
ਸਪੇਨ ਦੇ ਤੋਲੇਦੋ ਸੂਬੇ ਵਿੱਚ ਬੁੱਧਵਾਰ ਨੂੰ ਦੋ ਰੇਲਗੱਡੀਆਂ ਵਿਚਾਲੇ ਹੋਈ ਟੱਕਰ ਕਰਕੇ ਇੱਕ ਦਰਦਨਾਕ ਹਾਦਸਾ ਵਾਪਰ ਗਿਆ ਹੈ ਜਿਸ ਵਿਚ ਪਤਾ ਲੱਗਿਆ ਹੈ ਕਿ ਘੱਟੋ-ਘੱਟ 68 ਲੋਕਾਂ ਦੀ ਮੌਤ ਹੋ ਗਈ। ਸਥਾਨਕ ਮੀਡੀਆ ਰਿਪੋਰਟਾਂ ਤੋਂ ਅਤੇ ਅਧਿਕਾਰੀਆਂ ਤੋਂ ਇਹ ਜਾਣਕਾਰੀ ਮਿਲੀ ਹੈ
ਇਸ ਤੋਂ ਪਹਿਲਾਂ ਕਾਸਤੀਲਾ-ਲਾ ਮਾਂਚਾ ਦੇ ਖੇਤਰੀ ਪ੍ਰਧਾਨ ਐਮੀਲੀਆਨੋ ਗਾਰਸੀਆ ਪੇਜ ਨੇ ਕਿਹਾ ਸੀ ਕਿ ਘੱਟੋ-ਘੱਟ 80 ਲੋਕ ਜ਼ਖ਼ਮੀ ਹੋਏ ਹਨ ਅਤੇ ਮ੍ਰਿਤਕਾਂ ਦੀ ਗਿਣਤੀ ਵਧ ਸਕਦੀ ਹੈ, ਕਿਉਂਕਿ ਬਚਾਅ ਟੀਮਾਂ ਮਲਬੇ ਹੇਠੋਂ ਜ਼ਿੰਦਾ ਬਚੇ ਲੋਕਾਂ ਦੀ ਭਾਲ ਕਰ ਰਹੀਆਂ ਹਨ।
ਕਾਸਤੀਲਾ-ਲਾ ਮਾਂਚਾ ਖੇਤਰ ਦੀ ਬੁਲਾਰਾ ਐਸਥਰ ਪਾਡਿਲਾ ਨੇ ਸਰਕਾਰੀ ਪ੍ਰਸਾਰਕ ‘ਟੀ ਵੀ ਈ’ (TVE) ਨੂੰ ਦੱਸਿਆ ਕਿ ਇੱਕੋ ਦਿਸ਼ਾ ਵਿੱਚ ਜਾ ਰਹੀਆਂ ਦੋ ਤੇਜ਼ ਰਫ਼ਤਾਰ ਰੇਲਗੱਡੀਆਂ ਹਾਦਸੇ ਦਾ ਸ਼ਿਕਾਰ ਹੋਈਆਂ। ਇੱਕ ਰੇਲਗੱਡੀ ਦੂਜੀ ਰੇਲਗੱਡੀ ਦੇ ਪਿਛਲੇ ਹਿੱਸੇ ਨਾਲ ਜਾ ਟਕਰਾਈ, ਜਿਸ ਕਾਰਨ ਉਸ ਦੇ ਦੋ ਡੱਬੇ ਪਟੜੀ ਤੋਂ ਉਤਰ ਗਏ। ਉਨ੍ਹਾਂ ਦੱਸਿਆ ਕਿ ਹਾਦਸੇ ਦੇ ਅਸਲ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ।
ਬੁਲਾਰਾ ਨੇ ਦੱਸਿਆ ਕਿ ਰਾਜਧਾਨੀ ਮੈਡ੍ਰਿਡ ਤੋਂ ਦੱਖਣ-ਪੱਛਮੀ ਸ਼ਹਿਰ ਸੇਵਿਲੇ ਵੱਲ ਜਾ ਰਹੀਆਂ ਦੋਵਾਂ ਰੇਲਗੱਡੀਆਂ ਵਿੱਚ ਸੈਂਕੜੇ ਮੁਸਾਫ਼ਰ ਸਵਾਰ ਸਨ। ਸਪੇਨ ਦੇ ਰੇਲ ਪ੍ਰਣਾਲੀ ਸੰਚਾਲਕ ‘ਏ ਡੀ ਆਈ ਐੱਫ.’ (ADIF) ਅਨੁਸਾਰ ਇਹ ਹਾਦਸਾ ਬੁੱਧਵਾਰ ਸਵੇਰੇ ਤੋਲੇਦੋ ਸੂਬੇ ਵਿੱਚ ਵਾਪਰਿਆ, ਜਿਸ ਤੋਂ ਬਾਅਦ ਮੈਡ੍ਰਿਡ, ਸਿਊਦਾਦ ਰੀਅਲ ਅਤੇ ਅੰਦਾਲੂਸੀਆ ਵਿਚਾਲੇ ਰੇਲ ਸੇਵਾਵਾਂ ਰੋਕ ਦਿੱਤੀਆਂ ਗਈਆਂ ਹਨ।
