ਅਲਬਰਟਾ ਦੇ ਵੋਟਰਾਂ ਨੇ ਸੋਮਵਾਰ ਨੂੰ ਹੋਏ ਰੈਫਰੈਂਡਮ ਦੇ ਸ਼ੁਰੂਆਤੀ ਰੁਝਾਨਾਂ ਮੁਤਾਬਕ ਕੈਨੇਡਾ ਦਾ ਹਿੱਸਾ ਬਣੇ ਰਹਿਣ ਦਾ ਫੈਸਲਾ ਕੀਤਾ ਹੈ। ਸਿਆਸੀ ਆਗੂਆਂ ਨੇ ਇਸ ਫੈਸਲੇ ਨੂੰ ਕੈਨੇਡਾ ਦੀ ਏਕਤਾ ਲਈ ਇੱਕ ਵੱਡੀ ਜਿੱਤ ਕਰਾਰ ਦਿੱਤਾ ਹੈ। ਮੰਗਲਵਾਰ ਸਵੇਰੇ ਆਏ ਸ਼ੁਰੂਆਤੀ ਨਤੀਜਿਆਂ ਅਨੁਸਾਰ, 76 ਫੀਸਦੀ ਵੋਟਰਾਂ ਨੇ ਕੈਨੇਡਾ ਵਿੱਚ ਹੀ ਬਣੇ ਰਹਿਣ ਦੇ ਹੱਕ ਵਿੱਚ ਵੋਟ ਪਾਈ, ਜਦੋਂ ਕਿ ਲਗਭਗ 23 ਫੀਸਦੀ ਲੋਕਾਂ ਨੇ ਵੱਖ ਹੋਣ ਲਈ ਕਾਨੂੰਨੀ ਪ੍ਰਕਿਰਿਆ ਸ਼ੁਰੂ ਕਰਨ ਦੇ ਪੱਖ ਵਿੱਚ ਵੋਟ ਦਿੱਤੀ।
ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਮੰਗਲਵਾਰ ਨੂੰ ਕਿਹਾ ਕਿ ਇਨ੍ਹਾਂ ਨਤੀਜਿਆਂ ਨੇ ਸਾਬਤ ਕਰ ਦਿੱਤਾ ਹੈ ਕਿ “ਅਲਬਰਟਾ ਦੇ ਲੋਕਾਂ ਨੇ ਕੈਨੇਡਾ ਨੂੰ ਚੁਣਿਆ ਹੈ।”
ਇਹ ਵੋਟਿੰਗ ਅਮਰੀਕਾ ਨਾਲ ਚੱਲ ਰਹੀ ਵਪਾਰਕ ਜੰਗ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟੰਪ ਵੱਲੋਂ ਕੈਨੇਡਾ ਨੂੰ 51ਵਾਂ ਰਾਜ ਬਣਾਉਣ ਦੀਆਂ ਧਮਕੀਆਂ ਦੇ ਪਿਛੋਕੜ ਵਿੱਚ ਹੋਈ ਹੈ। ਪ੍ਰਧਾਨ ਮੰਤਰੀ ਕਾਰਨੀ ਨੇ ਇਸ ਦਾ ਡਟ ਕੇ ਮੁਕਾਬਲਾ ਕੀਤਾ ਹੈ, ਜਿਸ ਨਾਲ ਕੈਨੇਡਾ ਵਿੱਚ ਦੇਸ਼ਭਗਤੀ ਦੀ ਭਾਵਨਾ ਨੂੰ ਭਾਰੀ ਜਨਤਕ ਸਮਰਥਨ ਮਿਲਿਆ ਹੈ। ਵੋਟਿੰਗ ਤੋਂ ਪਹਿਲਾਂ, ਕਾਰਨੀ ਨੇ ਦੇਸ਼ ਦੇ ਬਾਹਰਲੀਆਂ ਉਨ੍ਹਾਂ ਤਾਕਤਾਂ ਨੂੰ ਲੈ ਕੇ ਚੇਤਾਵਨੀ ਦਿੱਤੀ ਸੀ ਜੋ “ਸਾਨੂੰ ਤੋੜਨਾ ਚਾਹੁੰਦੀਆਂ ਹਨ ਤਾਂ ਜੋ ਉਹ ਸਾਡੇ ਉੱਤੇ ਕਬਜ਼ਾ ਕਰ ਸਕਣ।”
ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਨੇ ਵੀ ਨਤੀਜਿਆਂ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਉਹ ਅੱਗੇ ਦੀ ਰਣਨੀਤੀ ਬਾਰੇ ਚਰਚਾ ਕਰਨ ਲਈ ਜਲਦੀ ਹੀ ਵੋਟਰਾਂ ਨੂੰ ਸੰਬੋਧਨ ਕਰਨਗੇ।
ਵੱਖਵਾਦੀ ਸਮੂਹ ‘ਲੈਟ ਅਲਬਰਟਾ ਡਿਸਾਈਡ’ (Let Alberta Decide) ਦੇ ਸਹਿ-ਚੇਅਰਮੈਨ ਕੀਥ ਵਿਲਸਨ ਨੇ ਕੈਨੇਡੀਅਨ ਬਰਾਡਕਾਸਟਿੰਗ ਕਾਰਪੋਰੇਸ਼ਨ (CBC) ਨੂੰ ਦੱਸਿਆ ਕਿ “ਕੈਨੇਡਾ ਵਿੱਚ ਅਲਬਰਟਾ ਦੇ ਭਵਿੱਖ ਨੂੰ ਲੈ ਕੇ ਗੱਲਬਾਤ… ਅੱਗੇ ਵੀ ਜਾਰੀ ਰਹੇਗੀ।”
