾਨੇ ਨੂੰ ਉਦੋਂ ਗ੍ਰਿਫ਼ਤਾਰ ਕਰ ਲਿਆ ਗਿਆ ਜਦੋਂ ਉਹ ਪੀੜਤ ਦੇ ਘਰ ਸੋਨਾ ਇਕੱਠਾ ਕਰਨ ਲਈ ਗਿਆ ਸੀ। ਜਾਂਚਕਰਤਾਵਾਂ ਨੇ ਬਾਅਦ ਵਿੱਚ ਉਸਦੇ ਸੈੱਲਫੋਨ ਦੀ ਤਲਾਸ਼ੀ ਲਈ, ਜਿਸ ਨਾਲ ਬਜ਼ੁਰਗਾਂ ਦੀ ਇੱਕ ਵੱਡੀ ਧੋਖਾਧੜੀ ਕਾਰਵਾਈ ਵਿੱਚ ਉਸਦੇ ਰੋਲ ਬਾਰੇ ਖੁਲਾਸਾ ਹੋਇਆ। ਫੋਰੈਂਸਿਕ ਜਾਂਚ ਤੋਂ ਇਹ ਗੱਲ ਸਾਹਮਣੇ ਆਈ ਕਿ ਉਹ ਕੰਮ ਤਾਂ ਫਲੋਰੀਡਾ ਵਿੱਚ ਕਰਦਾ ਸੀ, ਪਰ ਉਸਨੇ ਪੈਸੇ ਪ੍ਰਾਪਤ ਕਰਨ ਅਤੇ ਸਹਿ-ਸਾਜ਼ਿਸ਼ਕਾਰਾਂ ਨੂੰ ਪਹੁੰਚਾਉਣ ਲਈ ਪੈਨਸਿਲਵੇਨੀਆ, ਵਰਜੀਨੀਆ, ਨਿਊ ਜਰਸੀ ਅਤੇ ਨਿਊਯਾਰਕ ਦੇ ਟੂਰ ਵੀ ਕੀਤੇ ਸਨ। ਸਾਥਵਾਨੇ ਨੇ ਬਜ਼ੁਰਗ ਪੀੜਤਾਂ ਤੋਂ ਨਿੱਜੀ ਤੌਰ ‘ਤੇ 6.6 ਮਿਲੀਅਨ ਡਾਲਰ ਨਕਦੀ ਅਤੇ ਸੋਨਾ ਲਿਆ, ਬਾਅਦ ‘ਚ ਉਸਨੇ ਦੋ ਬਜ਼ੁਰਗ ਪੀੜਤਾਂ ਤੋਂ 1.36 ਮਿਲੀਅਨ ਡਾਲਰ ਵਾਧੂ ਸੋਨਾ ਇਕੱਠਾ ਕਰਨ ਦੀ ਕੋਸ਼ਿਸ਼ ਵੀ ਕੀਤੀ, ਪਰ ਉਨ੍ਹਾਂ ਕੋਸ਼ਿਸ਼ਾਂ ਨੂੰ ਅਸਫਲ ਕਰ ਦਿੱਤਾ ਗਿਆ ਸੀ |