ਭਾਰਤ ਦੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਕਿਹਾ ਹੈ ਕਿ ਪਾਕਿਸਤਾਨ ਤੋਂ ਫੈਲ ਰਹੇ ਅੱਤਵਾਦ ਬਾਰੇ ਭਾਰਤ ਦੀਆਂ ਚਿੰਤਾਵਾਂ ਪ੍ਰਤੀ ਅਮਰੀਕਾ ਦੀ ਸੰਵੇਦਨਸ਼ੀਲਤਾ ਦੀ ਘਾਟ ਕਾਰਨ ਵਾਸ਼ਿੰਗਟਨ ਅਤੇ ਨਵੀਂ ਦਿੱਲੀ ਦੇ ਸਬੰਧਾਂ ਵਿੱਚ ਸਮੱਸਿਆ ਪੈਦਾ ਹੋ ਰਹੀ ਹੈ ਤੇ ਭਾਰਤ ਕਈ ਦਹਾਕਿਆਂ ਤੋਂ ਇੱਕ ਗੁਆਂਢੀ ਦੇਸ਼ ਵੱਲੋਂ ਇੱਕ ਸੋਚੀ-ਸਮਝੀ ਨੀਤੀ ਦੇ ਤਹਿਤ ਫੈਲਾਏ ਜਾ ਰਹੇ ਅੱਤਵਾਦ ਦਾ ਸਾਹਮਣਾ ਕਰ ਰਿਹਾ ਹੈ, ਜਿਸ ਕਾਰਨ ਇਹ ਮੁੱਦਾ ਨਵੀਂ ਦਿੱਲੀ ਲਈ ਬਹੁਤ ਮਹੱਤਵਪੂਰਨ ਹੈ।

ਜੈਸ਼ੰਕਰ ਨੇ ਇਹ ਟਿੱਪਣੀਆਂ ਨਿਊਯਾਰਕ ਵਿੱਚ ਭਾਰਤ-ਅਮਰੀਕਾ ਸਬੰਧਾਂ ਨੂੰ ਪ੍ਰਭਾਵਿਤ ਕਰਨ ਵਾਲੇ ਕਾਰਕਾਂ ਬਾਰੇ ਚਰਚਾ ਕਰਦਿਆਂ ਇੱਕ ਪ੍ਰੋਗਰਾਮ ਦੌਰਾਨ ਕੀਤੀਆਂ ਤੇ ਕਿਹਾ ਕਿ ਵਪਾਰ ਤੋਂ ਇਲਾਵਾ, ਅੱਤਵਾਦ ਨੂੰ ਲੈ ਕੇ ਭਾਰਤ ਦੀਆਂ ਚਿੰਤਾਵਾਂ ਪ੍ਰਤੀ ਅਮਰੀਕਾ ਦੀ ਸੰਵੇਦਨਸ਼ੀਲਤਾ ਦੀ ਘਾਟ ਇੱਕ ਹੋਰ ਮੁੱਖ ਕਾਰਕ ਹੈ ਜੋ ਦੋਵਾਂ ਦੇਸ਼ਾਂ ਦੇ ਸਬੰਧਾਂ ‘ਤੇ ਅਸਰ ਪਾ ਰਿਹਾ ਹੈ।ਉਨ੍ਹਾਂ ਕਿਹਾ, “ਸ਼ਾਇਦ ਬਹੁਤ ਘੱਟ ਅਜਿਹੇ ਦੇਸ਼ ਹਨ ਜਿਨ੍ਹਾਂ ਨੇ ਕਈ ਦਹਾਕਿਆਂ ਤੋਂ ਇੱਕ ਨਿਸ਼ਚਿਤ ਅਤੇ ਸੋਚੀ-ਸਮਝੀ ਨੀਤੀ ਦੇ ਤਹਿਤ ਆਪਣੇ ਗੁਆਂਢੀ ਤੋਂ ਉਸ ਤਰ੍ਹਾਂ ਦਾ ਅੱਤਵਾਦ ਹੰਢਾਇਆ ਹੈ ਜਿਵੇਂ ਅਸੀਂ ਸਹਿ ਰਹੇ ਹਾਂ।”

ਉਨ੍ਹਾਂ ਅੱਗੇ ਕਿਹਾ, “ਹੁਣ, ਜੇਕਰ ਕਿਸੇ ਅਜਿਹੇ ਮੁੱਦੇ ‘ਤੇ ਜੋ ਸਾਡੇ ਲਈ ਬਹੁਤ ਮਾਇਨੇ ਰੱਖਦਾ ਹੈ, ਲੋੜੀਂਦੀ ਸਮਝ, ਪ੍ਰਸ਼ੰਸਾ ਜਾਂ ਹਮਦਰਦੀ ਨਹੀਂ ਦਿਖਾਈ ਜਾਂਦੀ, ਤਾਂ ਮੈਨੂੰ ਲੱਗਦਾ ਹੈ ਕਿ ਇਹ ਇੱਕ ਸਮੱਸਿਆ ਪੈਦਾ ਕਰਦਾ ਹੈ। ਜੇਕਰ ਮੇਰੇ ਮੁੱਖ ਸਰੋਕਾਰਾਂ ਵਿੱਚੋਂ ਇੱਕ ਨੂੰ ਮੇਰੇ ਭਾਈਵਾਲ (ਪਾਰਟਨਰ) ਦੁਆਰਾ ਪੂਰੀ ਤਰ੍ਹਾਂ ਨਹੀਂ ਸਮਝਿਆ ਜਾਂਦਾ, ਤਾਂ ਸਪੱਸ਼ਟ ਤੌਰ ‘ਤੇ ਉਸ ਦਾ ਅਸਰ ਸਬੰਧਾਂ ‘ਤੇ ਪੈਂਦਾ ਹੈ।”

ਹਾਲਾਂਕਿ ਉਨ੍ਹਾਂ ਨੇ ਸਿੱਧੇ ਤੌਰ ‘ਤੇ ਪਾਕਿਸਤਾਨ ਦਾ ਨਾਂ ਨਹੀਂ ਲਿਆ, ਪਰ ਜੈਸ਼ੰਕਰ ਦਾ “ਇੱਕ ਗੁਆਂਢੀ” ਤੋਂ ਅੱਤਵਾਦ ਦਾ ਹਵਾਲਾ ਪਾਕਿਸਤਾਨ ਤੋਂ ਪੈਦਾ ਹੋਣ ਵਾਲੇ ਅੱਤਵਾਦ ਬਾਰੇ ਭਾਰਤ ਦੀਆਂ ਲੰਬੇ ਸਮੇਂ ਤੋਂ ਚੱਲੀਆਂ ਆ ਰਹੀਆਂ ਚਿੰਤਾਵਾਂ ਦੇ ਸੰਦਰਭ ਵਿੱਚ ਸੀ।

ਉਨ੍ਹਾਂ ਦੀਆਂ ਇਹ ਟਿੱਪਣੀਆਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪਾਕਿਸਤਾਨ ਨਾਲ ਨਜ਼ਦੀਕੀ ਸਬੰਧਾਂ ਦੀ ਆਲੋਚਨਾ ਦੇ ਬਰਾਬਰ ਸਨ, ਜਿਨ੍ਹਾਂ ਬਾਰੇ ਜੈਸ਼ੰਕਰ ਨੇ ਕਿਹਾ ਕਿ ਇਹ ਅੱਤਵਾਦ ‘ਤੇ ਭਾਰਤ ਦੀਆਂ ਚਿੰਤਾਵਾਂ ਨੂੰ ਧਿਆਨ ਵਿੱਚ ਨਹੀਂ ਰੱਖਦੇ।