ਸਪੇਨ ਦੀ ਸਿਹਤ ਮੰਤਰੀ ਮੋਨਿਕਾ ਗਾਰਸੀਆ ਨੇ ‘ਟੀ ਵੀ ਈ’ ਨੂੰ ਦੱਸਿਆ ਕਿ ਬਚਾਅ ਕਾਰਜ ਵਿੱਚ ਲੱਗੇ ਕਰਮਚਾਰੀ ਸਭ ਤੋਂ ਵੱਧ ਨੁਕਸਾਨੇ ਗਏ ਦੋ ਡੱਬਿਆਂ ਵਿੱਚੋਂ ਜ਼ਿੰਦਾ ਬਚੇ ਲੋਕਾਂ ਅਤੇ ਮ੍ਰਿਤਕਾਂ ਦੀਆਂ ਦੇਹਾਂ ਨੂੰ ਬਾਹਰ ਕੱਢਣ ‘ਤੇ ਧਿਆਨ ਕੇਂਦਰਿਤ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਜ਼ਖ਼ਮੀਆਂ ਨੂੰ ਇਲਾਕੇ ਦੇ ਵੱਖ-ਵੱਖ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ ਜਾ ਰਿਹਾ ਹੈ।
ਇਸ ਹਾਦਸੇ ਵਿੱਚ ਸਪੇਨ ਦੀ ਸਰਕਾਰੀ ਕੰਪਨੀ ‘ਰੇਨਫੇ’ (Renfe) ਅਤੇ ਨਿੱਜੀ ਰੇਲ ਕੰਪਨੀ ‘ਇਰੀਓ’ (Iryo) ਦੀਆਂ ਰੇਲਗੱਡੀਆਂ ਸ਼ਾਮਲ ਸਨ। ਸਪੇਨੀ ਮੀਡੀਆ ਦੀਆਂ ਖ਼ਬਰਾਂ ਮੁਤਾਬਕ, ਅਜਿਹਾ ਜਾਪਦਾ ਹੈ ਕਿ ‘ਰੇਨਫੇ’ ਦੀ ਰੇਲਗੱਡੀ ਨੇ ‘ਇਰੀਓ’ ਦੀ ਰੇਲਗੱਡੀ ਨੂੰ ਪਿੱਛਿਓਂ ਟੱਕਰ ਮਾਰੀ। ਪਾਡਿਲਾ ਨੇ ਦੱਸਿਆ ਕਿ ‘ਰੇਨਫੇ’ ਦੀ ਰੇਲਗੱਡੀ ਵਿੱਚ 397 ਮੁਸਾਫ਼ਰ ਅਤੇ ‘ਇਰੀਓ’ ਦੀ ਰੇਲਗੱਡੀ ਵਿੱਚ 147 ਮੁਸਾਫ਼ਰ ਸਵਾਰ ਸਨ। ਇਸ ਤੋਂ ਪਹਿਲਾਂ ਜਨਵਰੀ ਵਿੱਚ ਵੀ ਇਨ੍ਹਾਂ ਦੋਵਾਂ ਕੰਪਨੀਆਂ ਦੀਆਂ ਰੇਲਗੱਡੀਆਂ ਵਿਚਾਲੇ ਇੱਕ ਭਿਆਨਕ ਹਾਦਸਾ ਵਾਪਰਿਆ ਸੀ।
ਐਮਰਜੈਂਸੀ ਸੇਵਾਵਾਂ, ਫਾਇਰ ਬ੍ਰਿਗੇਡ ਅਤੇ ਪੁਲੀਸ ਦੀ ਮਦਦ ਲਈ ਫ਼ੌਜ ਦੀ ਐਮਰਜੈਂਸੀ ਬ੍ਰਿਗੇਡ ਤਾਇਨਾਤ ਕੀਤੀ ਗਈ ਹੈ। ਐਂਬੂਲੈਂਸਾਂ ਅਤੇ ਹੈਲੀਕਾਪਟਰ ਸੇਵਾਵਾਂ ਘਟਨਾ ਵਾਲੀ ਥਾਂ ਤੋਂ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਉਣ ਵਿੱਚ ਜੁਟੀਆਂ ਹੋਈਆਂ ਹਨ, ਜਦਕਿ ਸੁਰੱਖਿਅਤ ਬਚੇ ਮੁਸਾਫ਼ਰਾਂ ਨੂੰ ਬੱਸਾਂ ਰਾਹੀਂ ਉੱਥੋਂ ਕੱਢਿਆ ਗਿਆ ਹੈ।