
ਅਮਰੀਕਾ ਦੇ ਨਿਊ ਜਰਸੀ ‘ਚ ਓਕ ਟ੍ਰੀ ਰੋਡ (Oak Tree Road) ‘ਤੇ ਸਥਿਤ ਇਕ ਭਾਰਤੀ ਜਿਊਲਰੀ ਸਟੋਰ ਵਿੱਚ ਮਹਿਜ਼ 1 ਮਿੰਟ ਦੇ ਅੰਦਰ 10 ਲੱਖ ਡਾਲਰ (ਲਗਭਗ 8.3 ਕਰੋੜ ਰੁਪਏ) ਦੇ ਗਹਿਣਿਆਂ ਦੀ ਵੱਡੀ ਲੁੱਟ ਹੋਈ ਹੈ। ਨਿਊ ਜਰਸੀ ਦੇ ਮਸ਼ਹੂਰ ਭਾਰਤੀ ਬਾਜ਼ਾਰ ਓਕ ਟ੍ਰੀ ਰੋਡ ‘ਤੇ ਸਥਿਤ ‘9Lakha’ ਨਾਮ ਦੇ ਜਿਊਲਰੀ ਸਟੋਰ ‘ਚ ਸ਼ਨੀਵਾਰ ਸ਼ਾਮ ਨੂੰ ਚਾਰ ਨਕਾਬਪੋਸ਼ ਲੁਟੇਰਿਆਂ ਨੇ ਇਸ ਸਨਸਨੀਖੇਜ਼ ਵਾਰਦਾਤ ਨੂੰ ਅੰਜਾਮ ਦਿੱਤਾ।
ਸੀਸੀਟੀਵੀ (CCTV) ਫੁਟੇਜ ਮੁਤਾਬਕ, ਇਕ SUV ਗੱਡੀ ਦੁਕਾਨ ਦੇ ਬਾਹਰ ਆ ਕੇ ਰੁਕਦੀ ਹੈ ਅਤੇ ਚਾਰ ਨਕਾਬਪੋਸ਼ ਵਿਅਕਤੀ ਹੱਥਾਂ ‘ਚ ਹਥੌੜੇ ਅਤੇ ਵੱਡੇ ਪਲਾਸਟਿਕ ਦੇ ਬੈਗ ਲੈ ਕੇ ਅੰਦਰ ਦਾਖਲ ਹੁੰਦੇ ਹਨ। ਲੁਟੇਰਿਆਂ ਨੇ ਆਉਂਦੇ ਹੀ ਹਥੌੜਿਆਂ ਨਾਲ ਸ਼ੀਸ਼ੇ ਦੇ ਡਿਸਪਲੇ ਕੇਸ ਭੰਨ ਦਿੱਤੇ ਅਤੇ ਗਹਿਣਿਆਂ ਦੀਆਂ ਟਰੇਆਂ ਸਮੇਤ ਸਾਰਾ ਸਮਾਨ ਬੈਗਾਂ ‘ਚ ਭਰਨਾ ਸ਼ੁਰੂ ਕਰ ਦਿੱਤਾ। ਦੁਕਾਨ ਦੇ ਮਾਲਕ ਸੋਨੂ ਚੌਹਾਨ ਨੇ ਦੱਸਿਆ ਕਿ ਲੁਟੇਰੇ ਵੱਡੇ ਪਲਾਸਟਿਕ ਦੇ ਬੈਗ ਲੈ ਕੇ ਆਏ ਸਨ ਟਰੇਆਂ ਸਮੇਤ ਹੀ ਸਾਰਾ ਸਮਾਨ ਬੈਗਾਂ ‘ਚ ਪਾਉਣ ਲੱਗੇ। ਮਹਿਜ਼ 30 ਤੋਂ 45 ਸੈਕੰਡਾਂ ਦੇ ਅੰਦਰ ਉਹ ਪੂਰੀ ਦੁਕਾਨ ਸਾਫ਼ ਕਰਕੇ ਬਾਹਰ ਖੜ੍ਹੀ ਗੱਡੀ ‘ਚ ਬੈਠ ਕੇ ਫਰਾਰ ਹੋ ਗਏ। ਜ਼ਿਕਰਯੋਗ ਹੈ ਕਿ ਇਹ ਇਲਾਕਾ ਭਾਰਤੀ ਜਿਊਲਰੀ ਸਟੋਰਾਂ ਲਈ ਜਾਣਿਆ ਜਾਂਦਾ ਹੈ ਅਤੇ ਪਹਿਲਾਂ ਵੀ ਇੱਥੇ ਕਈ ਹੋਰ ਭਾਰਤੀ ਸਟੋਰਾਂ ਨੂੰ ਨਿਸ਼ਾਨਾ ਬਣਾਇਆ ਜਾ ਚੁੱਕਾ ਹੈ। ਪੁਲਿਸ ਫਿਲਹਾਲ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਸੀਸੀਟੀਵੀ ਦੇ ਆਧਾਰ ‘ਤੇ ਮੁਲਜ਼ਮਾਂ ਦੀ ਭਾਲ ਜਾਰੀ ਹੈ।