FBI ਜੋ ਕਿ ਅਮਰੀਕਾ ਦੀ ਇੱਕ ਪ੍ਰਮੁੱਖ ਜਾਂਚ ਏਜੰਸੀ ਹੈ ਨੇ ਕਈ ਕਥਿਤ ਵੱਡੇ ਅਪਰਾਧਾਂ ਵਿੱਚ ਨਾਮਜ਼ਦ ਕੀਤੇ ਹੋਏ ਭਾਰਤੀ ਮੂਲ ਦੇ ਸਤਿੰਦਰਜੀਤ ਸਿੰਘ ਉਰਫ਼ ਗੋਲਡੀ ਬਰਾੜ ਦੇ ਸਿਰ ’ਤੇ ਪਹਿਲਾਂ ਤੋਂ ਰੱਖਿਆ ਇਨਾਮ 1 ਲੱਖ ਡਾਲਰ ਤੋਂ ਵਧਾ ਕੇ 10 ਲੱਖ ਡਾਲਰ ਕਰਨ ਦਾ ਐਲਾਨ ਕੀਤਾ ਹੈ।ਹੁਣ ਉਸ ਉੱਤੇ ਜੂਨ 2023 ਵਿੱਚ ਸਰੀ ਦੇ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਵਿੱਚ ਮਾਰੇ ਗਏ ਭਾਈ ਹਰਦੀਪ ਸਿੰਘ ਨਿੱਝਰ ਦੇ ਕਤਲ ਦੀ ਸਾਜ਼ਿਸ਼ ਦਾ ਵੀ ਦੋਸ਼ ਲੱਗਿਆ ਹੈ ਤੇ ਜ਼ਿਕਰ ਕਰ ਦੇਈਏ ਕਿ ਜਦੋਂ ਭਾਈ ਹਰਦੀਪ ਨਿੱਝਰ ਦਾ ਕਤਲ ਕੀਤਾ ਗਿਆ ਉਸ ਸਮੇਂ ਨਿੱਝਰ ਉਸੇ ਗੁਰਦੁਆਰਾ ਕਮੇਟੀ ਦਾ ਪ੍ਰਧਾਨ ਸੀ। ਇਸ ਮਾਮਲੇ ‘ਚ ਕਾਰਵਾਈ ਕਰਦਿਆਂ ਕੈਨੇਡਾ ਪੁਲੀਸ ਵੱਲੋਂ ਉਸ ਕਤਲ ਦੇ ਦੋਸ਼ ਵਿੱਚ ਤਿੰਨ ਜਣਿਆਂ ਨੂੰ ਗ੍ਰਿਫ਼ਤਾਰ ਕਰਕੇ ਦੋਸ਼ ਆਇਦ ਕੀਤੇ ਗਏ ਸਨ ਅਤੇ ਮਾਮਲਾ ਅਦਾਲਤੀ ਸੁਣਵਾਈ ਅਧੀਨ ਹੈ।

Los Angeles ‘ਚ FBI ਦੇ ਸਹਾਇਕ ਨਿਰਦੇਸ਼ਕ ਪੈਟਰਿਕ ਗਰੈਂਡੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਭਾਰਤ ਦੇ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਸਾਥੀ ਸਤਿੰਦਰਜੀਤ ਸਿੰਘ, ਜਿਸ ਨੂੰ ਆਮ ਕਰਕੇ ਗੋਲਡੀ ਬਰਾੜ ਵਜੋਂ ਜਾਣਿਆ ਜਾਂਦਾ ਹੈ, ਵੱਲੋਂ ਉੱਤਰੀ ਅਮਰੀਕਾ (ਯਾਨੀ ਅਮਰੀਕਾ ਅਤੇ ਕੈਨੇਡਾ) ਵਿੱਚ ਭਾੜੇ ਦੇ ਕਤਲ, ਲੁੱਟਾਂ ਅਤੇ ਫਿਰੌਤੀਆਂ ਦੇ ਦਹਿਸ਼ਤ ਦੀ ਸ਼ੁਰੂਆਤ ਕਰਨ ਕਰਕੇ ਉਸ ਨੂੰ ਅਮਰੀਕਾ ਦੀ 10 ਮੋਸਟ ਵਾਂਟੇਡ ਸੂਚੀ ਵਿੱਚ ਸ਼ਾਮਲ ਕਰ ਦਿੱਤਾ ਗਿਆ ਹੈ ਅਤੇ ਕੋਈ ਵੀ ਸੂਚਨਾਕਾਰ, ਜੋ ਉਸ ਦੀ ਗ੍ਰਿਫ਼ਤਾਰੀ ਵਿੱਚ ਮਦਦ ਕਰੇਗਾ, ਉਸ ਨੂੰ ਐਲਾਨਿਆ ਗਿਆ ਇਨਾਮ ਦਿੱਤਾ ਜਾਵੇਗਾ। ਉਸ ਨੇ ਕਿਹਾ ਕਿ ਗੋਲਡੀ ਬਰਾੜ ਨੂੰ ਫੜਨਾ ਉਨ੍ਹਾਂ ਦੀ ਪਹਿਲ ਵਿੱਚ ਸ਼ਾਮਲ ਹੋ ਗਿਆ ਹੈ ਤੇ ਇਸ ਅਧਿਕਾਰੀ ਨੇ ਇਹ ਵੀ ਦੱਸਿਆ ਕਿ ਭਾਰਤ ਦੀ ਜੇਲ੍ਹ ਵਿੱਚ ਬੈਠੇ ਲਾਰੈਂਸ ਬਿਸ਼ਨੋਈ ਵੱਲੋਂ ਜੇਲ੍ਹ ਵਿੱਚੋਂ ਅਮਰੀਕਾ-ਕੈਨੇਡਾ ਲਈ ਥਾਪੇ ਗਏ ਆਪਣੇ ਸਾਥੀ ਗੋਲਡੀ ਨੂੰ ਅਪਰਾਧ ਕਰਨ ਦੀ ਸੂਚੀ ਭੇਜੀ ਜਾਂਦੀ ਹੈ। ਇਸੇ ਪੱਤਰਕਾਰ ਸੰਮੇਲਨ ਮੌਕੇ ਕੈਨੇਡਾ ਪੁਲੀਸ ਦੀ ਉਪ ਕਮਿਸ਼ਨਰ ਲੀਜ਼ਾ ਮੋਰਲੈਂਡ ਵੀ ਹਾਜ਼ਰ ਸੀ। ਕੈਨੇਡਾ ਵੱਲੋਂ ਪਿਛਲੇ ਸਾਲ ਬਿਸ਼ਨੋਈ ਗੈਂਗ ਅਤਿਵਾਦੀ ਸੰਗਠਨ ਐਲਾਨਿਆ ਗਿਆ ਸੀ। ਪੁਲੀਸ ਅਧਿਕਾਰੀ ਅਨੁਸਾਰ ਗੋਲਡੀ ਦੇ ਅਮਰੀਕਾ ਦੇ ਕੈਲੀਫ਼ੋਰਨੀਆ ਸੂਬੇ ਵਿੱਚ ਕਿਸੇ ਥਾਂ ਜਾਂ ਕੈਨੇਡਾ ਦੇ ਕਿਸੇ ਗੁਪਤ ਠਿਕਾਣੇ ’ਤੇ ਹੋਣ ਦੀਆਂ ਸੂਚਨਾਵਾਂ ਹਨ।