
ਬ੍ਰਿਟਿਸ਼ ਕੋਲੰਬੀਆ, ਕੈਨੇਡਾ ਵਿੱਚ ਇੱਕ ਹਾਈਵੇਅ ‘ਤੇ ਹੋਈ ਆਹਮੋ-ਸਾਹਮਣੇ ਦੀ ਭਿਆਨਕ ਟੱਕਰ ਦੌਰਾਨ ਭਾਰਤੀ ਮੂਲ ਦੇ ਇੱਕ ਨੌਜਵਾਨ ਦੀ ਮੌਤ ਹੋ ਗਈ, ਜਦਕਿ ਉਸ ਨਾਲ ਸਫ਼ਰ ਕਰ ਰਹੇ ਤਿੰਨ ਹੋਰ ਵਿਅਕਤੀ ਜ਼ਖ਼ਮੀ ਹੋ ਗਏ, ਜਿਨ੍ਹਾਂ ਵਿੱਚੋਂ ਦੋ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਇਹ ਹਾਦਸਾ ਸ਼ਨੀਵਾਰ ਨੂੰ Merritt ਨੇੜੇ ਵਾਪਰਿਆ।
ਮ੍ਰਿਤਕ ਦੀ ਪਛਾਣ ਜਸਕੀਰਤ ਸਿੰਘ ਨੌਖਰੀਆ (24) ਵਜੋਂ ਹੋਈ ਹੈ, ਜੋ ਸਾਲ 2024 ਵਿੱਚ ਕੈਨੇਡਾ ਗਿਆ ਸੀ। ਕੈਨੇਡੀਅਨ ਮੀਡੀਆ ਰਿਪੋਰਟਾਂ ਅਤੇ ਗੋਫੰਡਮੀ (GoFundMe) ਦੇ ਪ੍ਰਤੀਨਿਧ ਅਨੁਸਾਰ, ਜਸਕੀਰਤ ਸਿੰਘ ਨੂੰ ਪਿਛਲੇ ਹਫ਼ਤੇ ਹੀ ਪੱਕੀ ਰਿਹਾਇਸ਼ (Permanent Residency – PR) ਦੀ ਮਨਜ਼ੂਰੀ ਮਿਲੀ ਸੀ।
ਪੁਲਿਸ ਨੂੰ ਗਵਾਹਾਂ ਨੇ ਦੱਸਿਆ ਕਿ ਜਸਕੀਰਤ ਸਿੰਘ ਲੈਕ ਲੇ ਜਿਊਨ (Lac Le Jeune) ਨੇੜੇ ਹਾਈਵੇਅ 5 (ਜਿਸ ਨੂੰ ਕੋਕੀਹਾਲਾ ਹਾਈਵੇਅ ਵੀ ਕਿਹਾ ਜਾਂਦਾ ਹੈ) ‘ਤੇ ਚਿੱਟੇ ਰੰਗ ਦੀ Toyota RAV4 ਗੱਡੀ ਚਲਾ ਰਿਹਾ ਸੀ, ਜਦੋਂ ਉੱਪਰੋਂ ਇੱਕ ਕਾਲੇ ਰੰਗ ਦੀ ਟੋਯੋਟਾ ਟਾਕੋਮਾ (Toyota Tacoma) ਪਿਕਅੱਪ ਟਰੱਕ ਗਲਤ ਦਿਸ਼ਾ ਤੋਂ ਹਾਈਵੇਅ ਵਿੱਚ ਦਾਖ਼ਲ ਹੋ ਗਿਆ ਅਤੇ ਉਸਦੀ ਗੱਡੀ ਨਾਲ ਟਕਰਾ ਗਿਆ। ਪੁਲਿਸ ਨੇ ਦੱਸਿਆ ਕਿ ਹਾਦਸੇ ਤੋਂ ਪਹਿਲਾਂ ਉਨ੍ਹਾਂ ਨੂੰ ਉੱਤਰ ਵੱਲ ਜਾਣ ਵਾਲੀਆਂ ਲੇਨਾਂ ਵਿੱਚ ਦੱਖਣ ਵੱਲ ਗੱਡੀ ਚਲਾਉਣ ਬਾਰੇ ਕਈ ਸ਼ਿਕਾਇਤਾਂ ਮਿਲੀਆਂ ਸਨ। ਅਧਿਕਾਰੀ ਸਵੇਰੇ ਕਰੀਬ 8:30 ਵਜੇ ਮੌਕੇ ‘ਤੇ ਪਹੁੰਚੇ।
ਜਸਕੀਰਤ ਨਾਲ ਗੱਡੀ ਵਿੱਚ ਸਫ਼ਰ ਕਰ ਰਹੇ ਤਿੰਨੋਂ ਯਾਤਰੀਆਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ, ਜਿਨ੍ਹਾਂ ਵਿੱਚੋਂ ਦੋ ਦੀ ਹਾਲਤ ਨਾਜ਼ੁਕ ਹੈ। ਕਾਰ ਵਿੱਚ ਸਵਾਰ ਚਾਰੇ ਲੋਕਾਂ ਦੀ ਉਮਰ 24 ਤੋਂ 38 ਸਾਲ ਦੇ ਵਿਚਕਾਰ ਸੀ।
ਪਿਕਅੱਪ ਟਰੱਕ ਦਾ 22 ਸਾਲਾ ਡਰਾਈਵਰ, ਜੋ ਕਿ ਕੋਲਡਵਾਟਰ ਦਾ ਰਹਿਣ ਵਾਲਾ ਹੈ, ਉਸ ਟਰੱਕ ਵਿੱਚ ਇਕੱਲਾ ਹੀ ਸਵਾਰ ਸੀ। ਉਸ ਨੂੰ ਮਾਮੂਲੀ ਸੱਟਾਂ ਲੱਗੀਆਂ ਅਤੇ ਸ਼ਰਾਬ/ਨਸ਼ੇ ਦੀ ਹਾਲਤ ਵਿੱਚ ਗੱਡੀ ਚਲਾਉਣ ਦੇ ਸ਼ੱਕ ਹਿਰਾਸਤ ਵਿੱਚ ਲੈ ਲਿਆ ਗਿਆ ਹੈ।